ਪਟਿਆਲਾ (ਜ.ਬ.)-ਥਾਣਾ ਜੁਲਕਾਂ ਵਿਚ ਪੈਂਦੇ ਪਿੰਡ ਕਿਸ਼ਨਪੁਰਾ ਵਿਖੇ ਪਿਛਲੇ 40 ਸਾਲਾਂ ਤੋਂ ਸਵਰਗੀ ਲੱਜਾ ਰਾਮ ਅਤੇ ਗੁਰਜੰਟ ਸਿੰਘ ਦੇ ਪਰਿਵਾਰ ਦਰਮਿਆਨ ਥੋੜ੍ਹੀ ਜਿਹੀ ਸਾਂਝੀ ਜ਼ਮੀਨ ਨੂੰ ਲੈ ਕੇ ਝਗਡ਼ਾ ਚੱਲ ਰਿਹਾ ਸੀ। ਦੋਵਾਂ ਧਿਰਾਂ ਵਿਚਕਾਰ ਕਈ ਵਾਰ ਖੂਨੀ ਲਡ਼ਾਈਆਂ ਵੀ ਹੋਈਆਂ। ਮਾਮਲਾ ਕੋਰਟ-ਕਚਹਿਰੀਆਂ ਤੱਕ ਚਲਾ ਗਿਆ ਸੀ। ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਦੇ ਦਖਲ ’ਤੇ ਝਗਡ਼ੇ ਦਾ ਬੀਤੇ ਕੱਲ ਸੁਖਦ ਅੰਤ ਹੋ ਗਿਆ। ਹੈਰੀਮਾਨ ਦੇ ਓ. ਐੱਸ. ਡੀ. ਜੋਗਿੰਦਰ ਸਿੰਘ ਕਾਕਡ਼ਾ ਨੇ ਝਗਡ਼ੇ ਦਾ ਕਾਰਨ ਬਣੀ ਜ਼ਮੀਨ ਨੂੰ ਪਿੰਡ ਦੀ ਦਰਗਾਹ ਅਤੇ ਪਿੰਡ ਦੇ ਰਸਤੇ ਨੂੰ ਦੇ ਕੇ ਸ਼ਾਂਤੀਪੂਰਨ ਹੱਲ ਕਰਵਾ ਦਿੱਤਾ ਹੈ। ਇਸ ਦੀ ਹਲਕੇ ਵਿਚ ਭਾਰੀ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਿਸ਼ਨਪੁਰਾ ਜਿੱਥੇ ਕਿ 1979-80 ਤੋਂ ਲੱਜਾ ਰਾਮ ਦੇ ਪਰਿਵਾਰ ਅਤੇ ਗੁਰਜੰਟ ਸਿੰਘ ਦੇ ਪਰਿਵਾਰ ਦਰਮਿਆਨ ਪਿੰਡ ਦੀ ਥੋੜ੍ਹੀ ਜਿਹੀ ਸਾਂਝੀ ਥਾਂ ਨੂੰ ਲੈ ਕੇ ਝਗਡ਼ਾ ਹੋ ਗਿਆ। ਇਸ ਨੇ ਖੂਨੀ ਲਡ਼ਾਈ ਦਾ ਰੂਪ ਲੈ ਲਿਆ ਸੀ। ਬੀਤੇ ਦਿਨੀਂ ਜਦੋਂ ਇਹ ਮਾਮਲਾ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਨਿੱਜੀ ਤੌਰ ’ਤੇ ਝਗਡ਼ੇ ਵਾਲੀ ਥਾਂ ਦਾ ਜਾਇਜ਼ਾ ਲਿਆ। ਦੋਵਾਂ ਧਿਰਾਂ ਦੀ ਗੱਲਬਾਤ ਸੁਣੀ। ਇਸ ਝਗਡ਼ੇ ਨੂੰ ਨਿਪਟਾਉਣ ਲਈ ਆਪਣੇ ਓ. ਐੱਸ. ਡੀ. ਜੋਗਿੰਦਰ ਸਿੰਘ ਕਾਕਡ਼ਾ ਦੀ ਡਿਊਟੀ ਲਾਈ ਗਈ। ਉਨ੍ਹਾਂ ਦੋਵਾਂ ਧਿਰਾਂ ਨਾਲ ਗੱਲਬਾਤ ਕਰ ਕੇ ਸਾਂਝੇ ਹੱਲ ਲਈ ਯਤਨ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦੇ ਯਤਨਾਂ ਨੂੰ ਉਦੋਂ ਬਡ਼ੀ ਠੇਸ ਲੱਗੀ ਜਦੋਂ ਬੀਤੇ ਦਿਨੀਂ ਦੋਵਾਂ ਧਿਰਾਂ ਵਿਚਕਾਰ ਖੂਨੀ ਝਡ਼ਪ ਹੋ ਗਈ। ਕਾਕਡ਼ਾ ਨੇ ਦਿਲ ਨਾ ਛੱਡਿਆ। ਇਸ ਮਾਮਲੇ ਨੂੰ ਨਿਬੇਡ਼ਨ ਲਈ ਨਿੱਜੀ ਤੌਰ ’ਤੇ ਦਿਲਚਸਪੀ ਲੈਂਦੇ ਹੋਏ ਦੋਵਾਂ ਧਿਰਾਂ ਦੇ ਮੋਹਤਬਰਾਂ ਨੂੰ ਲੈ ਕੇ ਯਤਨ ਕੀਤੇ। ਦੋਵੇਂ ਧਿਰਾਂ ਹੱਲ ਲਈ ਸਹਿਮਤ ਹੋ ਗਈਆਂ। ਸਭ ਤੋਂ ਪਹਿਲਾਂ ਜੋਗਿੰਦਰ ਸਿੰਘ ਕਾਕਡ਼ਾ ਨੇ ਬੀਤੇ ਦਿਨ ਹੋਈ ਲਡ਼ਾਈ ਦਾ ਥਾਣੇ ’ਚ ਸਮਝੌਤਾ ਕਰਵਾਇਆ। ਇਸੇ ਦੌਰਾਨ ਪਿੰਡ ਜਾ ਕੇ ਇਸ ਵਿਵਾਦਤ ਥਾਂ ਨੂੰ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਪੀਰ ਦੀ ਦਰਗਾਹ ਅਤੇ ਸਾਂਝੇ ਰਸਤੇ ਲਈ ਥਾਂ ਨੂੰ ਵੰਡ ਦਿੱਤਾ। 40 ਸਾਲਾਂ ਤੋਂ ਚੱਲ ਰਹੀ ਖੂਨੀ ਜੰਗ ਦਾ ਸੁਖਦ ਹੱਲ ਕੱਢ ਦਿੱਤਾ। ਇਸ ਦੀ ਹਰ ਪਾਸਿਓਂ ਸ਼ਲਾਘਾ ਹੋ ਰਹੀ ਹੈ। ਇਸ ਮੌਕੇ ਜੋਗਿੰਦਰ ਸਿੰਘ ਕਾਕਡ਼ਾ ਤੋਂ ਇਲਾਵਾ ਜਗਦੀਸ਼ ਸ਼ਰਮਾ, ਨਰਿੰਦਰ ਸ਼ਰਮਾ, ਮਾਨ ਸਿੰਘ ਨੰਬਰਦਾਰ, ਪਰਗਟ ਸਿੰਘ ਰੱਤਾ ਖੇਡ਼ਾ, ਮਨਿੰਦਰ ਫਰਾਂਸਵਾਲਾ, ਜੀਤ ਸਿੰਘ ਮੀਰਾਂਪੁਰ, ਦੇਬਨ ਹਾਜੀਪੁਰ, ਤਿਲਕ ਰਾਜ, ਜਸਪਾਲ ਸਿੰਗਲਾ, ਰਮੇਸ਼ ਲਾਂਬਾ, ਰਿੰਕੂ ਮਿੱਤਲ, ਡਾ. ਅਰੁਣ, ਭੀਮ ਗੁੱਜਰ, ਸੋਨੀ ਨਿਜ਼ਾਮਪੁਰ, ਗੁਰੀ ਤੇ ਮੰਗਾ, ਪ੍ਰਲਾਹਦ ਭਸਮਡ਼ਾ, ਸਤੀਸ਼ ਸ਼ਰਮਾ ਬਹਿਲ, ਰਿਖੀ ਰਾਮ, ਰਾਮ ਕਰਨ ਬਡਲੀ ਆਦਿ ਵੀ ਮੌਜੂਦ ਸਨ।
ਸਿਵਲ ਲਾਈਨਜ਼ ਸਕੂਲ ਵਿਖੇ ਟਰੈਫਿਕ ਸੈਮੀਨਾਰ ਆਯੋਜਿਤ
NEXT STORY