ਲੇਖਕ ਕਾਲਾ ਤੂਰ ਤੁੰਗਾਂ ਦੀ ਪੁਸਤਕ 'ਦਿਨ ਉਹ ਨਾ ਰਹੇ' ਪਦਮ ਸ਼੍ਰੀ ਸੁਰਜੀਤ ਪਾਤਰ ਨੇ ਅੱਜ ਇੱਕ ਵਿਸ਼ੇਸ਼ ਮਿਲਣੀ ਦੌਰਾਨ ਰਿਲੀਜ਼ ਕੀਤੀ। ਪੁਸਤਕ ਲੋਕ ਅਰਪਣ ਕਰਦਿਆਂ ਸ਼੍ਰੀ ਸੁਰਜੀਤ ਪਾਤਰ ਨੇ ਕਿਹਾ ਕਿ ਨੌਜਵਾਨ ਲੇਖਕ ਹੀ ਕਿਸੇ ਸਾਹਿਤਕ ਵਿਹੜੇ ਦਾ ਸ਼ਿੰਗਾਰ ਹੁੰਦੇ ਹਨ। ਉਨ੍ਹਾਂ ਆਖਿਆ ਕਿ ਇਹੋ ਜਿਹੇ ਉਭਰ ਰਹੇ ਲੇਖਕਾਂ ਦਾ ਸਾਹਿਤਕ ਪਿੜ ਅੰਦਰ ਪ੍ਰਵੇਸ਼ ਉਨ੍ਹਾਂ ਨੂੰ ਅਥਾਹ ਖੁਸ਼ੀ ਪ੍ਰਦਾਨ ਕਰਦਾ ਹੈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੰਦਿਆ ਕਿਹਾ ਕਿ ਆਏ ਦਿਨ ਨਵੇਂ ਨਕੋਰ ਲੇਖਕਾਂ ਵੱਲੋਂ ਸਾਹਿਤਕ ਪੁਸਤਕਾਂ ਪੰਜਾਬੀਅਤ ਦੀ ਝੋਲੀ ਪਾਉਣੀਆਂ ਪੰਜਾਬੀ ਸਾਹਿਤ ਦੀ ਗੁੱਡੀ ਅੰਬਰੀਂ ਚੜ੍ਹਨ ਦਾ ਪੱਕਾ
ਸਬੂਤ ਹਨ। ਸ਼੍ਰੀ ਪਾਤਰ ਨੇ ਲੇਖਕ ਕਾਲਾ ਤੂਰ ਤੁੰਗਾਂ ਦੀਆਂ ਲਿਖ਼ਤਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਲੋਕ ਪੱਖੀ ਲਿਖਤਾਂ ਲਿਖਣ ਲਈ ਪ੍ਰੇਰਿਤ ਕੀਤਾ। ਉਧਰ ਲੇਖਕ ਕਾਲਾ ਤੂਰ ਤੁੰਗਾਂ ਨੇ ਕਿਹਾ ਕਿ ਪੰਜਾਬੀ ਸਾਹਿਤ ਦਾ ਥੰਮ ਮੰਨੇ ਜਾਂਦੇ ਸ਼੍ਰੀ ਸੁਰਜੀਤ ਪਾਤਰ ਤੋਂ ਆਪਣੀ ਪੁਸਤਕ ਰਿਲੀਜ਼ ਕਰਵਾਉਣਾ ਉਨ੍ਹਾਂ ਦਾ ਇੱਕ ਦਿਲੀ ਸੁਪਨਾ ਰਿਹਾ ਹੈ ਜਿਹੜਾ ਅੱਜ ਪੂਰਾ ਹੋ ਗਿਆ। ਸ਼੍ਰੀ ਪਾਤਰ ਨੇ ਲੇਖਕ ਤੁੰਗਾਂ ਦੀ ਇੱਕ ਲਿਖਤ 'ਪੰਜਾਬ ਬੋਲਦਾ' ਦੀ ਭਰਪੂਰ ਸ਼ਲਾਘਾ ਕੀਤੀ। ਲੇਖਕ ਸ਼੍ਰੀ ਕਾਲਾ ਤੂਰ ਤੁੰਗਾਂ ਨੇ ਕਿਹਾ ਕਿ ਉਨ੍ਹਾਂ ਇਹ ਪੁਸਤਕ ਆਪਣੇ ਵਿੱਛੜੇ ਦੋਸਤ ਸਵਰਗੀ ਸ਼੍ਰੀ ਰਗਵਿੰਦਰ ਸਿੰਘ ਅੰਬੀਂ ਦੀ ਯਾਦ ਨੂੰ ਸਮਰਪਿਤ ਕੀਤੀ ਹੈ ਜਿਹੜਾ ਕਿ ਕੁੱਝ ਸਮਾਂ ਪਹਿਲਾਂ ਹੀ ਭਰ ਜਵਾਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਲੇਖਕ ਕਾਲਾ ਤੂਰ ਤੁੰਗਾਂ ਨੇ ਤਿੰਨ ਹੋਰ ਪੁਸਤਕਾਂ 'ਅਸਾਂ ਕੱਲ ਤੁਰ ਜਾਣਾ', 'ਕਬੱਡੀ ਦੇ ਹੀਰੇ' ਅਤੇ 'ਮੇਰਾ ਪਿੰਡ' ਵੀ ਪੰਜਾਬੀਅਤ ਦੀ ਝੋਲੀ ਪਾਈਆਂ ਹਨ। ਪੁਸਤਕ ਰਿਲੀਜ਼ ਕਰਨ ਮੌਕੇ ਪ੍ਰਸਿੱਧ ਲੇਖਕ ਪ੍ਰਗਟ ਸਤੌਜ, ਡਾ. ਜਗਵੀਰ ਸਿੰਘ, ਜਤਿੰਦਰਪਾਲ ਸਿੰਘ, ਫ਼ਤਿਹ ਸਿੰਘ, ਬਲਰਾਮ ਸ਼ਰਮਾ, ਰਾਜਿੰਦਰ ਕੌਰ, ਰਾਜਿੰਦਰ ਸਿੰਘ ਚੱਠਾ, ਗੋਲ ਸਿੰਘ ਤੁੰਗਾਂ ਆਦਿ ਵੀ ਹਾਜ਼ਰ ਸਨ।
ਲੁਧਿਆਣੇ ਦੇ ਭਲਵਾਨ ਨੇ ਲੰਡਨ 'ਚ ਗੱਡੇ ਝੰਡੇ
NEXT STORY