ਮਹਿਲ ਕਲਾਂ (ਅਣਖੀ)- ਅਜੋਕੇ ਦੌਰ 'ਚ ਜਦੋਂ ਵਿਆਹ ਘਰੋਂ ਨਿਕਲ ਕੇ ਮਹਿੰਗੇ ਮੈਰਿਜ ਪੈਲੇਸਾਂ ਵਿਚ ਪਹੁੰਚ ਗਏ ਹਨ, ਦਿਨੋਂ ਦਿਨ ਵਧ ਰਹੀ ਦਹੇਜ ਵਰਗੀ ਸਮਾਜਿਕ ਬੁਰਾਈ ਨੇ ਵਿਆਹ ਵਪਾਰ ਬਣਾ ਦਿੱਤੇ ਹਨ। ਅਜਿਹੀ 'ਚ ਇਕ ਮਿਸਾਲ ਪਿੰਡ ਗਹਿਲ ਨਾਲ ਸਬੰਧਤ ਨੌਜਵਾਨ ਬਲਵਿੰਦਰ ਸਿੰਘ ਪੁੱਤਰ ਬੱਗਾ ਸਿੰਘ ਨੇ ਆਪਣਾ ਵਿਆਹ ਮਹਿਲ ਕਲਾਂ ਵਾਸੀ ਬੀਬੀ ਸਿਮਰਨਜੀਤ ਕੌਰ ਪੁੱਤਰੀ ਇਕਬਾਲ ਸਿੰਘ ਨਾਲ ਪੂਰਨ ਸਿੱਖ ਰਹੁ ਰੀਤਾਂ ਅਨੁਸਾਰ ਕਰਵਾ ਕੇ ਪੈਦਾ ਕੀਤੀ ਹੈ। ਇਸ ਵਿਆਹ ਦੀ ਵਿਲੱਖਣ ਗੱਲ ਇਹ ਸੀ ਕਿ ਨਾ ਤਾਂ ਲਾੜੇ ਨੇ ਵਿਆਹ ਮੌਕੇ ਸਿਹਰਾ ਸਜਾਇਆ ਅਤੇ ਨਾ ਕੁੜੀਆਂ ਨੇ ਰੀਬਨ ਕਟਵਾਉਣ ਦੀ ਰਸਮ ਕੀਤੀ। ਦੋਵਾਂ ਪਰਿਵਾਰਾਂ ਦੇ ਗੁਰਸਿੱਖ ਵਿਚਾਰਾਂ ਦੇ ਧਾਰਨੀ ਹੋਣ ਕਾਰਨ ਇਹ ਵਿਆਹ ਬਿਨਾਂ ਦਹੇਜ ਤੋਂ ਅਤੇ ਪੂਰਨ ਤੌਰ 'ਤੇ ਨਸ਼ਾ ਰਹਿਤ ਕੀਤਾ ਗਿਆ। ਵਿਆਹ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਪ੍ਰਸਿੱਧ ਕਥਾਵਾਚਕ ਭਾਈ ਪੰਥਪ੍ਰੀਤ ਸਿੰਘ ਖਾਲਸਾ ਭਾਈਬਖਤੌਰ ਵਾਲਿਆਂ ਨੇ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਪਦਾਰਥਵਾਦੀ ਸੋਚ ਨੇ ਵਿਆਹਾਂ ਨੂੰ ਇਨੇ ਖ਼ਰਚੀਲੇ ਬਣਾ ਦਿੱਤਾ ਹੈ ਕਿ ਵਿਆਹ ਆਮ ਆਦਮੀ ਲਈ ਬੋਝ ਬਣ ਗਏ ਹਨ ਪਰ ਅਜਿਹੇ ਸਾਦੇ ਵਿਆਹਾਂ ਤੋਂ ਸਮੂਹ ਲੋਕਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਸਮੇਂ ਦੀਆਂ ਸਰਕਾਰਾਂ ਨੂੰ ਵੀ ਦਹੇਜ ਪ੍ਰਥਾ ਵਰਗੀ ਸਮਾਜਿਕ ਬੁਰਾਈ 'ਤੇ ਮੁਕੰਮਲ ਪਾਬੰਦੀ ਲਾਉਣ ਤਾਂ ਜੋ ਮਾਪੇ ਧੀਆਂ ਨੂੰ ਬੋਝ ਸਮਝਣ ਦੀ ਬਜਾਏ ਪੁੱਤਰਾਂ ਵਾਂਗ ਉਨ੍ਹਾਂ ਦੀ ਪਰਵਰਿਸ਼ ਕਰਨ।
ਉਨ੍ਹਾਂ ਸਮੂਹ ਸੰਗਤ ਨੂੰ ਡੇਰਾਵਾਦ, ਪਖੰਡੀ ਸਾਧਾਂ ਅਤੇ ਵਹਿਮਾ ਭਰਮਾਂ ਦੇ ਚੱਕਰ 'ਚੋਂ ਨਿਕਲਣ ਅਤੇ ਅੰਮ੍ਰਿਤ ਛਕ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦੀ ਅਪੀਲ ਕੀਤੀ। ਇਸ ਸਮੇਂ ਗੁਰਮਤਿ ਸੇਵਾ ਲਹਿਰ ਦੇ ਆਗੂ ਨੰਬਰਦਾਰ ਗੁਰਮੇਲ ਸਿੰਘ ਖਾਲਸਾ, ਬਾਬਾ ਸ਼ੇਰ ਸਿੰਘ ਖਾਲਸਾ, ਪ੍ਰਧਾਨ ਸੁਖਪਾਲ ਸਿੰਘ ਕਲਾਲ ਮਾਜਰਾ, ਪ੍ਰਧਾਨ ਜਗਸੀਰ ਸਿੰਘ ਮਹਿਲ ਖੁਰਦ, ਗਿਆਨੀ ਕਰਮ ਸਿੰਘ, ਕੁਲਦੀਪ ਸਿੰਘ ਗਿੱਲ, ਮਲਕੀਤ ਸਿੰਘ ਮਹਿਲ ਖੁਰਦ, ਗੁਰਪ੍ਰੀਤ ਸਿੰਘ ਕਲਾਲ ਮਾਜਰਾ, ਸਤਨਾਮ ਸਿੰਘ ਮਹਿਲ ਕਲਾਂ, ਭਾਈ ਹਰੀ ਸਿੰਘ ਆਦਿ ਪਤਵੰਤਿਆਂ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਜੋੜੀ ਨੂੰ ਅਸ਼ੀਦਵਾਰ ਦਿੱਤਾ। ਇਲਾਕੇ ਅੰਦਰ ਪੂਰਨ ਗੁਰਮਰਿਯਾਦਾ, ਦਾਜ ਰਹਿਤ, ਨਸ਼ਾ ਰਹਿਤ ਇਸ ਵਿਆਹ ਦੀ ਖੂਬ ਪ੍ਰਸੰਸ਼ਾ ਹੋ ਰਹੀ ਅਤੇ ਲੋਕ ਇਸ ਨੂੰ ਇਕ ਸਕਾਰਾਤਮਕ ਸੋਚ ਦੀ ਮਿਸਾਲ ਦੱਸ ਰਹੇ ਹਨ।
ਬਾਜਵਾ ਹੋਏ ਫੇਲ ਲਾਲ ਸਿੰਘ ਲਿਆਉਣਗੇ ਕਾਂਗਰਸ ਦੇ ਚਿਹਰੇ 'ਤੇ ਲਾਲੀ!
NEXT STORY