ਨਵੀਂ ਦਿੱਲੀ, ਕ੍ਰਿਸ਼ਮਈ ਨੇਤਾ, ਮਹਾਨ ਕਵੀ ਅਤੇ ਵਿਰੋਧੀਆਂ ਵਿਚ ਵੀ ਸਨਮਾਨ ਦੇ ਪਾਤਰ ਰਹੇ ਰਾਜਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ੁੱਕਰਵਾਰ ਦੇਸ਼ ਦੇ ਸਭ ਤੋਂ ਚੋਟੀ ਦੇ ਨਾਗਰਿਕ ਪੁਰਸਕਾਰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਪ੍ਰੋਟੋਕੋਲ ਨੂੰ ਇਕ ਪਾਸੇ ਕਰਕੇ ਇਨ੍ਹੀਂ ਦਿਨੀਂ ਬੀਮਾਰ ਚਲ ਰਹੇ ਵਾਜਪਾਈ ਦੇ ਇਥੇ ਕ੍ਰਿਸ਼ਨ ਮੈਨਨ ਮਾਰਗ ਸਥਿਤ ਨਿਵਾਸ 'ਤੇ ਖੁਦ ਜਾ ਕੇ ਉਨ੍ਹਾਂ ਨੂੰ ਇਸ ਪੁਰਸਕਾਰ ਨਾਲ ਨਿਵਾਜਿਆ।
ਇਸ ਮੌਕੇ ਵਾਜਪਾਈ ਦੇ ਕੁਝ ਨਜ਼ਦੀਕੀ ਸੰਬੰਧੀ, ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਆਦਿ ਹਾਜ਼ਰ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਤੋਂ ਪਹਿਲਾਂ ਟਵੀਟ ਕੀਤਾ ਕਿ ਕਰੋੜਾਂ ਭਾਰਤ ਵਾਸੀਆਂ ਲਈ ਅੱਜ ਇਤਿਹਾਸਕ ਦਿਨ ਹੈ,ਜਦੋਂ ਅਟਲ ਬਿਹਾਰੀ ਵਾਜਪਾਈ ਨੂੰ ਭਾਰਤ ਰਤਨ ਪੁਰਸਕਾਰ ਦਿੱਤਾ ਜਾਵੇਗਾ।
ਰਾਸ਼ਟਰਪਤੀ ਵਲੋਂ ਵਾਜਪਾਈ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤੇ ਜਾਣ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਦੇ ਨਿਵਾਸ ਦੇ ਲਾਅਨ 'ਚ ਚਾਹ ਪਾਰਟੀ ਦਾ ਆਯੋਜਨ ਹੋਇਆ, ਜਿਸ ਵਿਚ ਹੋਰਨਾਂ ਤੋਂ ਇਲਾਵਾ ਕੁਝ ਕੇਂਦਰੀ ਮੰਤਰੀਆਂ ਅਤੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਮੁਫਤੀ ਮੁਹੰਮਦ ਸਈਦ ਸਮੇਤ ਕੁਝ ਸੂਬਿਆਂ ਦੇ ਮੁੱਖ ਮੰਤਰੀ ਹਾਜ਼ਰ ਰਹੇ। ਵਾਜਪਾਈ ਨੂੰ ਉਨ੍ਹਾਂ ਦੇ ਜਨਮ ਦਿਨ ਤੋਂ ਇਕ ਦਿਨ ਪਹਿਲਾਂ 24 ਦਸੰਬਰ ਨੂੰ ਭਾਰਤ ਰਤਨ ਦੇਣ ਸੰਬੰਧੀ ਫੈਸਲੇ ਦਾ ਐਲਾਨ ਕੀਤਾ ਗਿਆ ਸੀ। ਵਾਜਪਾਈ ਬੀਤੇ ਸਾਲ 25 ਦਸੰਬਰ ਨੂੰ 90 ਸਾਲ ਦੇ ਹੋ ਗਏ ਹਨ।
ਨਾਬਾਲਿਗਾ ਨਾਲ ਜਬਰ-ਜ਼ਨਾਹ, ਮਾਂ ਤੇ ਭਰਾ ਨੂੰ ਜ਼ਿੰਦਾ ਦਫਨਾਇਆ
NEXT STORY