ਇਕ ਵਾਰ ਇਕ ਸੈਨਿਕ ਦੀ ਨਿਯੁਕਤੀ ਮਾਰੂਥਲ ਇਲਾਕੇ ਵਿਚ ਹੋ ਗਈ। ਉਸਦੀ ਪਤਨੀ ਨੂੰ ਵੀ ਉਥੇ ਰਹਿਣ ਜਾਣਾ ਪਿਆ ਪਰ ਉਸਨੂੰ ਧੂੜ ਬਿਲਕੁਲ ਪਸੰਦ ਨਹੀਂ ਸੀ। ਸ਼ਹਿਰੀ ਮਾਹੌਲ ਵਿਚ ਪਲੀ ਇਸ ਔਰਤ ਨੂੰ ਉਥੋਂ ਦੇ ਸਥਾਨਕ ਨਿਵਾਸੀਆਂ ਦਾ ਸਾਥ ਵੀ ਪਸੰਦ ਨਹੀਂ ਸੀ। ਉਹ ਉਨ੍ਹਾਂ ਨੂੰ ਬਹੁਤ ਪੱਛੜੇ ਅਤੇ ਅਨਪੜ੍ਹ ਸਮਝਦੀ ਸੀ। ਇਕ ਦਿਨ ਦੁਖੀ ਹੋ ਕੇ ਉਸਨੇ ਆਪਣੇ ਮਾਤਾ-ਪਿਤਾ ਨੂੰ ਚਿੱਠੀ ਲਿਖੀ ਕਿ ਉਹ ਹੋਰ ਬਰਦਾਸ਼ਤ ਨਹੀਂ ਕਰ ਸਕਦੀ ਅਤੇ ਸਭ ਕੁਝ ਛੱਡ ਕੇ ਪੇਕੇ ਆਉਣਾ ਚਾਹੁੰਦੀ ਹੈ। ਇਥੇ ਰਹਿਣ ਨਾਲੋਂ ਤਾਂ ਜੇਲ ਵਿਚ ਰਹਿਣਾ ਚੰਗਾ ਹੈ।
ਜਵਾਬ ਵਿਚ ਉਸਦੇ ਜੇਲਰ ਪਿਤਾ ਨੇ ਉਸਨੂੰ 2 ਲਾਈਨਾਂ ਲਿਖ ਭੇਜੀਆਂ,''2 ਕੈਦੀਆਂ ਨੇ ਇਕੋ ਵੇਲੇ ਜੇਲ ਦੇ ਬਾਹਰ ਦੇਖਿਆ ਪਰ ਇਕ ਨੇ ਆਸਮਾਨ ਵਿਚ ਤਾਰੇ ਵੇਖੇ, ਜਦੋਂਕਿ ਦੂਜੇ ਨੇ ਜ਼ਮੀਨ ਵਿਚ ਚਿੱਕੜ।'' ਇਹ ਪੜ੍ਹ ਕੇ ਔਰਤ ਸੋਚ ਵਿਚ ਪੈ ਗਈ। ਉਸਨੂੰ ਲੱਗਾ ਕਿ ਪਿਤਾ ਨੇ ਠੀਕ ਲਿਖਿਆ ਹੈ ਕਿ ਦੁਨੀਆ ਇੰਨੀ ਵੀ ਬੁਰੀ ਨਹੀਂ ਹੈ। ਉਸਨੇ ਸਥਾਨਕ ਲੋਕਾਂ ਨਾਲ ਮੇਲ-ਜੋਲ ਵਧਾਉਣਾ ਸ਼ੁਰੂ ਕਰ ਦਿੱਤਾ। ਉਹ Àਨ੍ਹਾਂ ਨੂੰ ਆਪਣੀ ਕਲਾ ਦੇ ਬਿਹਤਰੀਨ ਨਮੂਨੇ ਭੇਟ ਸਰੂਪ ਦੇਣ ਲੱਗੀ। ਹੁਣ ਉਹ ਰੇਗਿਸਤਾਨ ਵਿਚ ਚੜ੍ਹਦੇ ਅਤੇ ਡੁੱਬਦੇ ਸੂਰਜ ਦਾ ਨਜ਼ਾਰਾ ਬੜੇ ਚਾਅ ਨਾਲ ਵੇਖਦੀ।
ਉਹੀ ਰੇਗਿਸਤਾਨ ਸੀ, ਉਥੇ ਰਹਿਣ ਵਾਲੇ ਲੋਕ ਵੀ ਉਹੀ ਸਨ। ਕੁਝ ਵੀ ਨਹੀਂ ਬਦਲਿਆ ਸੀ। ਅਸਲ ਵਿਚ ਉਸਦਾ ਮਨ ਬਦਲ ਗਿਆ ਸੀ। ਜੋ ਚੀਜ਼ਾਂ ਪਹਿਲਾਂ ਉਸਨੂੰ ਕਸ਼ਟਦਾਇਕ ਲੱਗਦੀਆਂ ਸਨ ਹੁਣ ਉਸਨੇ ਉਨ੍ਹਾਂ ਨੂੰ ਬੇਹੱਦ ਦਿਲਚਸਪ ਅਤੇ ਰੋਮਾਂਚਕਾਰੀ ਅਨੁਭਵਾਂ ਵਿਚ ਬਦਲ ਲਿਆ ਸੀ। ਇਸ ਤਰ੍ਹਾਂ ਉਹ ਉਸੇ ਪੁਰਾਣੀ ਦੁਨੀਆ ਵਿਚ ਨਵੇਂ ਨਜ਼ਰੀਏ ਨਾਲ ਬੇਹੱਦ ਖੁਸ਼ ਹੋ ਕੇ ਰਹਿਣ ਲੱਗੀ।
ਇਸ ਸਿਧਾਂਤ 'ਤੇ ਆ ਜਾਈਏ ਤਾਂ ਅਸ਼ਾਂਤੀ ਦੂਰ ਹੋ ਜਾਵੇਗੀ
NEXT STORY