ਫ਼ਿਲਮ 'ਕਾਕਟੇਲ' ਤੋਂ ਬਾਅਦ ਹਿੱਟ ਫਿਲਮਾਂ ਦੇ ਰਹੀ ਦੀਪਿਕਾ ਪਾਦੁਕੋਣ ਦਾ ਕਹਿਣਾ ਹੈ ਕਿ ਸਫਲਤਾ ਆਸਾਨੀ ਨਾਲ ਮੇਰੀ ਝੋਲੀ 'ਚ ਆ ਕੇ ਨਹੀਂ ਡਿੱਗੀ, ਇਸ ਦੇ ਲਈ ਉਸ ਨੇ ਖੂਬ ਪਸੀਨਾ ਵਹਾਇਆ ਹੈ। ਉਹ ਸਫਲਤਾ ਨੂੰ ਜ਼ਰਾ ਵੀ ਹਲਕੇ ਤੌਰ 'ਤੇ ਨਹੀਂ ਲੈਂਦੀ। ਉਸ ਦੀ ਪਿਛਲੀ ਰਿਲੀਜ਼ ਫਿਲਮ 'ਪੀਕੂ' ਵੀ ਹਿੱਟ ਰਹੀ ਹੈ। ਪਿਛਲੇ ਕੁਝ ਸਾਲਾਂ 'ਚ ਉਸ ਨੇ ਆਪਣੀ ਐਕਟਿੰਗ ਨੂੰ ਸਿੱਧ ਕਰਨ ਦੇ ਨਾਲ-ਨਾਲ 'ਰਾਮ ਲੀਲਾ', 'ਚੇਨਈ ਐਕਸਪ੍ਰੈੱਸ' ਵਰਗੀਆਂ ਹਿੱਟ ਕਮਰਸ਼ੀਅਲ ਫਿਲਮਾਂ ਵੀ ਦਿੱਤੀਆਂ ਹਨ। ਦੀਪਿਕਾ ਅਨੁਸਾਰ, ''ਅੱਜ ਜੋ ਸਫਲਤਾ ਮੈਨੂੰ ਨਸੀਬ ਹੋਈ ਹੈ, ਉਹ ਇੰਨੀ ਆਸਾਨੀ ਨਾਲ ਨਹੀਂ ਮਿਲੀ। ਅੱਜ ਇਸ ਮੁਕਾਮ 'ਤੇ ਪਹੁੰਚਣ ਲਈ ਮੈਂ ਖੂਬ ਮਿਹਨਤ ਕੀਤੀ। ਆਪਣੇ ਕਰੀਅਰ ਦੀ ਸ਼ੁਰੂਆਤ 'ਚ ਫਿਲਮ 'ਓਮ ਸ਼ਾਂਤੀ ਓਮ' ਦੇ ਸਮੇਂ ਤੋਂ ਹੀ ਮੈਂ ਸਫਲਤਾ ਅਤੇ ਅਸਫਲਤਾ ਦੋਹਾਂ ਦਾ ਤਜਰਬਾ ਕੀਤਾ।''
'ਬ੍ਰੇਕ ਕੇ ਬਾਦ' ਅਤੇ 'ਆਰਕਸ਼ਣ' ਵਰਗੀਆਂ ਫਿਲਮਾਂ ਦੀ ਅਸਫਲਤਾ ਦਾ ਹਵਾਲਾ ਦਿੰਦਿਆਂ ਉਹ ਦੱਸਦੀ ਹੈ, ''ਲੋਕ ਅੱਜ ਮੇਰੀਆਂ ਸਫਲ ਫਿਲਮਾਂ ਦੀ ਗੱਲ ਕਰਦੇ ਹਨ ਪਰ ਇਕ ਦੌਰ ਉਹ ਵੀ ਸੀ, ਜਦੋਂ ਮੇਰੀਆਂ ਫਿਲਮਾਂ ਬਹੁਤ ਚੰਗਾ ਬਿਜ਼ਨੈੱਸ ਨਹੀਂ ਕਰ ਰਹੀਆਂ ਸਨ। ਉਸ ਸਮੇਂ ਦੇ ਅਨੁਭਵ ਵੀ ਮੇਰੇ ਮਨ 'ਚ ਕੈਦ ਹਨ, ਇਸ ਲਈ ਮੈਂ ਆਪਣੀ ਸਫਲਤਾ ਨੂੰ ਵੀ ਹਲਕੇ ਤੌਰ 'ਤੇ ਨਹੀਂ ਲੈਂਦੀ।''
ਫਿਲਮ ਇੰਡਸਟਰੀ 'ਚ ਕਰੀਅਰ ਬਣਾਉਣ ਦੇ ਚਾਹਵਾਨ ਨੌਜਵਾਨਾਂ ਲਈ ਉਸ ਕੋਲ ਇਹੋ ਸਲਾਹ ਹੈ ਕਿ, ''ਜ਼ਿਆਦਾਤਰ ਲੋਕਾਂ ਦੀ ਧਾਰਨਾ ਹੈ ਕਿ ਗਲੈਮਰ ਇੰਡਸਟਰੀ 'ਚ ਮਿਹਨਤ ਕਰਨੀ ਹੀ ਨਹੀਂ ਪੈਂਦੀ ਪਰ ਸੱਚਾਈ ਇਹੀ ਹੈ ਕਿ ਇਥੇ ਵੀ ਸਫਲਤਾ ਮਿਹਨਤ ਅਤੇ ਆਪਣੀਆਂ ਖੁਸ਼ੀਆਂ ਦਾ ਤਿਆਗ ਕਰਨ ਵਾਲਿਆਂ ਨੂੰ ਹੀ ਨਸੀਬ ਹੁੰਦੀ ਹੈ। ਅਸਫਲਤਾਵਾਂ ਦੇ ਬਾਵਜੂਦ ਵਿਸ਼ਵਾਸ ਅਤੇ ਲਗਨ ਨਾਲ ਕੰਮ ਕਰਨ ਵਾਲੇ ਹੀ ਬੁਲੰਦੀ 'ਤੇ ਪਹੁੰਚਦੇ ਹਨ।''
ਆਪਣੀ ਪਿਛਲੀ ਫਿਲਮ 'ਪੀਕੂ' 'ਚ ਇਕ ਬਜ਼ੁਰਗ ਪਿਤਾ ਦੀ ਸਵਾਰਥਹੀਣ ਬੇਟੀ ਦੀ ਭੂਮਿਕਾ ਨਿਭਾਉਣ ਵਾਲੀ ਦੀਪਿਕਾ ਇਸ ਦੀ ਬੇਮਿਸਾਲ ਸਫਲਤਾ ਤੋਂ ਹੈਰਾਨ ਹੈ। ਉਸ ਨੇ ਵੀ ਨਹੀਂ ਸੋਚਿਆ ਸੀ ਕਿ ਇਸ ਫਿਲਮ ਨੂੰ ਦਰਸ਼ਕਾਂ ਵਲੋਂ ਇੰਨਾ ਹੁੰਗਾਰਾ ਮਿਲੇਗਾ।
ਸ਼ਰਧਾ ਬਾਰੇ ਕੁਝ ਹੋਰ ਜਾਣੋ
NEXT STORY