ਜਲੰਧਰ— ਉਹ ਉਦਾਸ ਗੀਤਾਂ ਦਾ ਜਾਦੂਗਰ ਸੀ ਤੇ ਉਸ ਦੀ ਮੌਤ ਨਾਲ ਸਾਰਾ ਪੰਜਾਬੀ ਸੰਗੀਤ ਜਗਤ ਉਦਾਸ ਹੋ ਗਿਆ। ਅਸੀਂ ਗੱਲ ਕਰ ਰਹੇ ਹਾਂ ਮਸ਼ਹੂਰ ਪੰਜਾਬੀ ਗਾਇਕ ਧਰਮਪ੍ਰੀਤ ਦੀ, ਜਿਸ ਨੇ ਖੁਦਕੁਸ਼ੀ ਕਰਕੇ ਆਪਣੇ ਮਿੱਠੀ ਆਵਾਜ਼ ਨੂੰ ਸਦਾ ਲਈ ਇਕ ਚੁੱਪ 'ਚ ਤਬਦੀਲ ਕਰ ਦਿੱਤਾ ਪਰ ਉਸ ਦੀ ਮੌਤ ਨੇ ਕਈ ਲੋਕਾਂ ਨੂੰ ਬੋਲਣ 'ਤੇ ਮਜ਼ਬੂਰ ਕੀਤਾ। ਉਸ ਲਈ ਗੀਤ ਲਿਖਣ ਵਾਲੇ ਮਸ਼ਹੂਰ ਗੀਤਕਾਰ ਅਮਰਦੀਪ ਗਿਲ ਦਾ ਆਪਣਾ ਦਰਦ ਲਕੋ ਨਾ ਸਕੇ ਤੇ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਧਰਮਪ੍ਰੀਤ ਤੇ ਉਸ ਦੀ ਪੀੜ੍ਹੀ ਦੇ ਗਾਇਕ ਲੋਕ ਗਾਇਕ ਸਨ। ਅੱਜ ਤੋਂ ਬਾਅਦ ਕੋਈ ਲੋਕ ਗਾਇਕ ਨਹੀਂ ਹੋਵੇਗਾ। ਅੱਜ ਦੇ ਗਾਇਕ ਯੂਟਿਊਬ ਤੇ ਇੰਟਰਨੈੱਟ ਦੇ ਗਾਇਕ ਹਨ। ਧਰਮਪ੍ਰੀਤ ਤੇ ਬਲਕਾਰ ਸਿੱਧੂ ਵਰਗੇ ਗਾਇਕ ਸ਼ਾਇਦ ਲੋਕ ਗਾਇਕਾਂ ਦੀ ਆਖਰੀ ਪੀੜ੍ਹੀ ਹਨ। ਉਨ੍ਹਾਂ ਕਿਹਾ ਕਿ ਜਿਵੇਂ ਪਾਕਿਸਤਾਨ ਵਿਚ ਅਕਰਮ ਰਾਹੀ ਅਤੇ ਅਤਾਉੱਲਾ ਖਾਨ ਹਨ, ਉਸੇ ਤਰ੍ਹਾਂ ਧਰਮਪ੍ਰੀਤ ਪੰਜਾਬ 'ਚ ਉਦਾਸ ਗਾਇਕੀ ਦਾ ਕੋਹੇਨੂਰ ਸੀ। ਇਕ ਸਮਾਂ ਸੀ ਜਦੋਂ ਧਰਮਪ੍ਰੀਤ, ਗੀਤਕਾਰ ਭਿੰਦਰ ਡੱਬਵਾਲੀ, ਸਚਿਨ ਅਹੂਜਾ ਦੇ ਮਿਲ ਕੇ ਕੀਤੇ ਕੰਮ ਦੀ ਤੂਤੀ ਬੋਲਦੀ ਸੀ। ਇੰਟਰਨੈੱਟ ਦੇ ਗਾਇਕਾਂ ਦੇ ਯੁੱਗ ਦੇ ਗਾਇਕਾਂ ਵਿਚ ਲੋਕ ਗਾਇਕ ਧਰਮਪ੍ਰੀਤ ਕੁਝ ਪਿੱਛੇ ਰਹਿ ਗਿਆ ਸੀ ਪਰ ਉਸ ਦੇ ਉਦਾਸ ਗੀਤ ਅੱਜ ਵੀ ਟੁੱਟੇ ਦਿਲਾਂ ਦਾ ਹਾਲ ਸੁਣਾਉਂਦੇ ਰਹਿਣਗੇ। ਕਈ ਪੰਜਾਬੀ ਕਲਾਕਾਰਾਂ ਨੇ ਧਰਮਪ੍ਰੀਤ ਦੀ ਚਾਣਚੱਕ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਾਣਦੇ ਹਾਂ ਉਨ੍ਹਾਂ ਬਾਰੇ—
ਸਚਿਨ ਅਹੂਜਾ— ਗਾਇਕੀ ਦੇ ਖੇਤਰ ਵਿਚ ਅੱਜ ਦਾ ਚਮਕਦਾ ਸਿਤਾਰਾ ਸਚਿਨ ਅਹੂਜਾ ਵੀ ਧਰਮਪ੍ਰੀਤ ਦੀ ਮੌਤ ਤੋਂ ਦੁਖੀ ਹੈ। ਉਸ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ, ਉਹ ਧਰਮਪ੍ਰੀਤ ਹੀ ਸੀ, ਜਿਸ ਦੇ ਨਾਲ ਸਚਿਨ ਅਹੂਜਾ ਨੇ ਆਪਣੇ ਸੰਗੀਤਕ ਸਫਰ ਦੀ ਸ਼ੁਰੂਆਤ ਕੀਤੀ ਸੀ। ਸਚਿਨ ਨੇ ਧਰਮਪ੍ਰੀਤ ਦੇ ਨਾਲ 'ਦਿਲ ਤੋੜਤਾ' ਐਲਬਮ ਮਿਊਜ਼ਿਕ ਡਾਇਰੈਕਸ਼ਨ ਦੀ ਸ਼ੁਰੂਆਤ ਕੀਤੀ ਸੀ ਅਤੇ ਅੱਜ ਉਸ ਦੀ ਮੌਤ ਦੀ ਖਬਰ ਨੇ ਸਚਿਨ ਅਹੂਜਾ ਦਾ ਦਿਲ ਸਚਮੁੱਚ ਤੋੜ ਦਿੱਤਾ। ਸਚਿਨ ਨੇ ਧਰਮਪ੍ਰੀਤ ਦੇ ਨਾਲ ਮਿਲ ਕੇ 5-6 ਸੁਪਰਹਿੱਟ ਕੈਸੇਟਾਂ ਲੋਕਾਂ ਦੀ ਝੋਲੀ ਵਿਚ ਪਾਈਆਂ ਸਨ।
ਬਲਕਾਰ ਸਿੱਧੂ— ਪੰਜਾਬੀ ਲੋਕ ਗਾਇਕ ਤੇ ਧਰਮਪ੍ਰੀਤ ਵਾਂਗ ਹੀ ਮਾਲਵੇ ਦੇ ਰਹਿਣ ਵਾਲੇ ਗਾਇਕ ਬਲਕਾਰ ਸਿੱਧੂ ਨੇ ਧਰਮਪ੍ਰੀਤ ਦੀ ਮੌਤ ਨੂੰ ਸੰਗੀਤ ਜਗਤ ਨੂੰ ਪੈਣ ਵਾਲਾ ਵੱਡਾ ਘਾਟਾ ਦੱਸਿਆ। ਉਨ੍ਹਾਂ ਕਿਹਾ ਧਰਮਪ੍ਰੀਤ ਦੀ ਆਵਾਜ਼ ਹਵਾਵਾਂ 'ਚ ਗੂੰਜਦੀ ਰਹੇਗੀ।
ਭਿੰਦਰ ਡੱਬਵਾਲੀ— ਗੀਤਕਾਰ ਭਿੰਦਰ ਡੱਬਵਾਲੀ ਨੇ ਧਰਮਪ੍ਰੀਤ ਨਾਲ ਮਿਲ ਕੇ ਇਕ ਤੋਂ ਵੱਧ ਇਕ ਹਿੱਟ ਗੀਤ ਦਿੱਤੇ ਸਨ। ਭਿੰਦਰ ਨੇ ਹੀ ਧਰਮਪ੍ਰੀਤ ਨੂੰ ਇਹ ਨਾਂ ਦਿੱਤਾ ਸੀ ਤੇ ਆਪਣੀ ਗਾਇਕੀ ਨਾਲ ਧਰਮਪ੍ਰੀਤ ਇਸ ਨਾਂ ਨੂੰ ਅਮਰ ਕਰ ਗਿਆ।
ਨਛੱਤਰ ਗਿੱਲ— ਗਾਇਕ ਨਛੱਤਰ ਗਿੱਲ ਨੇ ਵੀ ਆਪਣੇ ਫੇਸਬੁੱਕ ਪੇਜ 'ਤੇ ਧਰਮਪ੍ਰੀਤ ਦੀ ਮੌਤ ਨੂੰ ਲੈ ਕੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਸੰਗੀਤ ਜਗਤ ਲਈ ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਫੇਸਬੁੱਕ 'ਤੇ ਧਰਮਪ੍ਰੀਤ ਨਾਲ ਜੁੜੀ ਕਿਸੀ ਵੀ ਖਬਰ ਨੂੰ ਲਾਇਕ ਨਾ ਕੀਤਾ ਜਾਵੇ, ਸਗੋਂ ਦੁੱਖ ਦਾ ਇਜ਼ਹਾਰ ਕੁਮੈਂਟ ਰਾਹੀਂ ਕੀਤਾ ਜਾਵੇ।
ਇਨ੍ਹਾਂ ਤੋਂ ਇਲਾਵਾ ਸ਼ੈਰੀ ਮਾਨ, ਪ੍ਰਭ ਗਿੱਲ, ਮਿਸ ਪੂਜਾ, ਰੁਪਿੰਦਰ ਹਾਂਡਾ, ਕੁਲਵਿੰਦਰ ਬਿੱਲਾ, ਅਮਨਦੀਪ ਮਾਨਾ ਆਦਿ ਗਾਇਕਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਧਰਮਪ੍ਰੀਤ ਦੀ ਮੌਤ 'ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਧਰਮਪ੍ਰੀਤ ਦੀ ਆਤਮਾ ਲਈ ਸ਼ਾਂਤੀ ਮੰਗਦੇ ਹੋਏ ਕਿਹਾ ਅੱਜ ਇਸ ਤੋਂ ਜ਼ਿਆਦਾ ਕੁਝ ਨਹੀਂ ਲਿਖਿਆ ਜਾਵੇਗਾ।
ਮੁੰਡੇ ਦੇ ਲਾਰੇ-ਲੱਪਿਆਂ 'ਚ ਪੱਟੀ ਗਈ ਕੁਆਰੀ ਕੁੜੀ, ਕਿਸੇ ਨੂੰ ਮੂੰਹ ਦਿਖਾਉਣ ਜੋਗੀ ਨਾ ਰਹੀ
NEXT STORY