ਪਿਛਲੇ ਕੁਝ ਦਿਨਾਂ ਦੌਰਾਨ ਰਾਜਸਥਾਨ ਵਿੱਚ ਗੁੱਜਰ ਜਾਤ ਨਾਲ ਸਬੰਧਤ ਲੋਕ ਆਪਣੇ ਲਈ ਰਾਖਵੇਂ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਅਤੇ ਉਨ੍ਹਾਂ ਰਾਜਸਥਾਨ ਵਿੱਚ ਅਨੇਕਾਂ ਹੀ ਥਾਵਾਂ ਤੇ ਟਰੇਨਾਂ ਅਤੇ ਰਸਤੇ ਰੋਕ ਰੱਖੇ ਹਨ ਜਿਸ ਕਾਰਨ ਆਮ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ। ਪੰਜਾਬ ਵਿੱਚ ਵੀ ਸਮੇਂ-ਸਮੇਂ ਤੇ ਹੋ ਰਹੇ ਰਸਤਾ ਰੋਕੋ ਅੰਦੋਲਨ ਆਮ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਦੇ ਹਨ। ਪੰਜਾਬ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਬੇਰੁਜਗਾਰ ਅਧਿਆਪਕਾਂ, ਨਰਸਾਂ, ਲਾਈਨਮੈਨਾਂ ਅਤੇ ਕਿਸਾਨ ਜੱਥੇਬੰਦੀਆਂ ਆਪਣੀਆਂ-ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਹਨ। ਹੁਣ ਬੱਸ ਅਪਰੇਟਰ ਵੀ ਰਸਤਾ ਰੋਕਣ ਦੇ ਰਾਤ ਤੁਰ ਪਏ ਹਨ ਪਰ ਸੰਘਰਸ਼ਾਂ ਦੌਰਾਨ ਸਭ ਤੋਂ ਦੁਖਦਾਈ ਤੱਥ ਇਹ ਸਾਹਮਣੇ ਆਇਆ ਹੈ ਕਿ ਸੰਘਰਸ਼ਸ਼ੀਲ ਜੱਥੇਬੰਦੀਆਂ ਥੌੜੀ ਜਿਹੀ ਗੱਲ ਤੇ ਸੜਕਾਂ ਅਤੇ ਰੇਲਵੇ ਲਾਈਨਾਂ ਤੇ ਜਾਮ ਲਗਾ ਕੇ ਬੈਠ ਜਾਂਦੀਆਂ ਹਨ, ਜਿਸ ਕਾਰਨ ਆਮ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ। ਕਈ ਵਾਰ ਸੀਰੀਅਸ ਮਰੀਜ਼ ਹਸਪਤਾਲ ਜਾ ਰਹੇ ਹੁੰਦੇ ਹਨ ਉਹ ਜਾਮ ਵਿੱਚ ਫੱਸ ਕੇ ਬਹੁਤ ਖੱਜਲ ਖੁਆਰ ਹੁੰਦੇ ਹਨ ਅਤੇ ਮਰੀਜ਼ ਦੀ ਹਾਲਤ ਹੋਰ ਖਰਾਬ ਹੋ ਜਾਂਦੀ ਹੈ।
ਅਨੇਕਾਂ ਵਾਰ ਇੰਟਰਵਿਊ ਦੇਣ ਜਾ ਰਹੇ ਬੇਰੁਜ਼ਗਾਰ ਅਤੇ ਇਮਤਿਹਾਨ ਦੇ ਜਾ ਰਹੇ ਵਿਦਿਆਰਥੀ ਵੀ ਇਸ ਤਰਾਂ ਦੇ ਰਸਤਾ ਰੋਕੋ ਅੰਦੋਲਨਾਂ ਵਿੱਚ ਫੱਸ ਕੇ ਖੱਜਲ-ਖੁਆਰ ਹੁੰਦੇ ਹਨ ਅਤੇ ਕਈ ਤਾਂ ਆਪਣਾ ਇਮਤਿਹਾਨ ਜਾਂ ਇੰਟਰਵਿਊ ਦੇਣ ਦਾ ਚਾਂਸ ਵੀ ਗੁਆ ਬੈਠਦੇ ਹਨ। ਹੁਣ ਤਾਂ ਲੋਕ ਛੋਟੀਆਂ-ਛੋਟੀਆਂ ਗੱਲਾਂ ਤੇ ਹੀ ਰਸਤਾ ਰੋਕਣ ਲੱਗ ਪਏ ਹਨ। ਕਿਤੇ ਕੋਈ ਚੋਰੀ ਹੋ ਜਾਵੇ ਤਾਂ ਰਸਤਾ ਰੋਕ ਲਓ, ਕੋਈ ਮੁਲਜ਼ਮ ਨਾ ਫੜਿਆ ਜਾਵੇ ਤਾਂ ਰਸਤਾ ਰੋਕ ਲਓ, ਕੋਈ ਵਿਅਕਤੀ ਐਕਸੀਡੈਂਟ ਵਿੱਚ ਮਾਰਿਆ ਜਾਵੇ ਤਾਂ ਰਸਤਾ ਰੋਕ ਲਓ। ਪੰਜਾਬ ਦੀ ਆਮ ਜਨਤਾ ਹਰ ਤਰਾਂ ਰਸਤਾ ਰੋਕੋ ਜਾਂ ਰੇਲ ਰੋਕੋ ਅੰਦੋਲਨਾਂ ਦੇ ਸਖਤ ਖਿਲਾਫ ਹੈ ਕਿਉਂਕਿ ਇਸ ਤਰਾਂ ਦੇ ਅੰਦੋਲਨਾਂ ਨਾਲ ਕੁਝ ਹਾਸਲ ਹੋਵੇ ਜਾਂ ਨਾ ਪਰ ਆਮ ਆਦਮੀ ਨੂੰ ਬਹੁਤ ਜਿਆਦਾ ਪਰੇਸ਼ਾਨੀ ਹੁੰਦੀ ਹੈ।
ਜੇਕਰ ਕਿਸੇ ਜੱਥੇਬੰਦੀ ਜਾਂ ਵਿਅਕਤੀ ਨੂੰ ਕੋਈ ਸਮੱਸਿਆ ਹੈ ਤਾਂ ਉਹ ਮੁੱਖ ਮੰਤਰੀ, ਸਬੰਧਤ ਮੰਤਰੀ, ਡਿਪਟੀ ਕਮਿਸ਼ਨਰ ਜਾਂ ਐਸ. ਐਸ. ਪੀ. ਵਗੈਰਾ ਨਾਲ ਰਾਬਤਾ ਕਾਇਮ ਕਰਨ ਅਤੇ ਜੇਕਰ ਇਹ ਅਫਸਰ ਜਾਂ ਮੰਤਰੀ ਲੋਕਾਂ ਦੀ ਸਮੱਸਿਆ ਦਾ ਹੱਲ ਨਹੀਂ ਕਰਦੇ ਤਾਂ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਬੰਧਤ ਮੰਤਰੀ ਜਾਂ ਅਫਸਰ ਦੇ ਦਫਤਰ ਜਾਂ ਘਰ ਦਾ ਘਿਰਾਓ ਕਰਨ ਨਾ ਕਿ ਆਮ ਲੋਕਾਂ ਦੇ ਰਸਤੇ ਰੋਕਣ ਕਿਉਂਕਿ ਆਮ ਲੋਕਾਂ ਕੋਲ ਕਿਸੇ ਸਮੱਸਿਆ ਦਾ ਕੋਈ ਹੱਲ ਨਹੀਂ ਹੈ, ਹੱਲ ਤਾਂ ਮੰਤਰੀਆਂ ਅਤੇ ਅਫਸਰਾਂ ਨੇ ਕਰਨਾ ਹੈ ਫਿਰ ਆਮ ਲੋਕਾਂ ਨੂੰ ਪਰੇਸ਼ਾਨ ਕਿਓਂ ਕੀਤਾ ਜਾਵੇ। ਇੱਥੇ ਇਹ ਤੱਥ ਵੀ ਨੋਟ ਕਰਨ ਵਾਲਾ ਹੈ ਕਿ ਪੁਲਸ ਜਾਂ ਸਰਕਾਰ ਵੀ ਆਮ ਲੋਕਾਂ ਦਾ ਰਸਤਾ ਰੋਕਣ ਵਾਲਿਆਂ ਨੂੰ ਕੁਝ ਨਹੀਂ ਕਹਿੰਦੀ ਹਾਂ ਪਰ ਜੇਕਰ ਜੱਥੇਬੰਦੀਆਂ ਕਿਸੇ ਮੰਤਰੀ ਜਾਂ ਅਫਸਰ ਦਾ ਘਿਰਾਓ ਕਰਨ ਲੈਣ ਤਾਂ ਪੁਲਸ ਤੁਰੰਤ ਡਾਂਗ ਵਰਾ ਦਿੰਦੀ ਹੈ ਅਤੇ ਰਸਤਾ ਰੋਕਣ ਵਾਲਿਆਂ ਤੇ ਕੇਸ ਵੀ ਦਰਜ਼ ਕਰਦੀ ਹੈ। ਕਈ ਵਾਰ ਤਾਂ ਇੰਝ ਲੱਗਦਾ ਹੈ ਕਿ ਰਸਤਾ ਰੋਕਣ ਅੰਦੋਲਨ ਕਰਨ ਵਾਲੇ ਲੋਕ, ਮੰਤਰੀ, ਪੁਲਸ ਅਤੇ ਅਫਸਰ ਆਮ ਲੋਕਾਂ ਨੂੰ ਖੱਜਲ-ਖੁਆਰ ਕਰਨ ਲਈ ਆਪਸ ਵਿੱਚ ਮਿਲੇ ਹੋਏ ਹੋਣ।
ਉਦੋਂ ਹੋਰ ਵੀ ਦੁੱਖ ਹੁੰਦਾ ਹੈ ਜਦੋਂ ਪੜੇ-ਲਿਖੇ ਬੁੱਧੀਜੀਵੀ ਲੋਕ ਇਸ ਤਰਾਂ ਦੇ ਅੰਦੋਲਨਾਂ ਚ ਸ਼ਾਮਲ ਹੁੰਦੇ ਹਨ। ਜਨਤਕ ਜੱਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਰਸਤੇ ਰੋਕ ਕੇ ਆਮ ਲੋਕਾਂ ਲਈ ਪਰੇਸ਼ਾਨੀਆਂ ਪੈਦਾ ਨਾ ਕਰਨ। ਈ. ਟੀ. ਟੀ ਅਧਿਆਪਕਾਂ, ਨਰਸਾਂ, ਬੇਰੁਜਗਾਰਾਂ, ਕਿਸਾਨਾਂ ਜਾਂ ਹੋਰ ਰਾਜਨੀਤਿਕ ਪਾਰਟੀਆਂ ਦਾ ਸੰਘਰਸ਼ ਜਾਇਜ਼ ਹਨ, ਪਰ ਆਮ ਲੋਕਾਂ ਦੇ ਰਸਤੇ ਰੋਕਣ ਨਾਲ ਕੋਈ ਹੱਲ ਨਹੀਂ ਹੋਣ ਲੱਗਾ। ਰਸਤਾ ਰੋਕਣ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਵੱਡੇ ਲੀਡਰਾਂ ਜਾਂ ਅਫਸਰਾਂ ਦਾ ਰਸਤਾ ਰੋਕਣ, ਨਾ ਕਿ ਆਮ ਲੋਕਾਂ ਨੂੰ ਪਰੇਸ਼ਾਨ ਕਰਨ। ਅੰਨਾ ਹਜ਼ਾਰੇ ਅਤੇ ਕੇਜ਼ਰੀਵਾਲ ਨੇ ਪਿਛਲੇ ਸਮਿਆਂ ਦੌਰਾਨ ਅਨੇਕਾਂ ਹੀ ਅੰਦੋਲਨ ਕੀਤੇ ਅਤੇ ਧਰਨੇ ਮਾਰੇ ਪਰ ਉਨ੍ਹਾਂ ਨੇ ਅੱਜ ਤੱਕ ਕਦੇ ਵੀ ਕੋਈ ਰਸਤਾ ਜਾਮ ਨਹੀਂ ਕੀਤਾ। ਜੱਥੇਬੰਦੀਆਂ ਨੂੰ ਅੰਨਾ ਹਜ਼ਾਰੇ ਅਤੇ ਅਰਵਿੰਦ ਕੇਜ਼ਰੀਵਾਲ ਦੇ ਨਕਸ਼ੇ ਕਦਮ ਤੇ ਚੱਲ ਕੇ ਸੰਘਰਸ਼ ਕਰਨਾ ਚਾਹੀਦਾ ਹੈ।
ਰਾਜੀਵ ਬਰਨਾਲਾ
ਨੈੱਟਵਰਕ ਦੀਆਂ ਤਾਰਾਂ ਬਣ ਰਹੀਆਂ ਨੇ ਹਾਦਸਿਆਂ ਦਾ ਕਾਰਨ
NEXT STORY