ਕਾਸ਼ੀ ਦੇ ਜਗਤ-ਪ੍ਰਸਿੱਧ ਵਿਸ਼ਵਨਾਥ ਮੰਦਿਰ ਦੀ ਯਾਤਰਾ ਕਰਨ ਦੀ ਮੇਰੀ ਚਿਰਾਂ ਦੀ ਇੱਛਾ ਸੀ। ਯੋਗਾ ਨੰਦ ਨੂੰ ਉਨ੍ਹਾਂ ਦੇ ਗੁਰੂ ਸ਼੍ਰੀ ਯੁਕਤੇਸ਼ਵਰ ਕਾਸ਼ੀ 'ਚ ਹੀ ਮਿਲੇ ਸਨ ਤੇ ਮੈਂ ਆਸ ਕਰਦਾ ਸੀ ਕਿ ਕਾਸ਼ੀ (ਬਨਾਰਸ) ਵਿਚ ਮੈਨੂੰ ਕੋਈ ਯੋਗਾ ਗੁਰੂ ਮਿਲਣਗੇ, ਜੋ ਮੈਨੂੰ ਕੁੰਡਲਨੀ ਯੋਗ ਬਾਰੇ ਸਿੱਖਿਆ ਦੇਣਗੇ। ਬਨਾਰਸ (ਕਾਸ਼ੀ) ਤੇ ਯੋਰੋਸ਼ਲਮ ਦੁਨੀਆ ਦੇ 2 ਪ੍ਰਾਚੀਨ ਸ਼ਹਿਰ ਹਨ, ਜੋ ਅੱਜ ਵੀ ਪਹਿਲਾਂ ਵਾਲੀ ਹਾਲਤ 'ਚ ਜਿਊਂਦੇ-ਜਾਗਦੇ ਹਨ। ਰਿਸ਼ੀ ਕੁਟੀਆ ਗੁਰਾਇਆ ਦੇ ਮਹੰਤ ਪੂਜਯ ਸ਼੍ਰੀ 108 ਬਿਆਸ ਜੀ ਮਹਾਰਾਜ ਮੈਨੂੰ ਵਾਰ-ਵਾਰ ਕਹਿ ਰਹੇ ਸਨ, ''ਵੇ ਕਾਸ਼ੀ ਵਿਸ਼ਵਨਾਥ ਦੇ ਮੰਦਿਰ ਦੇ ਦਰਸ਼ਨ ਕਰਕੇ ਆਓ।'' ਪਿਛਲੇ ਸਾਲ ਮੈਂ ਬਨਾਰਸ ਜਾਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਰੇਲ ਦੀ ਟਿਕਟ ਨਾ ਮਿਲ ਸਕੀ। ਇਸ ਵਾਰ ਮੇਰਾ ਲੜਕਾ ਰਾਮਿੰਦਰ ਵੀ ਜਾਣ ਨੂੰ ਤਿਆਰ ਹੋ ਗਿਆ। ਅਸੀਂ ਬਨਾਰਸ ਦੇ ਇਕ ਹੋਟਲ 'ਚ ਕਮਰਾ ਬੁੱਕ ਕਰਾ ਲਿਆ।
ਸਾਨੂੰ ਹੈਰਾਨੀ ਹੋਈ ਕਿ ਲਖਨਊ ਤੋਂ ਬਨਾਰਸ ਤਕ ਰੇਲਵੇ ਦੀ ਇਕੋ ਲਾਈਨ ਹੈ। ਇਹ ਇਲਾਕਾ ਕਾਫੀ ਪੱਛੜਿਆ ਹੋਇਆ ਹੈ। ਇਸ ਇਲਾਕੇ ਵਿਚ ਭਾਰਤ ਦੇ ਤਿੰਨ ਦਿੱਗਜ ਨੇਤਾਵਾਂ ਦੇ ਹਲਕੇ ਹਨ। ਇਹ ਨੇਤਾ ਹਨ ਸੋਨੀਆ ਗਾਂਧੀ (ਰਾਇਬਰੇਲੀ), ਰਾਹੁਲ (ਅਮੇਠੀ) ਤੇ ਨਰਿੰਦਰ ਮੋਦੀ (ਬਨਾਰਸ)। ਇਨ੍ਹਾਂ ਦਿੱਗਜ ਨੇਤਾਵਾਂ ਦੇ ਬਾਵਜੂਦ ਇਥੇ ਰੇਲਵੇ ਲਾਈਨ ਇਕਹਿਰੀ ਹੈ ਤੇ ਇਲਾਕਾ ਪੱਛੜਿਆ ਹੋਇਆ ਸੀ।
ਗੱਡੀ ਨੇ ਬਨਾਰਸ ਸ਼ਾਮ 5.40 'ਤੇ ਪਹੁੰਚਣਾ ਸੀ ਪਰ ਇਹ ਰਾਤ ਦੇ ਸਾਢੇ ਦਸ ਵਜੇ ਪੁੱਜੀ। ਦੂਜੇ ਦਿਨ ਸਵੇਰੇ ਅਸੀਂ ਟੈਕਸੀ ਕਰਕੇ ਦਸ਼ਮੇਧ ਘਾਟ ਪਹੁੰਚੇ ਅਤੇ ਗੰਗਾ ਮਈਆ ਵਿਚ ਇਸ਼ਨਾਨ ਕੀਤਾ ਤੇ ਪਾਣੀ ਦੇ ਚੂਲੇ ਪੀਤੇ। ਦਸ਼ਮੇਧ ਘਾਟ ਦੇਖ ਕੇ ਮੈਨੂੰ ਯੋਗਾ ਨੰਦ ਵਲੋਂ ਆਪਣੀ ਪੁਸਤਕ ‘1n 1uto 2iography of 1 Yogi’ ਵਿਚ ਇਸ ਘਾਟ ਸੰਬੰਧੀ ਵਰਣਨ ਕੀਤੀਆਂ ਕਈ ਗੱਲਾਂ ਯਾਦ ਆ ਗਈਆਂ।
ਇਸ ਤੋਂ ਬਾਅਦ ਅਸੀਂ ਵਿਸ਼ਵਨਾਥ ਮੰਦਿਰ ਦੇ ਦਰਸ਼ਨ ਕਰਨ ਗਏ। ਬਨਾਰਸ ਦੀਆਂ ਪ੍ਰਾਚੀਨ ਗਲੀਆਂ ਬਹੁਤ ਭੀੜੀਆਂ ਹਨ ਤੇ ਵਿਸ਼ਵਨਾਥ ਦਾ ਮੰਦਿਰ ਬਹੁਤ ਹੀ ਭੀੜੀਆਂ ਗਲੀਆਂ ਵਿਚ ਹੈ। ਪੰਡਿਤ ਜੀ ਸਾਨੂੰ ਕਹਿਣ ਲੱਗੇ ਕਿ ਜੇ ਮੇਰੀ ਸਹਾਇਤਾ ਨਾਲ ਯਾਤਰਾ ਕਰੋਗੇ ਤਾਂ ਮੈਂ ਛੇਤੀ ਲੈ ਜਾਵਾਂਗਾ, ਨਹੀਂ ਤਾਂ ਤੁਹਾਨੂੰ 4-5 ਘੰਟੇ ਕਤਾਰ 'ਚ ਖੜ੍ਹਨਾ ਪਵੇਗਾ। ਅਸੀਂ ਪੰਡਿਤ ਜੀ ਨੂੰ ਪੁੱਛਿਆ, ''ਕਿੰਨੀ ਦੱਛਣਾ ਲਵੋਗੇ?'' ਪੰਡਿਤ ਜੀ ਕਹਿਣ ਲੱਗੇ, ''ਦੱਛਣਾ ਦੀ ਕੋਈ ਹੱਦ ਨਹੀਂ ਹੁੰਦੀ। ਤੁਹਾਡੇ ਮਹਾਰਾਜੇ ਰਣਜੀਤ ਸਿੰਘ ਨੇ ਢਾਈ ਮਣ ਸੋਨਾ ਦਾਨ ਕੀਤਾ ਸੀ। ਵਿਸ਼ਵਨਾਥ ਮੰਦਿਰ ਦੇ ਸੋਨੇ ਦੇ ਪੱਤਰੇ ਤੇ ਕਲਸ਼ ਉਸ ਸੋਨੇ ਦੇ ਹੀ ਬਣੇ ਹੋਏ ਹਨ।''
ਅਸੀਂ ਪੰਡਿਤ ਜੀ ਦੀ ਸਹਾਇਤਾ ਨਾਲ ਕਤਾਰ 'ਚ ਖੜ੍ਹੋੋ ਗਏ। ਪੰਡਿਤ ਜੀ ਨੇ ਸਾਨੂੰ ਉਹ ਚੀਜ਼ਾਂ ਦੇ ਦਿੱਤੀਆਂ, ਜੋ ਅਸੀਂ ਮੰਦਿਰ ਵਿਚ ਚੜ੍ਹਾਉਣੀਆਂ ਸਨ। ਇਨ੍ਹਾਂ ਵਿਚ ਧਤੂਰਾ ਵੀ ਸ਼ਾਮਿਲ ਸੀ। ਜ਼ਿੰਦਗੀ 'ਚ ਪਹਿਲੀ ਵਾਰ ਮੈਂ ਧਤੂਰਾ ਦੇਖਿਆ ਸੀ। ਅਸੀਂ ਮੰਦਿਰ ਵਿਚ ਮੱਥਾ ਟੇਕਿਆ। ਮੰਦਿਰ ਵਿਚ ਮੱਥਾ ਟੇਕਣ ਤੋਂ ਬਾਅਦ ਅਸੀਂ ਸਾਰਨਾਥ ਗਏ, ਜੋ ਬਨਾਰਸ ਦੇ ਲਾਗੇ ਹੀ ਹੈ।
ਇਥੇ ਮਹਾਤਮਾ ਬੁੱਧ ਨੇ ਪਹਿਲਾ ਉਪਦੇਸ਼ ਦਿੱਤਾ ਸੀ। ਮਾਹੌਲ ਪੂਰੀ ਤਰ੍ਹਾਂ ਸ਼ਾਂਤ ਸੀ। ਇਥੇ ਹੀ ਅਸੀਂ 4 ਸ਼ੇਰਾਂ ਵਾਲਾ ਸਤੰਭ ਦੇਖਿਆ। ਸਤੰਭ 'ਤੇ ਚਾਰ ਸ਼ੇਰਾਂ ਦੀ ਇਹ ਮੂਰਤੀ ਭਾਰਤ ਸਰਕਾਰ ਦਾ ਸਰਕਾਰੀ ਚਿੰਨ੍ਹ ਹੈ। ਇਥੇ ਥਾਈਲੈਂਡ ਵਾਲਿਆਂ ਦਾ ਇਕ ਬੋਧੀ ਮੰਦਿਰ ਹੈ, ਜਿਥੇ ਅਸੀਂ ਮੱਥਾ ਟੇਕਿਆ। ਉਹ ਸਤੂਪ ਵੀ ਦੇਖਿਆ, ਜਿਥੇ ਬੁੱਧ ਨੇ ਆਪਣੇ 5 ਸ਼ਿਸ਼ਾਂ ਨੂੰ ਪਹਿਲਾ ਉਪਦੇਸ਼ ਦਿੱਤਾ ਸੀ। ਸ਼ਾਮ ਨੂੰ ਗੰਗਾ ਮਈਆ ਦੇ ਘਾਟਾਂ 'ਤੇ ਆ ਕੇ ਅਸੀਂ ਆਰਤੀ ਦੇਖੀ। ਘਾਟਾਂ 'ਤੇ ਕਈ ਥਾਈਂ ਆਰਤੀ ਹੋ ਰਹੀ ਸੀ ਤੇ ਇਥੇ ਯਾਤਰੂਆਂ ਦੀ ਭੀੜ ਲੱਗੀ ਹੋਈ ਸੀ। ਬਹੁਤ ਸਾਰੇ ਵਿਦੇਸ਼ੀ ਲੋਕ ਵੀ ਬੜੀ ਉਤਸੁਕਤਾ ਨਾਲ ਆਰਤੀ ਦੇਖ ਰਹੇ ਸਨ ਤੇ ਫੋਟੋਆਂ ਖਿੱਚ ਰਹੇ ਸਨ। ਇਨ੍ਹਾਂ 'ਚੋਂ ਕਈ ਵਿਦੇਸ਼ੀ ਪੱਤਰਕਾਰ ਵੀ ਸਨ। ਬਹੁਤ ਸਾਰੇ ਲੋਕ ਦਰਿਆ 'ਚ ਕਿਸ਼ਤੀਆਂ ਵਿਚ ਵੀ ਬੈਠ ਕੇ ਆਰਤੀ ਦੇਖ ਰਹੇ ਸਨ। ਗੰਗਾ ਮਈਆ ਦੀਵਿਆਂ ਨਾਲ ਭਰੀ ਹੋਈ ਸੀ। ਮੇਰਾ ਲੜਕਾ ਰਾਮਿੰਦਰ ਵੀ ਦੋ ਦੀਵੇ ਲੈ ਆਇਆ। ਉਸ ਨੇ ਇਕ ਦੀਵਾ ਆਪਣੇ ਦਾਦੇ (ਮੇਰੇ ਬਾਪ) ਦੀ ਯਾਦ ਵਿਚ ਤਾਰਿਆ ਤੇ ਮੈਂ ਇਕ ਦੀਵਾ ਆਪਣੀ ਮਾਂ (ਉਸ ਦੀ ਦਾਦੀ) ਦੀ ਯਾਦ ਵਿਚ ਤਾਰਿਆ। ਆਰਤੀ ਰਾਤ ਦੇ 10 ਵਜੇ ਤਕ ਜਾਰੀ ਰਹੀ ਤੇ ਅਸੀਂ ਪੂਰੀ ਆਰਤੀ ਦੇਖ ਕੇ ਰਾਤ 11 ਵਜੇ ਹੋਟਲ ਵਿਚ ਪਹੁੰਚੇ।
ਸਵੇਰੇ ਤੜਕੇ ਹੀ ਅਸੀਂ ਗੰਗਾ ਦਰਿਆ 'ਤੇ ਸੂਰਜ ਦੇ ਨਿਕਲਣ ਦਾ ਨਜ਼ਾਰਾ ਦੇਖਣ ਗਏ। ਅਸੀਂ ਘਾਟ 'ਤੇ ਪਹੁੰਚੇ ਤੇ ਇਕ ਕਿਸ਼ਤੀ ਕਿਰਾਏ 'ਤੇ ਕੀਤੀ। ਕਿਸ਼ਤੀ ਵਾਲਾ ਨਾਲੇ ਤਾਂ ਸਾਨੂੰ ਕਿਸ਼ਤੀ ਵਿਚ ਘੁਮਾ ਰਿਹਾ ਸੀ ਤੇ ਨਾਲੇ ਵੱਖ-ਵੱਖ ਘਾਟਾਂ ਬਾਰੇ ਦੱਸ ਰਿਹਾ ਸੀ। ਸਭ ਤੋਂ ਪੁਰਾਣਾ ਘਾਟ ਰਾਜੇ ਹਰੀਚੰਦ ਦਾ ਘਾਟ ਹੈ। ਇਥੇ ਰਾਜੇ ਹਰੀਚੰਦ ਨੇ ਸਿਵਿਆਂ ਵਿਚ ਪਹਿਰੇਦਾਰ ਦੀ ਡਿਊਟੀ ਦਿੱਤੀ ਸੀ। ਸਭ ਤੋਂ ਪ੍ਰਸਿੱਧ ਘਾਟ ਦਸ਼ਮੇਧ ਘਾਟ ਹੈ। ਇਥੇ ਰਾਜੇ ਦਸ਼ਰਥ ਨੇ ਅਸ਼ਵਮੇਧ ਯੱਗ ਕੀਤਾ ਸੀ। ਇਕ ਘਾਟ 'ਤੇ ਸਿਵਾ ਬਲ ਰਿਹਾ ਸੀ। ਕਿਸ਼ਤੀ ਵਾਲੇ ਨੇ ਸਾਨੂੰ ਦੱਸਿਆ ਕਿ ਸ਼ਰਧਾਵਾਨ ਲੋਕ ਇਸ ਘਾਟ 'ਤੇ ਅੰਤਿਮ ਸੰਸਕਾਰ ਕਰਨਾ ਸ਼ੁਭ ਮੰਨਦੇ ਹਨ। ਦੂਰੋਂ-ਦੂਰੋਂ ਹਵਾਈ ਜਹਾਜ਼ਾਂ ਵਿਚ ਮੁਰਦਾ ਸਰੀਰ ਅੰਤਿਮ ਸੰਸਕਾਰ ਲਈ ਇਥੇ ਲਿਆਂਦੇ ਜਾਂਦੇ ਹਨ। ਕਈ ਘਾਟਾਂ ਦੇ ਨਾਂ ਰਾਜੇ-ਮਹਾਰਾਜਿਆਂ ਦੇ ਨਾਂ 'ਤੇ ਹਨ। ਇਨ੍ਹਾਂ ਘਾਟਾਂ 'ਤੇ ਉੱਚੀਆਂ-ਉੱਚੀਆਂ ਇਮਾਰਤਾਂ ਰਾਜੇ-ਮਹਾਰਾਜਿਆਂ ਨੇ ਬਣਾਈਆਂ ਸਨ। ਇਨ੍ਹਾਂ ਇਮਾਰਤਾਂ ਵਿਚ ਹੁਣ ਹੋਟਲ ਬਣ ਚੁੱਕੇ ਹਨ।
ਇਨ੍ਹਾਂ ਘਾਟਾਂ ਦੇ ਨੇੜੇ ਹੀ ਗੰਗਾ ਦਰਿਆ ਤੋਂ ਪਾਰ ਲਾਲ ਬਹਾਦਰ ਸ਼ਾਸਤਰੀ ਦਾ ਪਿੰਡ ਹੈ। ਸ਼ਾਸਤਰੀ ਜੀ ਉਸ ਪਿੰਡ ਤੋਂ ਦਰਿਆ ਵਿਚ ਤਰ ਕੇ ਬਨਾਰਸ ਪੜ੍ਹਨ ਆਇਆ ਕਰਦੇ ਸਨ। ਦਰਿਆ ਤੋਂ ਪਾਰ ਥਾਈਲੈਂਡ ਦੇ ਬੋਧੀਆਂ ਦਾ ਪਵਿੱਤਰ ਅਸਥਾਨ ਹੈ। ਬਨਾਰਸ ਵਿਚ ਕਈ ਮਹਾਪੁਰਸ਼ਾਂ ਦੇ ਪੈਰ ਪਏ। ਮਹਾਤਮਾ ਬੁੱਧ ਨੇ ਪਹਿਲਾ ਉਪਦੇਸ਼ ਬਨਾਰਸ ਦੇ ਨੇੜੇ ਸਾਰਨਾਥ 'ਚ ਦਿੱਤਾ। ਤੁਲਸੀਦਾਸ ਜੀ ਇਥੇ ਹੀ ਰਿਹਾ ਕਰਦੇ ਸਨ ਤੇ ਉਨ੍ਹਾਂ ਨੇ ਤੁਲਸੀ ਰਾਮਾਇਣ ਇਥੇ ਹੀ ਲਿਖੀ। ਗੁਰੂ ਨਾਨਕ ਦੇਵ ਜੀ ਵੀ ਪ੍ਰਚਾਰ ਲਈ ਇਥੇ ਆਏ ਤੇ ਇਥੇ ਇਕ ਵੱਡਾ ਗੁਰਦੁਆਰਾ ਹੈ, ਜੋ ਗੁਰੂ ਜੀ ਦੀ ਯਾਦ ਵਿਚ ਹੈ। ਕਬੀਰ ਦਾ ਪਿੰਡ ਬਨਾਰਸ ਦੇ ਬਿਲਕੁਲ ਲਾਗੇ ਹੀ ਹੈ। ਗੁਰੂ ਰਵਿਦਾਸ ਜੀ ਵੀ ਇਥੇ ਹੀ ਨਿਵਾਸ ਰੱਖਦੇ ਸਨ।
- ਅਮਰਜੀਤ ਸਿੰਘ ਗੁਰਾਇਆ, ਆਸਟ੍ਰੇਲੀਆ
ਧੰਨ-ਧੰਨ ਧੰਨਾ ਜੀ
NEXT STORY