ਨਵੀਂ ਦਿੱਲੀ- ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਵੀਰਵਾਰ ਨੂੰ ਆਪਣਾ ਰੇਲ ਬਜਟ ਪੇਸ਼ ਕਰ ਦਿੱਤਾ ਹੈ। ਇਸ ਬਜਟ 'ਚ ਯਾਤਰੀ ਕਿਰਾਏ 'ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਪਰ ਇਸ ਦੇ ਨਾਲ ਹੀ ਇਹ ਬਜਟ ਲੋਕਾਂ ਲਈ ਨਿਰਾਸ਼ਾ ਵਾਲਾ ਵੀ ਰਿਹਾ, ਕਿਉਂਕਿ ਰੇਲ ਬਜਟ 'ਚ ਕੋਈ ਨਵੀਂ ਟ੍ਰੇਨ ਦਾ ਐਲਾਨ ਨਹੀਂ ਕੀਤਾ ਗਿਆ। ਰੇਲ ਮੰਤਰੀ ਵਲੋਂ 16 ਹਜ਼ਾਰ ਨਵੀਂਆਂ ਰੇਲ ਪਟੜੀਆਂ ਵਿਛਾਉਣ ਦੀ ਟੀਚਾ ਰੱਖਿਆ ਗਿਆ ਹੈ।
ਬਜਟ 'ਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸੀ. ਸੀ. ਟੀ. ਵੀ. ਕੈਮਰੇ ਲਾਉਣ ਦੀ ਗੱਲ ਕੀਤੀ ਗਈ ਅਤੇ ਰੇਲ ਗੱਡੀਆਂ ਦੀ ਰਫਤਾਰ ਵਧਾਉਣ ਦਾ ਵਾਅਦਾ ਕੀਤਾ ਗਿਆ। ਇਸ ਬਜਟ ਬਾਰੇ ਸਾਬਕਾ ਰੇਲ ਮੰਤਰੀ ਪਵਨ ਬੰਸਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਜੋ ਰੇਲ ਬਜਟ ਪੇਸ਼ ਕੀਤਾ ਹੈ ਉਹ ਬਹੁਤ ਨਿਰਾਸ਼ਾਜਨਕ ਹੈ। ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਸਹੂਲਤ ਲਈ ਕਿਰਾਇਆ ਘੱਟ ਹੋਣਾ ਚਾਹੀਦਾ ਸੀ। ਬੰਸਲ ਨੇ ਕਿਹਾ ਕਿ ਰੇਲ ਬਜਟ ਵਿਚ ਪੁਰਾਣੀਆਂ ਯੋਜਨਾਵਾਂ ਨੂੰ ਨਵਾਂ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਰੇਲ ਬਜਟ ਵਿਚ ਕੀਤੀ ਗਈ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਔਰਤਾਂ ਦੀ ਸੁਰੱਖਿਆ, ਸਫਾਈ ਅਤੇ ਆਧੁਨਿਕੀਕਰਨ ਨੂੰ ਬਜਟ 'ਚ ਤਰਜ਼ੀਹ ਦਿੱਤੀ ਗਈ ਹੈ ਪਰ ਉਸ 'ਚ ਕੁਝ ਨਵਾਂ ਨਹੀਂ ਹੈ, ਇਹ ਤਾਂ ਹਰ ਬਜਟ 'ਚ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸੁਰੇਸ਼ ਪ੍ਰਭੂ ਨੇ ਕਿਹਾ ਕਿ ਰੇਲ ਬਜਟ ਦੇ ਜ਼ਰੀਏ ਮਹਿੰਗਾਈ 'ਤੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਬੰਸਲ ਨੂੰ ਬਜਟ ਵਿਚ ਕਿਤੇ ਵੀ ਨਜ਼ਰ ਨਹੀਂ ਆਇਆ, ਜਿੱਥੇ ਮਹਿੰਗਾਈ ਘੱਟ ਕਰ ਸਕੇ।
ਯਾਤਰੀਆਂ ਲਈ ਵਧੀਆ ਖਬਰ, ਛੇਤੀ ਰੇਲ ਟਿਕਟ ਬੁੱਕ ਕਰਨ ਲਈ ਪੜ੍ਹੋ ਇਹ ਖਬਰ
NEXT STORY