ਜਲੰਧਰ - ਡੀਜ਼ਲ ਦੀਆਂ ਕੀਮਤਾਂ ਵਿਚ 3 ਵਾਰ ਕਮੀ ਕੀਤੇ ਜਾਣ ਦੇ ਬਾਵਜੂਦ ਪਬਲਿਕ ਟਰਾਂਸਪੋਰਟ ਦੇ ਕਿਰਾਏ ਵਿਚ ਆਮ ਜਨਤਾ ਨੂੰ ਕੋਈ ਰਾਹਤ ਨਹੀਂ ਮਿਲੀ । ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਡੀਜ਼ਲ ਦੇ ਭਾਅ ਵਿਚ ਹੋਈ ਕਮੀ ਨਾਲ ਹੋਣ ਵਾਲਾ ਮੁਨਾਫਾ ਸੂਬੇ ਦੀ ਰੋਡਵੇਜ਼ ਡਕਾਰ ਗਈ ਹੈ ਜਦਕਿ ਡੀਜ਼ਲ ਦੇ ਭਾਅ ਘੱਟ ਹੋਣ ਕਾਰਨ ਕਿਰਾਇਆ ਘੱਟ ਹੋਣ ਦੀ ਉਮੀਦ ਲਗਾਈ ਬੈਠੇ ਯਾਤਰੀਆਂ ਦੀਆਂ ਉਮੀਦਾਂ ਨੂੰ ਭਾਰੀ ਝਟਕਾ ਲੱਗਾ ਹੈ। 18 ਅਕਤੂਬਰ ਨੂੰ ਡੀਜ਼ਲ ਦਾ ਰੇਟ ਸਰਕਾਰੀ ਕੰਟਰੋਲ ਤੋਂ ਬਾਹਰ ਕੀਤੇ ਜਾਣ ਦੇ ਤੁਰੰਤ ਬਾਅਦ ਤੇਲ ਕੰਪਨੀਆਂ ਨੇ ਡੀਜ਼ਲ ਦੇ ਭਾਅ ਵਿਚ 3.37 ਰੁਪਏ ਦੀ ਕਮੀ ਕੀਤੀ ਸੀ। ਇਸਦੇ ਬਾਅਦ 31 ਅਕਤੂਬਰ ਨੂੰ ਤੇਲ ਕੰਪਨੀਆਂ ਨੇ ਇਕ ਵਾਰ ਫਿਰ ਡੀਜ਼ਲ ਦੇ ਭਾਅ 2.25 ਰੁਪਏ ਪ੍ਰਤੀ ਲੀਟਰ ਘੱਟ ਕਰ ਦਿੱਤੇ। 30 ਨਵੰਬਰ ਦੀ ਮਹੀਨਾਵਾਰੀ ਸਮੀਖਿਆ ਦੌਰਾਨ ਤੇਲ ਕੰਪਨੀਆਂ ਨੇ ਇਕ ਵਾਰ ਫਿਰ ਡੀਜ਼ਲ ਦੇ ਰੇਟਾਂ ਵਿਚ 80 ਪੈਸੇ ਪ੍ਰਤੀ ਲੀਟਰ ਦੀ ਕਮੀ ਕੀਤੀ ਹੈ। ਇਸ ਤਰ੍ਹਾਂ ਤੇਲ ਕੰਪਨੀਆਂ ਪਿਛਲੇ 2 ਮਹੀਨਿਆਂ ਵਿਚ 6.47 ਰੁਪਏ ਪ੍ਰਤੀ ਲੀਟਰ ਦੀ ਕਮੀ ਕਰ ਚੁੱਕੀਆਂ ਹਨ। ਇਸ 'ਚ ਸੂਬਿਆਂ ਦੇ ਟੈਕਸ ਨੂੰ ਜੋੜ ਦਿੱਤਾ ਜਾਵੇ ਤਾਂ ਇਹ ਕਮੀ 7 ਰੁਪਏ ਪ੍ਰਤੀ ਲੀਟਰ ਤੋਂ ਉਪਰ ਬਣਦੀ ਹੈ।
ਆਟੋ ਕਿਰਾਇਆ ਵੀ ਜਿਊਂ ਦਾ ਤਿਊਂ
ਇਸ ਦਰਮਿਆਨ ਆਟੋ ਦਾ ਘੱਟੋ-ਘੱਟ ਕਿਰਾਇਆ 10 ਰੁਪਏ ਪ੍ਰਤੀ ਸਵਾਰੀ 'ਤੇ ਕਾਇਮ ਹੈ। ਆਟੋ ਦੇ ਘੱਟੋ-ਘੱਟ ਕਿਰਾਏ 'ਚ ਪਿਛਲੇ ਸਾਲ ਵਾਧਾ ਕੀਤਾ ਗਿਆ ਸੀ। ਡੀਜ਼ਲ ਦੇ ਰੇਟ ਅਤੇ ਪ੍ਰਤੀ ਆਟੋ ਸਵਾਰੀਆਂ ਦੀ ਗਿਣਤੀ ਨਿਰਧਾਰਤ ਕੀਤੇ ਜਾਣ ਦਾ ਹਵਾਲਾ ਦੇ ਕੇ ਆਟੋ ਦਾ ਘੱਟੋ-ਘੱਟ ਕਿਰਾਇਆ 10 ਰੁਪਏ ਕੀਤਾ ਗਿਆ ਸੀ ਪਰ ਹੁਣ ਡੀਜ਼ਲ, ਸੀ. ਐੱਨ. ਜੀ. ਸਸਤੀ ਹੋਣ ਦੇ ਬਾਵਜੂਦ ਆਮ ਜਨਤਾ ਨੂੰ ਰਾਹਤ ਨਹੀਂ ਦਿੱਤੀ ਗਈ।
ਟੈਕਸੀ ਦਾ ਕਿਰਾਇਆ ਵੀ ਨਹੀਂ ਘਟਿਆ
ਡੀਜ਼ਲ ਦੇ ਰੇਟਾਂ 'ਚ ਕਮੀ ਦੇ ਬਾਅਦ ਟੈਕਸੀ ਚਾਲਕਾਂ ਨੇ ਵੀ ਆਪਣੇ ਕਿਰਾਇਆਂ ਵਿਚ ਕੋਈ ਕਮੀ ਨਹੀਂ ਕੀਤੀ । ਟੈਕਸੀ ਦੇ ਕਿਰਾਏ ਅਕਤੂਬਰ ਮਹੀਨੇ ਵਾਲੇ ਪੱਧਰ 'ਤੇ ਹੀ ਬਣੇ ਹੋਏ ਹਨ। ਟੈਕਸੀ ਚਾਲਕ ਲਾਲੀ ਨੇ ਦੱਸਿਆ ਕਿ ਡੀਜ਼ਲ ਦੇ ਭਾਅ ਵਿਚ ਵਾਧੇ ਵੇਲੇ ਵੀ ਟੈਕਸੀ ਚਾਲਕਾਂ ਨੇ ਕਿਰਾਇਆ ਨਹੀਂ ਵਧਾਇਆ ਸੀ। ਲਿਹਾਜ਼ਾ ਹੁਣ ਰੇਟ ਘੱਟ ਹੋਣ 'ਤੇ ਕਿਰਾਏ 'ਚ ਕਮੀ ਨਹੀਂ ਕੀਤੀ ਗਈ। ਡੀਜ਼ਲ ਦੇ ਰੇਟ ਪਿਛਲੇ 1 ਸਾਲ ਵਿਚ 6 ਰੁਪਏ ਲੀਟਰ ਵਧੇ ਸੀ, ਜਦਕਿ 7 ਰੁਪਏ ਦੀ ਕਮੀ ਮਹਿਜ਼ ਡੇਢ ਮਹੀਨੇ 'ਚ ਹੋਈ ਹੈ।
ਅਕਤੂਬਰ 'ਚ ਮੂਧੇ-ਮੂੰਹ ਡਿੱਗਾ ਉਦਯੋਗਿਕ ਉਤਪਾਦਨ
NEXT STORY