ਫੁੱਲ ਕਦੇ ਨਹੀਂ ਚਾਹੁੰਦੇ ਕਿ ਉਸ ਦੇ ਪੱਤੇ ਉਸ ਤੋਂ ਵੱਖ ਹੋ ਜਾਣ ਪਰ ਇਹ ਤਾਂ ਕੁਦਰਤ ਦਾ ਨਿਯਮ ਹੈ, ਜਿਸ ਨੂੰ ਕੋਈ ਬਦਲ ਨਹੀਂ ਸਕਦਾ। ਠੀਕ ਉਸੇ ਤਰ੍ਹਾਂ ਜਿਵੇਂ ਮਨੁੱਖ ਇਸ ਧਰਤੀ 'ਤੇ ਆਉਂਦਾ ਹੈ ਤਾਂ ਉਹ ਇਕ ਨਾ ਇਕ ਦਿਨ ਇਸ ਦੁਨੀਆ ਤੋਂ ਕੂਚ ਕਰ ਜਾਂਦਾ ਹੈ। ਬਸ ਪਿੱਛੇ ਉਸ ਮਨੁੱਖ ਦੀਆਂ ਯਾਦਾਂ ਹੀ ਬਾਕੀ ਰਹਿ ਜਾਂਦੀਆਂ ਹਨ। ਰੱਬ ਨੇ ਇਹ ਕਿਹੋ ਜਿਹਾ ਨਿਯਮ ਬਣਾਇਆ ਹੈ, ਜਦੋਂ ਮਨੁੱਖ ਯਾਨੀ ਕਿ ਜਦੋਂ ਘਰ 'ਚ ਬੱਚਾ ਜਨਮ ਲੈਂਦਾ ਹੈ ਤਾਂ ਸਾਰੇ ਖੁਸ਼ੀ ਦੇ ਨਾਲ ਹੱਸਦੇ- ਮੁਸਕਰਾਉਂਦੇ ਹਨ ਪਰ ਜਦੋਂ ਉਹ ਇਸ ਧਰਤੀ ਤੋਂ ਚਲਾ ਜਾਂਦਾ ਹੈ ਤਾਂ ਸਾਰੇ ਰੋਂਦੇ ਹਨ। ਜਨਮ ਵੇਲੇ ਬੱਚਾ ਰੋਂਦਾ ਹੈ ਤੇ ਜਦੋਂ ਚੁੱਪ-ਚਾਪ ਉਹ ਰੱਬ ਦੇ ਘਰ ਚਲਿਆ ਜਾਂਦਾ ਹੈ ਤਾਂ ਸਾਰੇ ਰੋਂਦੇ ਹਨ।
ਬੱਚਾ ਜਦੋਂ ਜਨਮ ਲੈਂਦਾ ਹੈ ਤਾਂ ਉਸ ਕੋਲ ਮਾਂ-ਬਾਪ ਉਸ ਦਾ ਖਿਆਲ ਰੱਖਣ ਲਈ ਹੁੰਦੇ ਹਨ। ਮਾਂ ਪਿਆਰ ਨਾਲ ਮੱਥਾ ਚੁੰਮਦੀ ਹੈ ਅਤੇ ਬਾਪ ਉਂਗਲ ਫੜ ਕੇ ਤੁਰਨਾ ਸਿਖਾਉਂਦਾ ਹੈ। ਮਾਂ-ਬਾਪ ਨਾਲ ਸਾਡਾ ਰਿਸ਼ਤਾ ਅਜਿਹਾ ਬਣ ਜਾਂਦਾ ਹੈ ਕਿ ਉਸ ਦਾ ਮੋਹ ਸਾਰੀ ਉਮਰ ਨਹੀਂ ਛੁੱਟਦਾ। ਮਾਂ-ਬਾਪ ਸਾਡੀ ਜ਼ਿੰਦਗੀ ਦੇ ਦੋ ਅਨਮੋਲ ਰਤਨ ਹਨ। ਮਾਪੇ ਸਾਨੂੰ ਚੰਗੇ ਮਾੜੇ ਬਾਰੇ ਫਰਕ ਦੱਸਦੇ ਹਨ। ਮਾਂ-ਬਾਪ ਅਤੇ ਬੱਚਿਆਂ ਨਾਲ ਇਕ ਪਰਿਵਾਰ ਬਣਦਾ ਹੈ, ਜਿਹੜਾ ਕਿ ਖੁਸ਼ੀ ਅਤੇ ਖੇੜਿਆਂ ਨਾਲ ਚਲਦਾ ਜਾਂਦਾ ਹੈ। ਮੈਂ ਵੀ ਆਪਣੇ ਮੰਮੀ-ਪਾਪਾ ਦੀ ਲਾਡਲੀ ਧੀ ਹਾਂ। ਜਿਨਾਂ ਨੇ ਮੈਨੂੰ ਜਨਮ ਦਿੱਤਾ, ਉਨ੍ਹਾਂ ਦਾ ਕਰਜ਼ ਮੈਂ ਰਹਿੰਦੀ ਉਮਰ ਤਕ ਨਹੀਂ ਉਤਾਰ ਸਕਦੀ।
ਮੈਂ ਤਾਂ ਆਪਣੀ ਜ਼ਿੰਦਗੀ ਵਿਚ ਬਹੁਤ ਖੁਸ਼ ਸੀ ਪਰ ਅਚਾਨਕ ਮੇਰੀ ਜ਼ਿੰਦਗੀ ਵਿਚ ਅਜਿਹਾ ਤੂਫਾਨ ਆਇਆ, ਜਿਸ ਦੀ ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਅੱਖਾਂ ਨੂੰ ਯਕੀਨ ਕਰਨਾ ਔਖਾ ਹੋ ਗਿਆ। ਮੇਰੀਆਂ ਹੱਥਾਂ ਦੀਆਂ ਉਂਗਲਾਂ ਨੇ ਮੈਨੂੰ ਇਹ ਲਿਖਣ ਲਈ ਮਜਬੂਰ ਕਰ ਦਿੱਤਾ। ਮਾਂ ਦਾ ਪਿਆਰ ਤਾਂ ਕੋਈ ਨਹੀਂ ਦੇ ਸਕਦਾ। ਮੇਰੇ ਪਾਪਾ ਜੋ ਕਿ ਮੈਨੂੰ ਆਪਣਾ ਪੁੱਤ ਮੰਨਦੇ ਸੀ। ਜਦੋਂ ਮੈਂ ਜਨਮ ਲਿਆ ਤਾਂ ਮੇਰੇ ਪਾਪਾ ਆਪਣੀ ਮਾਂ ਨੂੰ ਕਹਿੰਦੇ ਬੀਬੀ ਮੇਰੇ ਘਰ ਧੀ ਨੇ ਜਨਮ ਲਿਆ, ਕੁੜੀ ਹੋਈ ਆ। ਜਦੋਂ ਵੱਡੀ ਹੋਈ ਤਾਂ ਮੇਰੇ ਨਾਲ ਹਰ ਸਲਾਹ ਕਰਦੇ।
ਕਦੇ-ਕਦੇ ਸੋਚਦੀ ਹਾਂ ਕਿ ਪਾਪਾ ਨੂੰ ਨਾਂਹ ਕਰ ਦਿੰਦੀ ਤਾਂ ਸ਼ਾਇਦ ਮੇਰੇ ਨਾਲ ਇਹ ਨਾ ਵਾਪਰਦਾ। ਪਰ ਕਿਸਮਤ ਨੂੰ ਜੋ ਮਨਜ਼ੂਰ ਸੀ ਤੇ ਉਸ ਨੂੰ ਰੱਬ ਦਾ ਭਾਣਾ ਮੰਨਣਾ ਪਿਆ। ਤਕਰੀਬਨ ਦੋ ਹਫਤੇ ਹੋ ਗਏ, ਪਾਪਾ ਨੂੰ ਦੇਖਿਆ। ਬਸ ਵਿਚ ਵਿਚਾਲੇ ਜਿਹੇ ਫੋਨ 'ਤੇ ਹੀ ਗੱਲ ਹੁੰਦੀ ਸੀ। ਕਿਸੇ ਕੰਮ ਲਈ ਘਰੋਂ ਬਾਹਰ ਗਏ ਸਨ। ਉਸ ਰਾਤ ਫੋਨ 'ਤੇ ਗੱਲ ਨਾ ਹੁੰਦੀ ਤਾਂ ਸ਼ਾਇਦ ਪਾਪਾ ਦੀ ਆਵਾਜ਼ ਸੁਣਨ ਤੋਂ ਵੀ ਰਹਿ ਜਾਂਦੀ। ਕਹਿੰਦੇ ਸੀ ਪੁੱਤਰ ਮੈਂ ਠੀਕ ਹਾਂ, ਮੈਂ ਆਵਾਂਗਾ। ਪਾਪਾ ਘਰ ਤਾਂ ਆਏ ਪਰ ਸੁੱਤੇ ਹੋਏ। ਉਸ ਚੰਦਰੀ ਸ਼ਾਮ ਨੂੰ ਚੇਤੇ ਕਰ ਦਿਲ 'ਚ ਚੀਸ ਜਿਹੀ ਪੈਂਦੀ ਹੈ। ਇਸ ਗੱਲ ਨੂੰ ਕੋਈ ਝੁਠਲਾ ਨਹੀਂ ਸਕਦਾ ਕਿ ਸਮਾਂ ਇਕੋ ਜਿਹਾ ਨਹੀਂ ਰਹਿੰਦਾ। ਮੌਤ 'ਤੇ ਜਨਮ ਇਕੋਂ ਸਿੱਕੇ ਦੋ ਪਹਿਲੂ ਹਨ। ਜੇ ਜਨਮ ਲਿਆ ਹੈ ਤਾਂ ਮੌਤ ਵੀ ਆਉਣੀ ਹੈ। ਪਰ ਇਹ ਯਾਦ ਕਰ ਅੱਖਾਂ ਭਰ ਆਉਂਦੀਆਂ ਨੇ ਕਿ ਪਾਪਾ ਦੇ ਦਿਲ ਦਾ ਚਾਅ ਤੇ ਸੁਪਨਾ, ਸੁਪਨਾ ਹੀ ਰਹਿ ਗਿਆ, ਮੈਨੂੰ ਹੱਥੀ ਤੋਰਨ ਦਾ। ਬਸ ਪਾਪਾ ਦੇ ਆਉਣ ਦੀ ਉਡੀਕ 'ਉਡੀਕ' ਬਣ ਕੇ ਰਹਿ ਗਈ।
ਰੱਬ ਦੇ ਘਰ ਸਕੂਨ ਬੜਾ ਏ...
NEXT STORY