ਮੁਲਕ ਵਿਚ ਐਮਰਜੈਂਸੀ ਲੱਗਣ ਦੇ ਚੌਥੇ ਕੁ ਦਿਨ ਦੀ ਸਵੇਰ ਨੂੰ ਮੈਂ ਆਪਣੇ ਪਿੰਡ ਚੰਦੂਮਾਜਰੇ ਜਾਣ ਲਈ ਪਟਿਆਲੇ ਤੋਂ ਬੱਸ ਫੜ ਕੇ ਅਜੇ ਮੈਂ ਰਾਜਪੁਰੇ ਬੱਸ ਅੱਡੇ ਉੱਤੇ ਉਤਰਿਆ ਹੀ ਸੀ ਕਿ ਪੁਲਸ ਨੇ ਮੈਨੂੰ ਘੇਰਾ ਪਾ ਲਿਆ। ਕਾਰਨ ਪੁੱਛਣ 'ਤੇ ਥਾਣੇਦਾਰ ਕਹਿਣ ਲੱਗਿਆ ਕਿ ਥਾਣੇ ਵਿਚ ਬੈਠੇ ਡੀ. ਐੱਸ. ਪੀ. ਨੇ ਤੁਹਾਨੂੰ ਗੱਲ ਕਰਨ ਲਈ ਬੁਲਾਇਆ ਹੈ। ਸ਼ਾਮ ਤੱਕ ਜਦੋਂ ਡੀ. ਐੱਸ. ਪੀ. ਨਾ ਆਇਆ ਤਾਂ ਥਾਣੇਦਾਰ ਕਹਿਣ ਲੱਗਿਆ ਕਿ ਡਿਪਟੀ ਸਾਹਿਬ ਕੱਲ ਸਵੇਰੇ ਆਉਣਗੇ ਅਤੇ ਉਹ ਤੁਹਾਡੇ ਨਾਲ ਗੱਲਬਾਤ ਕਰਕੇ ਹੀ ਅਗਲਾ ਫੈਸਲਾ ਕਰਨਗੇ। ਉਸ ਵੇਲੇ ਤੱਕ ਮੈਨੂੰ ਇਹ ਪਤਾ ਲੱਗ ਗਿਆ ਸੀ ਕਿ ਮੇਰੀ ਹਿਰਾਸਤ ਦਾ ਕਾਰਨ ਮੁਲਕ ਵਿਚ ਲੱਗੀ ਐਮਰਜੈਂਸੀ ਹੀ ਹੈ, ਹੋਰ ਕੋਈ ਨਹੀਂ। ਮੈਨੂੰ ਗ੍ਰਿਫਤਾਰ ਕਰਨ ਦਾ ਕਾਰਨ ਵੀ ਇਹ ਸੀ ਕਿ ਅਸੀਂ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਪਟਿਆਲੇ ਇਲਾਕੇ ਵਿਚ ਐਮਰਜੈਂਸੀ ਦਾ ਵਿਰੋਧ ਕਰਨ ਦੀ ਹੱਥ ਲਿਖਤ ਅਪੀਲ ਵੰਡ ਦਿੱਤੀ ਸੀ।
ਦੂਜੇ ਦਿਨ ਪੁਲਸ ਦਾ ਇਕ ਡੀ.ਐੱਸ.ਪੀ. ਕਹਿਣ ਲੱਗਿਆ ਕਿ ਅਸੀਂ ਤੁਹਾਨੂੰ ਸਿਰਫ ਇਕ ਸ਼ਰਤ 'ਤੇ ਹੀ ਛੱਡ ਸਕਦੇ ਹਾਂ ਕਿ ਤੁਸੀਂ ਐਮਰਜੈਂਸੀ ਦੀ ਹਮਾਇਤ ਵਿਚ ਇਕ ਪ੍ਰੈੱਸ ਬਿਆਨ ਜਾਰੀ ਕਰ ਦਿਓ। ਮੇਰੇ ਨਾਂਹ ਕਰਨ 'ਤੇ ਧਮਕੀ ਭਰੇ ਲਹਿਜੇ ਵਿਚ ਬੁਰੇ ਨਤੀਜੇ ਭੁਗਤਣ ਤੋਂ ਬਚਣ ਦੀ ਸਲਾਹ ਦੇਣ ਲੱਗ ਪਿਆ। ਅਗਲੇ ਪੂਰੇ ਪੰਦਰਾਂ ਦਿਨ ਮੈਨੂੰ ਰਾਜਪੁਰੇ ਥਾਣੇ ਵਿਚ ਰੱਖ ਕੇ ਐਮਰਜੈਂਸੀ ਦੀ ਹਮਾਇਤ ਕਰਨ ਲਈ ਹਰ ਤਰ੍ਹਾਂ ਦਾ ਦਬਾਅ ਪਾਇਆ ਗਿਆ। ਉਸ ਵੇਲੇ ਚੰਡੀਗੜ੍ਹ ਵਿਚ ਡੀ.ਆਈ.ਜੀ. ਇੰਟੈਲੀਜੈਂਸ ਵਜੋਂ ਤਾਇਨਾਤ ਕੋਈ ਬਾਜਵਾ ਉਪ ਨਾਮ ਵਾਲਾ ਪੁਲਸ ਅਧਿਕਾਰੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਕਰਨ ਨੇ ਉਚੇਚਾ ਮੈਨੂੰ ਮਨਾਉਣ ਲਈ ਭੇਜਿਆ। ਹਰ ਤਰ੍ਹਾਂ ਦੇ ਲਾਲਚ ਅਤੇ ਡਰਾਵੇ ਦੇ ਕੇ ਵੀ ਜਦੋਂ ਸਰਕਾਰ ਮੈਥੋਂ ਐਮਰਜੈਂਸੀ ਦੀ ਹਮਾਇਤ ਨਾ ਕਰਵਾ ਸਕੀ ਤਾਂ ਅਖੀਰ ਮੇਰੇ 'ਤੇ ਮੀਸਾ ਲਗਾ ਕੇ ਪਟਿਆਲਾ ਜੇਲ ਵਿਚ ਭੇਜ ਦਿੱਤਾ ਗਿਆ।
ਪਟਿਆਲਾ ਜੇਲ ਦੀ ਡਿਉਢੀ ਵਿਚ ਹੀ ਜਦੋਂ ਮੈਨੂੰ 'ਸਮੱਗਲਰਾਂ ਦੇ ਅਹਾਤੇ' ਵਿਚ ਬੰਦ ਕਰਨ ਦਾ ਹੁਕਮ ਸੁਣਾਇਆ ਗਿਆ ਤਾਂ ਪਹਿਲਾਂ ਹੀ ਸਹਿਮਿਆ ਹੋਇਆ ਮੈਂ ਹੋਰ ਵੀ ਡਰ ਗਿਆ ਪਰ ਇਹ ਡਰ ਜਾਂਦਿਆਂ ਹੀ ਉਸ ਵੇਲੇ ਕਾਫੂਰ ਹੋ ਗਿਆ ਜਦੋਂ 'ਸਮੱਗਲਰਾਂ' ਨੇ ਸੌਣ ਲਈ ਲਾਈਆਂ ਗਈਆਂ ਆਪਣੀਆਂ ਮੱਛਰਦਾਨੀਆਂ ਵਿਚੋਂ ਨਿਕਲ ਕੇ 'ਪਾੜ੍ਹਾ' ਆ ਗਿਆ ਕਹਿ ਕੇ ਮੇਰਾ ਸਵਾਗਤ ਕੀਤਾ। ਉਨ੍ਹਾਂ ਨੇ ਮੈਨੂੰ ਜਾਂਦਿਆਂ ਚਾਹ ਪਿਆਈ, ਫਿਰ ਨੁਹਾ ਕੇ ਰੋਟੀ ਖੁਆਈ। ਗਰਮੀ ਦੇ ਮੌਸਮ ਵਿਚ ਪੂਰੇ ਪੰਦਰਾਂ ਦਿਨ ਥਾਣੇ ਵਿਚ ਨਜ਼ਰਬੰਦ ਰਹਿਣ ਤੋਂ ਬਾਅਦ ਜੇਲ ਦੀ ਔਖ ਬਿਲਕੁਲ ਹੀ ਮਹਿਸੂਸ ਨਹੀਂ ਹੋਈ।
ਅਗਲੇ ਹੀ ਦਿਨ ਜੇਲ ਵਿਚ ਅਕਾਲੀ ਆਗੂ ਜਸਵਿੰਦਰ ਸਿੰਘ ਬਰਾੜ ਆ ਗਏ। ਅਗਲੇ ਦਿਨ ਸੁਰਜੀਤ ਸਿੰਘ ਬਰਨਾਲਾ ਨੂੰ ਵੀ ਪਟਿਆਲਾ ਜੇਲ ਵਿਚ ਭੇਜ ਦਿੱਤਾ ਗਿਆ। ਉਸ ਤੋਂ ਬਾਅਦ ਤਾਂ ਫਿਰ ਗ੍ਰਿਫਤਾਰ ਕਰਕੇ ਪਟਿਆਲਾ ਜੇਲ ਵਿਚ ਭੇਜਣ ਵਾਲੇ ਵੱਖ-ਵੱਖ ਆਗੂਆਂ ਦੀ ਲਾਈਨ ਹੀ ਲੱਗ ਗਈ। ਅਕਾਲੀ ਆਗੂ ਸ੍ਰ. ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਬਸੰਤ ਸਿੰਘ ਖਾਲਸਾ ਤੋਂ ਬਿਨਾਂ ਸੋਸ਼ਲਿਸਟ ਆਗੂ ਸ਼੍ਰੀ ਚੰਦਰ ਸ਼ੇਖਰ, ਪੱਤਰਕਾਰ ਲਾਲਾ ਜਗਤ ਨਾਰਾਇਣ ਅਤੇ ਜਨਸੰਘ ਆਗੂ ਬਲਰਾਮ ਜੀ ਦਾਸ ਟੰਡਨ ਵੀ ਪਟਿਆਲੇ ਜੇਲ ਵਿਚ ਹੀ ਭੇਜ ਦਿੱਤੇ ਗਏ।
ਐਮਰਜੈਂਸੀ ਦੇ ਸ਼ੁਰੂਆਤੀ ਦੌਰ ਵਿਚ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ, ਧੜਾਧੜ ਕੀਤੀਆਂ ਜਾ ਰਹੀਆਂ ਗ੍ਰਿਫਤਾਰੀਆਂ, ਅਖ਼ਬਾਰਾਂ 'ਤੇ ਲਾਈ ਸੈਂਸਰਸ਼ਿਪ ਅਤੇ ਸਰਕਾਰੀ ਸਾਧਨਾ ਦੁਆਰਾ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਕਾਰਨ ਆਮ ਲੋਕਾਂ ਵਿਚ ਜ਼ਬਰਦਸਤ ਦਹਿਸ਼ਤ ਪੈ ਗਈ ਸੀ। ਨੇੜਲੇ ਰਿਸ਼ਤੇਦਾਰਾਂ ਅਤੇ ਦੋਸਤਾਂ-ਮਿੱਤਰਾਂ ਨੇ ਮੇਰੇ ਪਰਿਵਾਰ ਨੂੰ ਇਹ ਕਹਿ ਕੇ ਡਰਾਉਣਾ ਸ਼ੁਰੂ ਕਰ ਦਿੱਤਾ ਸੀ, ''ਪ੍ਰੇਮ ਨੂੰ ਕਹੋ ਕਿ ਐਮਰਜੈਂਸੀ ਦੀ ਹਮਾਇਤ ਦਾ ਬਿਆਨ ਦੇ ਕੇ ਬਾਹਰ ਆ ਜਾਵੇ ਨਹੀਂ ਤਾਂ ਸਾਰੀ ਉਮਰ ਜੇਲ ਵਿਚ ਹੀ ਸੜੂਗਾ।'' ਇਥੋਂ ਤੱਕ ਕਿ ਮੇਰੀ ਮੰਗੇਤਰ ਦੇ ਪਰਿਵਾਰ ਨੂੰ ਵੀ ਇਹ ਸਲਾਹਾਂ ਦਿੱਤੀਆਂ ਗਈਆਂ ਕਿ ਤੁਸੀਂ ਆਪਣੀ ਲੜਕੀ ਕਿਤੇ ਹੋਰ ਵਿਆਹ ਦਿਉ, ਪ੍ਰੇਮ ਸਿੰਘ ਨੇ ਤਾਂ ਹੁਣ ਛੇਤੀ ਕੀਤਿਆਂ ਬਾਹਰ ਨਹੀਂ ਆਉਣਾ। ਇਹ ਸਲਾਹਾਂ ਦੇਣ (ਡਰਾਉਣ) ਵਾਲਿਆਂ ਵਿਚ ਗਿਆਨੀ ਜ਼ੈਲ ਸਿੰਘ ਮੰਤਰੀ ਮੰਡਲ ਦੇ ਇਕ ਸੀਨੀਅਰ ਵਜ਼ੀਰ ਵੀ ਸਨ।
ਪਟਿਆਲਾ ਦੀ ਪੂਰੀ ਜੇਲ ਹੀ ਰਾਜਨੀਤਕ ਰੰਗ ਵਿਚ ਰੰਗੀ ਜਾਣ ਕਾਰਨ ਮੈਂ ਪੂਰੀ ਤਰ੍ਹਾਂ ਨਿਰਭੈਅ ਹੋ ਗਿਆ ਸੀ ਅਤੇ ਕਿਸੇ ਵੀ ਕੀਮਤ 'ਤੇ ਐਮਰਜੈਂਸੀ ਦੀ ਹਮਾਇਤ ਕਰਨ ਨੂੰ ਤਿਆਰ ਨਹੀਂ ਸੀ। ਵੈਸੇ ਵੀ ਮੀਸਾ ਤਹਿਤ ਨਜ਼ਰਬੰਦ ਕੀਤੇ ਗਏ ਸਾਰੇ ਆਗੂਆਂ ਵਿਚੋਂ ਮੈਂ ਸਭ ਤੋਂ ਛੋਟੀ ਉਮਰ ਦਾ ਹੋਣ ਕਾਰਨ ਸਾਰੇ ਆਗੂਆਂ ਵਲੋਂ ਦਿੱਤੇ ਜਾਣ ਵਾਲੇ ਸਤਿਕਾਰ ਸਦਕਾ ਵੀ ਮੇਰੀ ਦ੍ਰਿੜਤਾ ਹੋਰ ਵੀ ਪ੍ਰਪੱਕ ਹੋ ਗਈ ਸੀ। ਉਂਝ ਵੀ ਜੇਲ ਹੁਣ ਮੈਨੂੰ ਆਪਣੀ ਸ਼ਖ਼ਸੀਅਤ ਉਸਾਰੀ ਵਿਚ ਸਹਾਈ ਹੁੰਦੀ ਜਾਪਣ ਲੱਗ ਪਈ ਸੀ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਦੀ ਸੰਗਤ ਨੇ ਮੇਰੀ ਰਾਜਸੀ ਸੋਚ ਵਿਚ ਤਬਦੀਲੀ ਵੀ ਲਿਆਂਦੀ ਅਤੇ ਸਪੱਸ਼ਟਤਾ ਵੀ। ਬਾਅਦ ਵਿਚ ਜਨਤਾ ਪਾਰਟੀ ਦੇ ਵੱਡੇ ਆਗੂ ਵਜੋਂ ਸਥਾਪਿਤ ਹੋਏ ਕ੍ਰਿਪਾਲ ਸਿੰਘ ਨੇ ਮੈਨੂੰ ਜੇਲ ਵਿਚ ਰਾਜਨੀਤੀ ਸ਼ਾਸਤਰ ਦੀ ਐੱਮ. ਏ. ਕਰਨ ਲਈ ਨਾ ਸਿਰਫ ਉਤਸ਼ਾਹਿਤ ਹੀ ਕੀਤਾ, ਬਲਕਿ ਮੈਨੂੰ ਪੜ੍ਹਾਇਆ ਵੀ।
ਐਮਰਜੈਂਸੀ ਦੌਰਾਨ ਜੇਲ ਵਿਚ ਮੇਰੀ ਇਸ ਨਜ਼ਰਬੰਦੀ ਨੇ ਹੀ ਮੈਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਮੁੱਢ ਬੰਨ੍ਹਿਆ। ਇਲਾਕਾਈ ਸਾਂਝ ਹੋਣ ਕਾਰਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਬਿਨਾਂ ਉਸ ਵੇਲੇ ਤੱਕ ਮੇਰੀ ਕਿਸੇ ਅਕਾਲੀ ਆਗੂ ਨਾਲ ਕੋਈ ਜਾਣ-ਪਛਾਣ ਨਹੀਂ ਸੀ। ਉਸ ਵੇਲੇ ਤੱਕ ਨਾ ਹੀ ਮੇਰੀ ਰਾਜਨੀਤੀ ਵਿਚ ਕੋਈ ਬਹੁਤੀ ਦਿਲਚਸਪੀ ਹੀ ਸੀ।
ਇਕ ਸਾਧਾਰਨ ਕਿਸਾਨ ਦਾ ਪੁੱਤ ਹੋਣ ਕਰਕੇ ਰਾਜਨੀਤਕ ਅਹੁਦੇ ਮੈਨੂੰ ਆਪਣੀ ਪਹੁੰਚ ਤੋਂ ਬਾਹਰ ਹੀ ਲੱਗਦੇ ਸਨ ਅਤੇ ਪੰਜਾਬੀ ਯੂਨੀਵਰਸਿਟੀ ਤੋਂ ਐੱਮ. ਏ. ਕਰ ਚੁਕਿਆ ਹੋਣ ਕਾਰਨ ਮੇਰਾ ਨਿਸ਼ਾਨਾ ਉਸ ਵੇਲੇ ਕਿਸੇ ਕਾਲਜ ਵਿਚ ਲੈਕਚਰਾਰ ਲੱਗਣ ਦਾ ਹੀ ਸੀ ਪਰ ਫਿਰੋਜ਼ਪੁਰ ਜੇਲ ਵਿਚੋਂ ਪੇਸ਼ੀ ਭੁਗਤਣ ਆਏ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਜਦੋਂ ਪਟਿਆਲਾ ਜੇਲ ਵਿਚ ਲਿਆਂਦਾ ਗਿਆ ਤਾਂ ਉਨ੍ਹਾਂ ਆਉਂਦਿਆਂ ਹੀ ਕਿਹਾ ਕਿ ਮੇਰਾ ਬਿਸਤਰਾ ਪ੍ਰੇਮ ਵਾਲੇ ਅਹਾਤੇ ਵਿਚ ਹੀ ਲਗਾ ਦਿਉ। ਉਸ ਤੋਂ ਬਾਅਦ ਉਹ ਵੀ ਪੇਸ਼ੀ ਭੁਗਤਣ ਪਟਿਆਲੇ ਆਉਂਦੇ ਤਾਂ ਉਹ ਮੇਰੇ ਕੋਲ ਹੀ ਰਹਿੰਦੇ। ਜੇਲ੍ਹ ਦੀ ਇਸ ਨਜ਼ਰਬੰਦੀ ਦੌਰਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਬਣੇ ਅਤਿ ਨੇੜਲੇ ਸੰਬੰਧਾਂ ਨੇ ਮੈਨੂੰ ਸਰਗਰਮ ਰਾਜਨੀਤੀ 'ਚ ਪ੍ਰਵੇਸ਼ ਕਰਵਾ ਦਿੱਤਾ।
ਇਕ ਪੇਸ਼ੀ ਭੁਗਤਣ ਆਏ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਜੇਲ ਦੀ ਡਿਉਢੀ ਵਿਚ ਇਕੱਠੇ ਹੋਏ ਅਕਾਲੀ ਤੇ ਜਨਸੰਘ ਆਗੂ ਪੁੱਛਣ ਲੱਗੇ ਕਿ ਤੁਹਾਡੇ ਖਿਆਲ ਵਿਚ ਐਮਰਜੈਂਸੀ ਅਜੇ ਕਿੰਨਾ ਕੁ ਸਮਾਂ ਹੋਰ ਚੱਲੇਗੀ। ਉਨ੍ਹਾਂ ਜਦੋਂ ਸਹਿਜ ਸੁਭਾਅ ਹੀ ਕਿਹਾ ਕਿ ਬਾਰਾਂ ਕੁ ਸਾਲ ਤਾਂ ਹੋਰ ਚੱਲੇਗੀ ਹੀ ਤਾਂ ਉਥੇ ਮੌਜੂਦ ਬਟਾਲੇ ਦਾ ਇਕ ਜਨਸੰਘੀ ਆਗੂ ਧਰਮਪਾਲ ਗਸ਼ ਖਾ ਕੇ ਹੀ ਡਿੱਗ ਪਿਆ ਅਤੇ ਜਨਸੰਘ ਦਾ ਹੀ ਇਕ ਹੋਰ ਆਗੂ ਪੰਨਾ ਲਾਲ ਨਈਅਰ ਦੇ ਹੱਥ ਵਿਚੋਂ ਚਾਹ ਦੀ ਪਿਆਲੀ ਛੁੱਟ ਕੇ ਹੇਠਾਂ ਡਿੱਗ ਪਈ। ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਜਦੋਂ ਜਥੇਦਾਰ ਟੌਹੜਾ ਨੂੰ ਹੱਸਦਿਆਂ ਕਿਹਾ, ''ਤੂੰ ਕੀ ਰੱਬ ਨੂੰ ਮਿਲ ਕੇ ਆਇਆਂ, ਤੈਨੂੰ ਕੀ ਪਤੈ ਵੀ ਐਮਰਜੈਂਸੀ ਬਾਰਾਂ ਸਾਲ ਨਹੀਂ ਚੁੱਕੀ ਜਾਣੀ''। ਜਥੇਦਾਰ ਟੌਹੜਾ ਕਹਿਣ ਲੱਗ, ''ਰੱਬ ਨੂੰ ਤਾਂ ਮੈਂ ਨਹੀਂ ਮਿਲਕੇ ਆਇਆ ਪਰ ਸ਼੍ਰੀਲੰਕਾ ਦੀ ਪ੍ਰਧਾਨ ਮੰਤਰੀ ਭੰਡਾਰ ਨਾਇਕੇ ਨੇ ਆਪਣੇ ਮੁਲਕ ਵਿਚ ਬਾਰਾਂ ਸਾਲ ਐਮਰਜੈਂਸੀ ਲਗਾ ਕੇ ਰੱਖੀ ਹੈ। ਉਸੇ ਦੀ ਭੈਣ ਇੰਦਰਾ ਗਾਂਧੀ ਹੈ, ਓਨਾ ਸਮਾਂ ਤਾਂ ਇਹ ਵੀ ਲਾਊਗੀ ਹੀ।'' ਉਨ੍ਹਾਂ ਦੇ ਇਹ ਕਹਿਣ ਉੱਤੇ ਮਾਹੌਲ ਹਲਕਾ ਹੋਇਆ।
ਸ਼੍ਰੀਮਤੀ ਇੰਦਰਾ ਗਾਂਧੀ ਵਲੋਂ ਲੋਕ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਸਾਰੇ ਅਕਾਲੀ ਆਗੂਆਂ ਨੂੰ ਤਾਂ 18 ਜਨਵਰੀ 1977 ਨੂੰ ਰਿਹਾਅ ਕਰ ਦਿੱਤਾ ਗਿਆ ਪਰ ਮੇਰੀ ਨਜ਼ਰਬੰਦੀ ਜਾਰੀ ਰਹੀ। ਮਾਰਚ 16 ਤੋਂ 20 ਤੱਕ ਹੋਈ ਲੋਕ ਸਭਾ ਚੋਣ ਦੇ ਨਤੀਜੇ 21 ਮਾਰਚ ਦੀ ਰਾਤ ਨੂੰ ਆਉਣੇ ਸ਼ੁਰੂ ਹੋਏ। ਪਹਿਲਾਂ ਸੰਜੇ ਗਾਂਧੀ ਦੇ ਚੋਣ ਹਾਰਨ ਦੀ ਖ਼ਬਰ ਆਈ ਅਤੇ ਫਿਰ ਇੰਦਰਾ ਗਾਂਧੀ ਦੇ ਹਾਰਨ ਦੀ। ਸਾਰੀ ਜੇਲ ਵਿਚ ਖੁਸ਼ੀਆਂ ਮਨਾਈਆਂ ਗਈਆਂ। ਅਗਲੇ ਦਿਨ 22 ਮਾਰਚ ਨੂੰ ਸਵੇਰੇ ਸੱਤ ਵਜੇ ਕੇਂਦਰੀ ਮੰਤਰੀ ਮੰਡਲ ਨੇ ਐਮਰਜੈਂਸੀ ਹਟਾਉਣ ਦਾ ਫੈਸਲਾ ਕੀਤਾ ਅਤੇ ਅੱਠ ਵਜੇ ਮੇਰੀ ਰਿਹਾਈ ਦੇ ਹੁਕਮ ਆਏ। ਇਸ ਤਰ੍ਹਾਂ 21 ਮਹੀਨਿਆਂ ਦੀ ਜੇਲ ਕੱਟਣ ਤੋਂ ਬਾਅਦ ਮੈਂ 22 ਮਾਰਚ ਨੂੰ ਰਿਹਾਅ ਹੋਇਆ ਅਤੇ ਸ਼ਾਇਦ ਐਮਰਜੈਂਸੀ ਦੌਰਾਨ ਮੇਰੀ ਨਜ਼ਰਬੰਦੀ ਸਭ ਤੋਂ ਲੰਬੀ ਸੀ।
ਸ਼ਰਾਬ ਦੀ ਬੋਤਲ 'ਚ ਨਾਂ ਬੋਲਦਾ
NEXT STORY