ਗਾਜ਼ੀਆਬਾਦ, (ਭਾਸ਼ਾ)- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਹੈ ਕਿ ਸਿਹਤ ਅਦਾਰਿਆਂ ਦੀ ਪਹਿਲ ਸਮਾਜਿਕ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ।
ਐਤਵਾਰ ਗਾਜ਼ੀਆਬਾਦ ਦੇ ਇੰਦਰਾਪੁਰਮ ’ਚ ਯਸ਼ੋਦਾ ਮੈਡੀਸਿਟੀ ਹਸਪਤਾਲ ਦੇ ਉਦਘਾਟਨੀ ਸਮਾਰੋਹ ਦੌਰਾਨ ਰਾਸ਼ਟਰਪਤੀ ਨੇ ਹਸਪਤਾਲ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਯਸ਼ੋਦਾ ਹਸਪਤਾਲ ਨੇ ਕੋਵਿਡ-19 ਮਹਾਂਮਾਰੀ ਦੌਰਾਨ ਵੱਡੀ ਗਿਣਤੀ ’ਚ ਮਰੀਜ਼ਾਂ ਦਾ ਇਲਾਜ ਕੀਤਾ । ਨਾਲ ਹੀ ਟੀ. ਬੀ. ਦੇ ਖਾਤਮੇ ਦੀ ਰਾਸ਼ਟਰੀ ਮੁਹਿੰਮ ’ਚ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਸੰਸਥਾ ਕਬਾਇਲੀ ਖੇਤਰਾਂ ’ਚ ਸਿਹਤ ਸਮੱਸਿਆਵਾਂ ਨੂੰ ਵੀ ਹੱਲ ਕਰਦੀ ਹੈ।
ਮੁਰਮੂ ਨੇ ਕਿਹਾ ਕਿ ਸਿਹਤ ਤੇ ਡਾਕਟਰੀ ਬੁਨਿਆਦੀ ਢਾਂਚਾ ਲਗਾਤਾਰ ਫੈਲ ਰਿਹਾ ਹੈ। ਨਿੱਜੀ ਖੇਤਰ ਦੇ ਸਿਹਤ ਅਦਾਰੇ ਇਸ ਖੇਤਰ ’ਚ ਅਨਮੋਲ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਹਸਪਤਾਲ ਦੇ ਚੇਅਰਮੈਨ ਡਾ. ਪੀ. ਐੱਨ. ਅਰੋੜਾ ਦਾ ਹਸਪਤਾਲ ਦਾ ਨਾਂ ਆਪਣੀ ਮਾਤਾ ਦੇ ਨਾਮ 'ਤੇ ਰੱਖਣ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਰਾਸ਼ਟਰਪਤੀ ਨੇ ਕਿਹਾ ਕਿ ਯਸ਼ੋਦਾ ਮੈਡੀਸਿਟੀ ਵੱਲੋਂ ਆਧੁਨਿਕ ਕੈਂਸਰ ਇਲਾਜ ਸਹੂਲਤਾਂ ਪ੍ਰਦਾਨ ਕੀਤੀਆਂ ਜੇਣਗੀਆਂ। ਉਨ੍ਹਾਂ ਪਹਿਲੀ ਵਾਰ ਇਕ ਛੱਤ ਹੇਠ ਇਕ ਵਿਆਪਕ ਇਲਾਜ ਪ੍ਰਣਾਲੀ ਦੇਖੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਹਸਪਤਾਲ ਸਿਹਤ ਸੇਵਾਵਾਂ ਤੇ ਡਾਕਟਰੀ ਖੋਜ ਦੇ ਖੇਤਰ ’ਚ ਪ੍ਰਭਾਵਸ਼ਾਲੀ ਯਤਨ ਕਰੇਗਾ।
ਉਦਘਾਟਨੀ ਸਮਾਰੋਹ ’ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਰੱਖਿਆ ਮੰਤਰੀ ਰਾਜਨਾਥ ਸਿੰਘ, ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਅਤੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਅਨੁਪ੍ਰਿਆ ਪਟੇਲ ਵੀ ਮੌਜੂਦ ਸਨ। ਡਾ. ਪੀ. ਐੱਨ. ਅਰੋੜਾ ਨੇ ਮਹਿਮਾਨਾਂ ਦਾ ਸ਼ਾਲ, ਸ਼ੰਖ ਤੇ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਵਾਗਤ ਕੀਤਾ।
ਲਖਨਊ ’ਚ ਇਕ ਨੌਜਵਾਨ ਨੇ ਕਾਰ ਅੰਦਰ ਖੁਦ ਨੂੰ ਮਾਰੀ ਗੋਲੀ, ਮੌਤ
NEXT STORY