ਨਵੀਂ ਦਿੱਲੀ, ਫਿਰਕਾਪ੍ਰਸਤੀ ਨੂੰ ਸਿਰੇ ਤੋਂ ਰੱਦ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਿਸੇ ਨੂੰ ਵੀ ਧਰਮ ਦੇ ਆਧਾਰ 'ਤੇ ਕਿਸੇ ਦੇ ਨਾਲ ਭੇਦਭਾਵ ਕਰਨ ਜਾਂ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ ਦਾ ਅਧਿਕਾਰ ਨਹੀਂ ਹੈ ਅਤੇ ਦੇਸ਼ ਸੰਵਿਧਾਨ ਦੇ ਦਾਇਰੇ ਵਿਚ ਚੱਲੇਗਾ।
ਪ੍ਰਧਾਨ ਮੰਤਰੀ ਨੇ ਲੋਕ ਸਭਾ ਵਿਚ ਕਿਹਾ ਕਿ ਕਿਸੇ ਨੂੰ ਵੀ ਧਰਮ ਦੇ ਆਧਾਰ 'ਤੇ ਕਿਸੇ ਦੇ ਨਾਲ ਭੇਦਭਾਵ ਕਰਨ ਦਾ ਅਧਿਕਾਰ ਨਹੀਂ ਹੈ। ਸਾਡਾ ਸੰਵਿਧਾਨ ਹਜ਼ਾਰਾਂ ਸਾਲਾਂ ਦੇ ਚਿੰਤਨ ਦਾ ਪ੍ਰਗਟਾਵਾ ਹੈ। ਦੇਸ਼ ਸੰਵਿਧਾਨ ਦੇ ਦਾਇਰੇ ਵਿਚ ਚੱਲੇਗਾ ਅਤੇ ਕਿਸੇ ਨੂੰ ਕਾਨੂੰਨ ਆਪਣੇ ਹੱਥ ਵਿਚ ਲੈਣ ਦਾ ਅਧਿਕਾਰ ਨਹੀਂ ਹੈ।
ਰਾਸ਼ਟਰਪਤੀ ਦੇ ਭਾਸ਼ਣ ਦੇ ਬਾਅਦ ਧੰਨਵਾਦ ਮਤੇ 'ਤੇ ਚਰਚਾ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ,''ਫਿਰਕਾਪ੍ਰਸਤੀ ਦੇ ਨਾਂ 'ਤੇ ਅਨਾਪ-ਸ਼ਨਾਪ ਬੋਲਣ ਵਾਲਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੇਰੀ ਸਰਕਾਰ ਦਾ ਇਕ ਹੀ ਧਰਮ ਹੈ.. ਭਾਰਤ ਸਭ ਤੋਂ ਪਹਿਲਾਂ, ਇਕ ਹੀ ਧਰਮ ਗ੍ਰੰਥ ਹੈ.. ਭਾਰਤ ਦਾ ਸੰਵਿਧਾਨ, ਇਕ ਹੀ ਭਗਤੀ ਹੈ.. ਭਾਰਤ ਭਗਤੀ, ਇਕ ਹੀ ਪੂਜਾ ਹੈ... ਸਵਾ ਸੌ ਕਰੋੜ ਦੇਸ਼ ਵਾਸੀਆਂ ਦਾ ਕਲਿਆਣ।''
ਮੋਦੀ ਨੇ ਆਪਣੀ ਭੂਮਿਕਾ ਬਾਰੇ ਆਪੋਜ਼ੀਸ਼ਨ ਵਲੋਂ ਪੁੱਛੇ ਜਾ ਰਹੇ ਸਵਾਲਾਂ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ 27 ਅਕਤੂਬਰ 2013 ਦੀ ਪਟਨਾ ਦੀ ਗਾਂਧੀ ਮੈਦਾਨ ਦੀ ਰੈਲੀ ਵਿਚ ਬੰਬ ਧਮਾਕਿਆਂ ਵਿਚਾਲੇ ਉਦੋਂ ਮੈਂ ਕਿਹਾ,''ਹਿੰਦੂਆਂ ਨੇ ਕਿਸ ਨਾਲ ਲੜਨਾ ਹੈ-ਮੁਸਲਮਾਨਾਂ ਨਾਲ ਜਾਂ ਗਰੀਬੀ ਨਾਲ ਅਤੇ ਮੁਸਲਮਾਨਾਂ ਨੇ ਕਿਸ ਨਾਲ ਲੜਨਾ ਹੈ-ਹਿੰਦੂਆਂ ਨਾਲ ਜਾਂ ਗਰੀਬੀ ਨਾਲ। ਬਹੁਤ ਹੋ ਗਿਆ ਆਓ ਅਸੀਂ ਰਲ ਕੇ ਗਰੀਬੀ ਨਾਲ ਲੜੀਏ।''
ਮੋਦੀ ਨੇ ਕਿਹਾ,''ਸਿਆਸੀ ਕਾਰਨਾਂ ਕਰਕੇ ਫਿਰਕਾਪ੍ਰਸਤੀ ਨੇ ਦੇਸ਼ ਨੂੰ ਤਬਾਹ ਕੀਤਾ ਹੈ। ਦਿਲਾਂ ਨੂੰ ਤੋੜਨ ਦਾ ਯਤਨ ਕੀਤਾ ਹੈ... ਹੁਣ ਸਵਾਲ ਪੁੱਛੇ ਜਾ ਰਹੇ ਹਨ ਸਾਡੀ ਭੂਮਿਕਾ 'ਤੇ?'' ਪ੍ਰਧਾਨ ਮੰਤਰੀ ਨੇ ਕਿਹਾ ਕਿ ਕ੍ਰਿਪਾ ਕਰਕੇ ਕਾਲਪਨਿਕ ਗੱਲਾਂ ਨੂੰ ਲੈ ਕੇ ਬਿਆਨਬਾਜ਼ੀ ਬੰਦ ਕਰੋ, ਇਹ ਦੇਸ਼ ਭਿਨਤਾਵਾਂ ਨਾਲ ਭਰਿਆ ਹੈ ਅਤੇ ਭਿੰਨਤਾ 'ਚ ਇਕਜੁਟਤਾ ਹੀ ਸਾਡੀ ਤਾਕਤ ਹੈ। ਅਸੀਂ ਇਕਰੂਪਤਾ ਦੇ ਪੱਖ ਵਿਚ ਨਹੀਂ ਹਾਂ, ਸਗੋਂ ਏਕਤਾ ਦੇ ਪੱਖ ਵਿਚ ਹਾਂ। ਸਾਰੇ ਭਾਈਚਾਰਿਆਂ ਦਾ ਫਲਣਾ ਫੁਲਣਾ ਭਾਰਤ ਦੀ ਹੀ ਧਰਤੀ 'ਤੇ ਹੁੰਦਾ ਹੈ।
ਗੌਰਤਲਬ ਹੈ ਕਿ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ 'ਤੇ ਹੋਈ ਚਰਚਾ ਦੌਰਾਨ ਕਈ ਦਲਾਂ ਦੇ ਮੈਂਬਰਾਂ ਨੇ ਇਹ ਸ਼ਿਕਾਇਤ ਕੀਤੀ ਸੀ ਕਿ ਪ੍ਰਧਾਨ ਮੰਤਰੀ ਨੇ ਫਿਰਕਾਪ੍ਰਸਤੀ ਦੇ ਬਾਰੇ ਸੰਸਦ ਵਿਚ ਕੁਝ ਨਹੀਂ ਕਿਹਾ। ਮੋਦੀ ਨੇ ਕਿਹਾ,''ਅਸੀਂ ਦੇਸ਼ ਨੂੰ ਸੰਵਿਧਾਨ ਦੇ ਢਾਂਚੇ ਦੇ ਦਾਇਰੇ ਵਿਚ ਅੱਗੇ ਵਧਾਉਣਾ ਚਾਹੁੰਦੇ ਹਾਂ, ਅਸੀਂ ਝੰਡੇ ਦੇ ਰੰਗ ਨੂੰ ਦੇਖ ਕੇ ਦੇਸ਼ ਦਾ ਵਿਕਾਸ ਨਹੀਂ ਕਰਦੇ, ਅਸੀਂ ਤਾਂ ਸਿਰਫ ਦੇਸ਼ ਦੇ ਤਿਰੰਗੇ ਦੇ ਰੰਗ ਨੂੰ ਦੇਖਦੇ ਹਾਂ, ਕਿਸੇ ਹੋਰ ਰੰਗ ਨੂੰ ਨਹੀਂ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਉਹ ਕਹਿੰਦੇ ਹਨ ਕਿ ਸਭ ਦਾ ਸਾਥ, ਸਭ ਦਾ ਵਿਕਾਸ ਤਾਂ ਰਾਸ਼ਟਰ ਦੇ ਵਿਕਾਸ ਵਿਚ ਸਾਨੂੰ ਸਭ ਦਾ ਸਹਿਯੋਗ ਕਰਨਾ ਚਾਹੀਦਾ ਹੈ।
ਮਨਰੇਗਾ ਨਾਕਾਮੀ ਦੀ ਨਿਸ਼ਾਨੀ : ਮੋਦੀ ਨੇ ਕਿਹਾ ਕਿ ਲੋਕ ਪੁੱਛਦੇ ਹਨ ਕਿ ਤੁਸੀਂ ਮਨਰੇਗਾ ਨੂੰ ਬੰਦ ਕਰ ਰਹੇ ਹੋ ਪਰ ਸਿਆਸੀ ਸੂਝਬੂਝ ਕਹਿੰਦੀ ਹੈ ਕਿ ਮਨਰੇਗਾ ਨੂੰ ਮੈਂ ਕਦੇ ਬੰਦ ਨਹੀਂ ਕਰਾਂਗਾ ਕਿਉਂਕਿ ਤੁਹਾਨੂੰ ਲੋਕਾਂ ਨੂੰ ਟੋਏ ਪੁੱਟਣ ਲਈ ਭੇਜਣਾ ਪਿਆ। ਇਹ ਤੁਹਾਡੀਆਂ ਅਸਫਲਤਾਵਾਂ ਦੀ ਨਿਸ਼ਾਨੀ ਹੈ। ਮੈਂ ਇਸ ਅਸਫਲਤਾ ਦਾ ਗਾਜੇ ਵਾਜੇ ਨਾਲ ਢੋਲ ਪਿੱਟਦਾ ਰਹਾਂਗਾ। ਮਨਰੇਗਾ ਚਲਦਾ ਰਹੇਗਾ, ਅਸੀਂ ਕੁਝ ਬੰਦ ਨਹੀਂ ਕਰਾਂਗੇ, ਸਗੋਂ ਇਸ ਵਿਚ ਕੁਝ ਨਵਾਂ ਜੋੜਾਂਗੇ ਤਾਂ ਕਿ ਲੋਕਾਂ ਨੂੰ ਪਤਾ ਲੱਗੇਗਾ ਕਿ ਤੁਸੀਂ ਕੀ ਕੀਤਾ ਹੈ?
ਕਾਲਾ ਧਨ ਲਿਆਵਾਂਗੇ : ਭ੍ਰਿਸ਼ਟਾਚਾਰ ਨੇ ਦੇਸ਼ ਨੂੰ ਬਰਬਾਦ ਕਰਕੇ ਰੱਖਿਆ ਹੈ। ਭ੍ਰਿਸ਼ਟਾਚਾਰ ਮੁਕਤ ਭਾਰਤ ਹੋ ਸਕਦਾ ਹੈ, ਸਭ ਨੂੰ ਮਿਲਕੇ ਲੜਨਾ ਹੋਵੇਗਾ। ਕਾਲੇ ਧਨ 'ਤੇ ਮੋਦੀ ਨੇ ਕਿਹਾ ਕਿ ਇਹ ਸਾਡੀ ਸਫਲਤਾ ਹੈ ਕਿ ਪਹਿਲੀ ਵਾਰ ਇਸ 'ਤੇ ਇੰਨੀ ਖੁੱਲ੍ਹੀ ਚਰਚਾ ਹੋਈ। ਅਸੀਂ ਇਸ ਚਰਚਾ ਲਈ ਮਜਬੂਰ ਕੀਤਾ। ਅਸੀਂ ਜੀ-20 ਵਿਚ ਕਾਲੇ ਧਨ ਅਤੇ ਡਰੱਗ ਸਮੱਗਲਿੰਗ 'ਤੇ ਗੱਲਬਾਤ ਕੀਤੀ। ਸਾਡਾ ਇਰਾਦਾ ਹੈ ਕਿ ਕਾਲੇ ਧਨ ਨੂੰ ਵਾਪਸ ਲਿਆਈਏ। ਕਾਲੇ ਧਨ ਵਾਲਿਆਂ ਨੂੰ ਨਹੀਂ ਛੱਡਾਂਗੇ। ਕਿਸੇ ਵੀ ਦੋਸ਼ੀ ਨੂੰ ਨਹੀਂ ਬਖਸ਼ਾਂਗੇ।
ਭੋਂ ਪ੍ਰਾਪਤੀ ਬਿੱਲ ਬਦਲਾਅ ਲਈ ਤਿਆਰ : ਭੋਂ ਪ੍ਰਾਪਤੀ ਬਿੱਲ ਕਿਸਾਨ ਵਿਰੋਧੀ ਨਹੀਂ ਹੈ। ਅਸੀਂ ਕਿਸਾਨਾਂ ਦੀ ਗੱਲ ਕਰਦੇ ਰਹਿੰਦੇ ਹਾਂ ਪਰ ਕੀ ਕਦੇ ਕਿਸਾਨਾਂ ਦੀਆਂ ਸਮੱਸਿਆਵਾਂ 'ਤੇ ਗੱਲ ਕੀਤੀ। ਕਿਸਾਨਾਂ ਲਈ ਜ਼ਮੀਨਾਂ ਦਾ ਹਾਲ ਜਾਣਨਾ ਜ਼ਰੂਰੀ ਹੈ। ਮਿੱਟੀ ਦੀ ਜਾਂਚ ਜ਼ਰੂਰੀ ਹੈ। ਛੁੱਟੀਆਂ ਵਿਚ ਲੈਬ ਕਿਸਾਨਾਂ ਲਈ ਹੋਣੀ ਚਾਹੀਦੀ ਹੈ। ਅਸੀਂ ਕਿਸਾਨਾਂ ਨੂੰ ਮੁਸੀਬਤਾਂ 'ਚੋਂ ਕੱਢਾਂਗੇ। ਕਿਸਾਨਾਂ ਦੇ ਹਿੱਤ ਵਿਚ ਕੋਈ ਕਾਨੂੰਨ ਨਹੀਂ ਹੈ ਤਾਂ ਉਸਨੂੰ ਬਦਲਣਾ ਹੀ ਹੋਵੇਗਾ।
ਸਾਫ ਸਫਾਈ ਸਭ ਦੀ ਜ਼ਿੰਮੇਵਾਰੀ : ਮੋਦੀ ਨੇ ਕਿਹਾ ਕਿ ਸਾਫ ਸਫਾਈ ਸਾਡੇ ਸਾਰਿਆਂ ਲਈ ਜ਼ਿੰਮੇਵਾਰੀ ਹੈ। ਤਿੰਨ ਮਹੀਨਿਆਂ ਤੋਂ ਬਨਾਰਸ ਦੇ ਅੱਸੀ ਘਾਟ ਦੀ ਸਫਾਈ ਚਲ ਰਹੀ ਹੈ।
ਗੁੱਡ ਗਵਰਨੈਂਸ ਵਲ : ਅਸੀਂ ਗੁੱਡ ਗਵਰਨੈਂਸ ਵਲ ਜਾ ਰਹੇ ਹਾਂ। ਲਾਲ ਫੀਤਾਸ਼ਾਹੀ ਨੂੰ ਖਤਮ ਕਰਕੇ ਆਮ ਆਦਮੀ ਦਾ ਰਾਹ ਆਸਾਨ ਬਣਾਉਣਾ ਚਾਹੁੰਦੇ ਹਾਂ। ਇਸਦੇ ਲਈ ਖੁਦ ਤਸਦੀਕ ਕਰਨ ਦੀ ਵਿਵਸਥਾ ਸ਼ੁਰੂ ਕੀਤੀ। ਸਾਡਾ ਸਿਸਟਮ ਕਹਿੰਦਾ ਹੈ ਕਿ ਰਿਟਾਇਰਡ ਕਰਮਚਾਰੀ ਨੂੰ ਪੈਨਸ਼ਨ ਲੈਣ ਲਈ ਆਪਣੇ ਜਿਊਂਦੇ ਹੋਣ ਦਾ ਸਬੂਤ ਦੇਣਾ ਹੋਵੇਗਾ, ਕੀ ਅਸੀਂ ਇਸ ਸਿਸਟਮ ਵਿਚ ਬਦਲਾਅ ਨਹੀਂ ਕਰ ਸਕਦੇ।
ਭਾਰਤ ਰਤਨ ਨਾਲ ਨਿਵਾਜੇ ਗਏ ਵਾਜਪਾਈ
NEXT STORY