ਸੋਨਾਕਸ਼ੀ ਸਿਨ੍ਹਾ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਸ ਨੇ ਆਪਣਾ ਕਰੀਅਰ ਇਕ ਕਾਸਟਿਊਮ ਡਿਜ਼ਾਈਨਰ ਦੇ ਤੌਰ 'ਤੇ 2005 ਵਿਚ ਫ਼ਿਲਮ 'ਮੇਰਾ ਦਿਲ ਲੇ ਕੇ ਦੇਖੋ' ਨਾਲ ਸ਼ੁਰੂ ਕੀਤਾ ਸੀ। 2010 'ਚ 'ਦਬੰਗ' ਵਿਚ ਉਸ ਨੇ ਬਤੌਰ ਹੀਰੋਇਨ ਸੁਨਹਿਰੀ ਪਰਦੇ 'ਤੇ ਧਮਾਕੇਦਾਰ ਐਂਟਰੀ ਕੀਤੀ ਅਤੇ ਦਰਸ਼ਕਾਂ ਦੇ ਦਿਲਾਂ ਦੀ ਧੜਕਨ ਬਣ ਗਈ। ਅੱਜ ਬਾਲੀਵੁੱਡ 'ਚ ਉਸ ਨੂੰ ਪੰਜ ਸਾਲ ਹੋ ਚੁੱਕੇ ਹਨ ਅਤੇ ਉਹ ਨਿਰਮਾਤਾ-ਨਿਰਦੇਸ਼ਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਖੈਰ, ਉਹ ਫ਼ਿਲਮ 'ਅਕੀਰਾ' ਦੀ ਸ਼ੂਟਿੰਗ 'ਚ ਬਿਜ਼ੀ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਅੰਸ਼ :-
* ਆਪਣੀ ਆਉਣ ਵਾਲੀ ਫ਼ਿਲਮ 'ਅਕੀਰਾ' ਬਾਰੇ ਦੱਸੋ?
— ਮੈਂ 'ਅਕੀਰਾ' ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਇਸ ਦਾ ਇਕ ਕਾਰਨ ਤਾਂ ਇਹ ਹੈ ਕਿ ਇਹ ਇਕ ਐਕਸ਼ਨ ਪ੍ਰਧਾਨ ਫ਼ਿਲਮ ਹੈ, ਜਿਸ 'ਚ ਮੈਂ ਤੁਹਾਨੂੰ ਇਕ ਵੱਖਰੇ ਹੀ ਰੂਪ 'ਚ ਨਜ਼ਰ ਆਵਾਂਗੀ। ਦੂਜਾ ਇਸ ਫ਼ਿਲਮ 'ਚ ਮੈਂ ਪਹਿਲੀ ਵਾਰ ਆਪਣੇ ਪਿਤਾ ਨਾਲ ਕੰਮ ਕਰ ਰਹੀ ਹਾਂ, ਜੋ ਮੇਰੇ ਲਈ ਇਕ ਅਭੁੱਲ ਤਜਰਬਾ ਹੈ।
* ਤੁਹਾਡੀ ਪਿਛਲੀ ਫ਼ਿਲਮ 'ਤੇਵਰ' ਫਲਾਪ ਰਹੀ ਸੀ। ਤਾਂ ਕੀ ਤੁਹਾਨੂੰ ਫ੍ਰਾਈਡੇ ਫੀਅਰ ਸਤਾਉਣ ਲੱਗਾ ਹੈ?
— ਬਿਲਕੁਲ ਵੀ ਨਹੀਂ। ਮੈਂ ਉਨ੍ਹਾਂ 'ਚੋਂ ਨਹੀਂ ਹਾਂ, ਜੋ ਫ੍ਰਾਈਡੇ ਫੀਅਰ ਲੈ ਕੇ ਚੱਲਦੇ ਹਨ। ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਹੈ ਕਿ ਜੋ ਹੋਣਾ ਹੁੰਦੈ, ਉਹ ਹੋ ਕੇ ਰਹਿੰਦਾ ਹੈ। ਮੈਂ ਕਦੇ ਵੀ ਅਦਾਕਾਰਾ ਬਣਨ ਬਾਰੇ ਨਹੀਂ ਸੋਚਿਆ ਸੀ। ਮੈਂ ਇਕ ਡ੍ਰੈੱਸ ਡਿਜ਼ਾਈਨਰ ਸੀ ਪਰ ਦੇਖੋ ਅੱਜ ਮੈਂ ਇਕ ਸਫਲ ਅਦਾਕਾਰਾ ਹਾਂ।
* ਤੁਹਾਡੀ ਅਪਰੋਚ ਕਾਫੀ ਪ੍ਰੈਕਟੀਕਲ ਹੈ?
— ਹਾਂ ਬਿਲਕੁਲ। ਇਸ ਬਿਜ਼ਨੈੱਸ 'ਚ ਰਹਿਣਾ ਹੈ ਤਾਂ ਆਪਣੀ ਅਪ੍ਰੋਚ ਪ੍ਰੈਕਟੀਕਲ ਰੱਖਣੀ ਹੀ ਪੈਂਦੀ ਹੈ ਕਿਉਂਕਿ ਇਥੇ ਕੁਝ ਵੀ ਪੱਕੇ ਤੌਰ 'ਤੇ ਨਹੀਂ ਕਿਹਾ ਜਾ ਸਕਦਾ। ਤੁਹਾਨੂੰ ਨਹੀਂਂ ਪਤਾ ਹੁੰਦਾ ਕਿ ਇਥੇ ਕਿਹੜੀ ਚੀਜ਼ ਕੰਮ ਕਰਦੀ ਹੈ ਅਤੇ ਕਿਹੜੀ ਨਹੀਂ।
* ਇੰਡਸਟਰੀ 'ਚ ਆਇਆਂ ਤੁਹਾਨੂੰ ਪੰਜ ਸਾਲ ਹੋ ਗਏ ਹਨ। ਹੁਣ ਤੱਕ ਕੀ ਸਿੱਖਿਆ?
— ਪਹਿਲੀ ਗੱਲ ਤਾਂ ਇਹ ਕਿ ਕਦੇ ਵੀ ਕਿਸੇ ਗੱਲ ਨੂੰ ਗੰਭੀਰਤਾ ਨਾਲ ਨਾ ਲਓ। ਦੂਜੀ ਕੰਮ ਨੂੰ ਕਦੇ ਘਰ ਨਾ ਲੈ ਕੇ ਜਾਓ ਅਤੇ ਤੀਜੀ ਸਟਾਰਡਮ ਨੂੰ ਖੁਦ 'ਤੇ ਕਦੇ ਹਾਵੀ ਨਾ ਹੋਣ ਦਿਓ।
* ਉਮਰ ਦੇ ਲਿਹਾਜ਼ ਨਾਲ ਤੁਸੀਂ ਕਾਫੀ ਸਮਝਦਾਰ ਲੱਗਦੇ ਹੋ। ਕੀ ਇਹ ਇੰਡਸਟਰੀ 'ਚ ਆਉਣ ਤੋਂ ਬਾਅਦ ਹੋਇਆ?
— ਜਦੋਂ ਮੈਂ ਇਥੇ ਆਈ ਸੀ ਤਾਂ ਨਾਸਮਝ ਸੀ। ਮੈਨੂੰ ਲੱਗਦਾ ਸੀ ਕਿ ਠੀਕ ਹੈ, ਚਲੋ ਟ੍ਰਾਈ ਕਰਦੇ ਹਾਂ। ਫ਼ਿਲਮ ਚੱਲ ਗਈ ਤਾਂ ਠੀਕ, ਨਹੀਂ ਤਾਂ ਓ. ਕੇ.। ਮੈਂ ਕੁਝ ਹੋਰ ਕਰਾਂਗੀ। 'ਦਬੰਗ' ਤੋਂ ਬਾਅਦ ਤਾਂ ਮੈਨੂੰ ਪਤਾ ਵੀ ਨਹੀਂ ਸੀ ਕਿ ਮੇਰਾ ਅਗਲਾ ਕਦਮ ਕੀ ਹੋਵੇਗਾ। ਮੇਰੇ ਕੋਲ ਕੋਈ ਪਲਾਨ 'ਬੀ' ਨਹੀਂ ਸੀ। ਅਸਲ 'ਚ ਮੇਰੀ ਜ਼ਿੰਦਗੀ 'ਚ ਕਦੇ ਕੋਈ ਪਲਾਨ ਰਿਹਾ ਹੀ ਨਹੀਂ।
* ਕੀ ਤੁਸੀਂ ਕੋਈ ਇਹੋ ਜਿਹੀ ਫ਼ਿਲਮ ਨਹੀਂ ਕਰਨਾ ਚਾਹੁੰਦੇ, ਜੋ ਸਿਰਫ ਤੁਹਾਡੇ ਆਲੇ-ਦੁਆਲੇ ਬੁਣੀ ਗਈ ਹੋਵੇ?
—ਮੈਂ ਔਰਤ ਪ੍ਰਧਾਨ ਫ਼ਿਲਮ ਸਿਰਫ ਇਸ ਲਈ ਨਹੀਂ ਕਰਨਾ ਚਾਹੁੰਦੀ ਕਿਉਂਕਿ ਹਰ ਕੋਈ ਇਹ ਕਰ ਰਿਹਾ ਹੈ। ਇਹ ਕੋਈ ਵਧੀਆ ਕਾਰਨ ਨਹੀਂ ਹੈ। ਮੈਂ ਇਹੋ ਜਿਹੀਆਂ ਫ਼ਿਲਮਾਂ ਕਰ ਰਹੀ ਹਾਂ, ਜਿਨ੍ਹਾਂ ਨੂੰ ਮੈਂ ਇਕ ਦਰਸ਼ਕ ਦੇ ਤੌਰ 'ਤੇ ਦੇਖਣਾ ਪਸੰਦ ਕਰਦੀ ਹਾਂ। ਬਾਕਸ ਆਫਿਸ ਦਾ ਆਪਣਾ ਵੱਖਰਾ ਮਹੱਤਵ ਹੈ।
ਕੁਆਲਿਟੀ ਵਰਕ 'ਚ ਯਕੀਨ
NEXT STORY