ਸ਼ੰਕਰਾਚਾਰੀਆ ਨੂੰ ਜਦੋਂ ਉਨ੍ਹਾਂ ਦੇ ਚੇਲਿਆਂ ਨੇ ਪੁੱਛਿਆ ਕਿ ਇਸ ਸੰਸਾਰ ਚੱਕਰ ਤੋਂ ਮੁਕਤ ਹੋਣ ਦਾ ਕੀ ਉਪਾਅ ਹੈ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਸਿਰਫ ਵਿਚਾਰ ਹੀ ਉਸ ਦਾ ਉਪਾਅ ਹਨ। ਇਸ ਲਈ ਹਰੇਕ ਧਰਮ, ਭਾਈਚਾਰੇ ਤੇ ਜਾਤੀ ਦੇ ਮਹਾਨ ਪੁਰਸ਼ਾਂ ਨੇ ਸੁਝਾਅ ਦਿੱਤਾ ਹੈ ਕਿ ਜਿਸ ਦਿਸ਼ਾ ਵਿਚ ਤੁਸੀਂ ਆਪਣੀ ਸ਼ਖਸੀਅਤ ਨੂੰ ਵਿਕਸਿਤ ਕਰਨਾ ਚਾਹੁੰਦੇ ਹੋ, ਉਸ ਨਾਲ ਸੰਬੰਧਤ ਵਿਚਾਰ ਨੂੰ ਕਿਸੇ ਅਜਿਹੀ ਜਗ੍ਹਾ 'ਤੇ ਰੱਖੋ ਜਾਂ ਚਿਪਕਾਓ ਜਿਥੇ ਤੁਹਾਡੀ ਨਜ਼ਰ ਵਾਰ-ਵਾਰ ਜਾਂਦੀ ਹੋਵੇ।
ਸ਼੍ਰੀਮਦ ਭਾਗਵਤ ਗੀਤਾ ਵਿਚ ਸ਼੍ਰੀ ਕ੍ਰਿਸ਼ਨ ਨੇ ਸਪੱਸ਼ਟ ਕਿਹਾ ਹੈ ਕਿ ਮਨੁੱਖ ਨੂੰ ਆਪ ਹੀ ਆਪਣਾ ਉਦਾਰ ਕਰਨਾ ਪਵੇਗਾ। ਕੋਈ ਕਿਸੇ ਦੇ ਪਤਨ ਲਈ ਨਾ ਤਾਂ ਜ਼ਿੰਮੇਵਾਰ ਹੈ ਅਤੇ ਨਾ ਹੀ ਕੋਈ ਕਿਸੇ ਦੀ ਤਰੱਕੀ ਵਿਚ ਅੜਿੱਕਾ ਬਣ ਸਕਦਾ ਹੈ। ਮੰਥਰਾ ਨੇ ਕੈਕੇਈ ਵਿਚ ਤਬਦੀਲੀ ਕਿਵੇਂ ਕੀਤੀ? ਕਿਵੇਂ ਉਹ ਰਾਮ ਦੇ ਰਾਜਾ ਬਣਨ 'ਤੇ ਵਿਰੋਧੀ ਬਣ ਗਈ? ਕਿਵੇਂ ਉਸ ਨੇ ਆਪਣੇ ਪਤੀ ਦਸ਼ਰਥ ਦੀ ਮੌਤ ਦੀ ਪ੍ਰਵਾਹ ਨਹੀਂ ਕੀਤੀ? ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਤੁਹਾਨੂੰ ਆਪਣੇ ਵਿਚਾਰਾਂ ਦੀ ਤਬਦੀਲੀ ਦੇ ਆਲੇ-ਦੁਆਲੇ ਹੀ ਘੁੰਮਦਾ ਮਿਲੇਗਾ।
ਮਹਾਪੁਰਖਾਂ ਦੇ ਵਾਕਾਂ ਨੂੰ ਪੜ੍ਹਨ ਵੇਲੇ ਉਨ੍ਹਾਂ ਦੀ ਸ਼ਖਸੀਅਤ ਦੀ ਪ੍ਰਸਿੱਧੀ ਵੀ ਤੁਹਾਨੂੰ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਸੁੱਤਾ ਮਨ ਉਸੇ ਅਨੁਸਾਰ ਕਰਨ ਜਾਂ ਨਾ ਕਰਨ ਲਈ ਮਜਬੂਰ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਬੇਵਸੀ ਦੀ ਸਥਿਤੀ ਸ਼ਖਸੀਅਤ ਦੇ ਵਿਕਾਸ ਲਈ ਅਨੁਕੂਲ ਮਾਹੌਲ ਪੈਦਾ ਕਰਦੀ ਹੈ ਕਿਉਂਕਿ ਉਸ ਵੇਲੇ ਤੁਹਾਡੇ ਮਨ ਕੋਲ ਮਰਜ਼ੀ ਕਰਨ ਦਾ ਨਾ ਤਾਂ ਮੌਕਾ ਹੁੰਦਾ ਹੈ ਅਤੇ ਨਾ ਹੀ ਸਮਰੱਥਤਾ। ਤਜਰਬੇ ਵਿਚ ਇਕ ਹੋਰ ਗੱਲ ਸਾਹਮਣੇ ਆਈ ਹੈ ਕਿ ਕਦੇ-ਕਦੇ ਤੁਹਾਡੇ ਅਜਿਹੇ ਸ਼ੱਕ ਦਾ ਹੱਲ ਇਕ ਛੋਟਾ ਜਿਹਾ ਵਾਕ ਬਣ ਜਾਂਦਾ ਹੈ, ਜਿਸ ਦੇ ਲਈ ਤੁਸੀਂ ਲੰਮੇ ਸਮੇਂ ਤੋਂ ਭਟਕ ਰਹੇ ਹੁੰਦੇ ਹੋ।
ਗੱਲਬਾਤ ਕਰਨ ਵੇਲੇ, ਭਾਸ਼ਣ ਦੇਣ ਵੇਲੇ, ਬਹਿਸ ਕਰਨ ਵੇਲੇ ਜਾਂ ਲਿਖਣ ਵੇਲੇ ਜਦੋਂ ਤੁਸੀਂ ਇਨ੍ਹਾਂ ਵਾਕਾਂ ਰਾਹੀਂ ਆਪਣੇ ਕਥਨ ਦੀ ਪੁਸ਼ਟੀ ਕਰਦੇ ਹੋ ਤਾਂ ਤੁਹਾਡੀ ਗੱਲ ਵਿਚ ਵਜ਼ਨ ਆ ਜਾਂਦਾ ਹੈ। ਤੁਹਾਡੀ ਸ਼ਖਸੀਅਤ ਨੂੰ ਅਸਰਦਾਰ ਬਣਾਉਣ ਵਿਚ ਇਨ੍ਹਾਂ ਨਾਲ ਮਦਦ ਮਿਲਦੀ ਹੈ।