ਰਮਦਾਸ, (ਸਾਰੰਗਲ)- ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ 'ਤੇ ਸਥਿਤ ਦਰਿਆ ਰਾਵੀ 'ਚ ਪਾਣੀ ਦਾ ਪੱਧਰ ਵਧਣ ਨਾਲ ਕਿਸਾਨਾਂ ਦੀ ਕਰੀਬ 2000 ਕਿੱਲਾ ਜ਼ਮੀਨ ਪਾਣੀ 'ਚ ਡੁੱਬਣ ਦਾ ਸਮਾਚਾਰ ਮਿਲਿਆ ਹੈ ਅਤੇ ਇਸ ਨਾਲ ਜਿਥੇ ਸਰਹੱਦੀ ਕਸਬਾ ਰਮਦਾਸ ਤੇ ਇਸ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨ ਪੂਰੀ ਤਰ੍ਹਾਂ ਚਿੰਤਾ ਦੇ ਆਲਮ ਵਿਚ ਦਿਖਾਈ ਦੇ ਰਹੇ ਹਨ, ਉਥੇ ਹੀ ਉਨ੍ਹਾਂ ਦੇ ਮਨਾਂ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਪ੍ਰਤੀ ਵੀ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਅਜੇ ਤੱਕ ਕਿਸੇ ਵੀ ਕਿਸਾਨ ਦੀ ਖੈਰ-ਖਬਰ ਪੁੱਛਣ ਲਈ ਕੋਈ ਵੀ ਸਰਕਾਰ ਦਾ ਨੁਮਾਇੰਦਾ ਜਾਂ ਸਰਕਾਰੀ ਅਧਿਕਾਰੀ ਨਹੀਂ ਬਹੁੜਿਆ।
ਇਸ ਸਬੰਧੀ ਸਰਹੱਦੀ ਕਸਬਾ ਰਮਦਾਸ ਦੇ ਲਾਗਲੇ ਵੱਖ-ਵੱਖ ਪਿੰਡਾਂ ਪਸ਼ੀਆ, ਜੱਟਾ, ਘੋਨੇਵਾਲ ਤੇ ਰਮਦਾਸ ਦੇ ਕਿਸਾਨਾਂ ਮੱਖਣ ਸਿੰਘ, ਗੁਰਦਿਆਲ ਸਿੰਘ, ਕਸ਼ਮੀਰ ਸਿੰਘ, ਬਲਵਿੰਦਰ ਸਿੰਘ, ਕੁੰਨਣ ਸਿੰਘ, ਯੂਸਫ ਮਸੀਹ, ਬਲਵਿੰਦਰ, ਰੇਸ਼ਮ ਸਿੰਘ, ਡੇਵਿਡ ਮਸੀਹ, ਕਾਬਲ ਸਿੰਘ, ਜੇਮਸ ਮਸੀਹ, ਬਖਸ਼ੀਸ਼, ਅਜੇ ਪਾਲ, ਰਸ਼ਪਾਲ, ਮੇਜਰ ਮੋਹਣ ਸਿੰਘ, ਗੁਰਮੇਜ ਸਿੰਘ, ਗੁਰਮੁੱਖ ਸਿੰਘ, ਸਤਿੰਦਰ ਸਿੰਘ, ਆਲਮਬੀਰ ਸਿੰਘ, ਦਲੀਪ ਸਿੰਘ, ਹਰਬੰਸ ਸਿੰਘ, ਪਰਮਜੀਤ ਸਿੰਘ, ਅਮਰਜੀਤ ਸਿੰਘ ਹਰਜਿੰਦਰ ਸਿੰਘ, ਬਲਵਿੰਦਰ ਸਿੰਘ, ਬਲਜਿੰਦਰ ਸਿੰਘ, ਸੁੱਚਾ ਸਿੰਘ, ਗੁਰਦਿਆਲ ਸਿੰਘ, ਸਤਨਾਮ ਸਿੰਘ, ਮਲਕੀਤ ਸਿੰਘ ਆਦਿ ਨੇ ਸਾਂਝੇ ਤੌਰ 'ਤੇ ਅੱਜ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਉਹ ਪਹਿਲਾਂ ਕਮਾਲਪੁਰ ਚੌਕੀ ਦੇ ਲਾਗੇ ਦਰਿਆ ਪਾਰ ਸਥਿਤ ਪਿੰਡਾਂ ਕੱਸੋਵਾਲ, ਰਾਜੀ ਕੱਸੋਵਾਲੀ, ਸਹਾਰਨ, ਰਾਜੀ ਸਹਾਰਨ 'ਚ ਰਹਿੰਦੇ ਸਨ ਪਰ ਬਾਅਦ ਵਿਚ ਉਹ ਸਰਹੱਦੀ ਕਸਬਾ ਰਮਦਾਸ ਦੇ ਉਕਤ ਪਿੰਡਾਂ ਵਿਚ ਆ ਵਸੇ, ਜਦਕਿ ਉਨ੍ਹਾਂ ਦੀ ਜ਼ਮੀਨ ਰਾਵੀ ਦਰਿਆ ਦੇ ਪਾਰਲੇ ਪਾਸੇ ਹੀ ਉਕਤ ਪਿੰਡਾਂ ਵਿਚ ਰਹਿ ਗਈ ਅਤੇ ਹੁਣ ਉਹ ਆਪਣੀਆਂ ਜ਼ਮੀਨਾਂ ਵਿਚ ਖੇਤੀ ਕਰ ਰਹੇ ਸਨ ਤਾਂ ਅਚਾਨਕ ਰਾਵੀ ਦਰਿਆ ਵਿਚ ਪਾਣੀ ਦਾ ਲੈਵਲ ਵੱਧ ਗਿਆ, ਜਿਸ ਨੇ ਸਾਡੀਆਂ ਫਸਲਾਂ ਨੂੰ ਲਪੇਟ ਵਿਚ ਲੈ ਲਿਆ।
ਉਕਤ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਖੇਤਾਂ ਵਿਚ ਇਸ ਵਾਰ ਝੋਨੇ ਦੀ ਫਸਲ ਬੀਜੀ ਸੀ ਪਰ ਦਰਿਆਈ ਪਾਣੀ ਕਾਰਨ ਉਨ੍ਹਾਂ ਦੀ ਫਸਲ ਵਿਚ 5-5 ਫੁੱਟ ਤੱਕ ਪਾਣੀ ਖੜ੍ਹਾ ਹੋ ਗਿਆ, ਜਿਸ ਨੂੰ ਲੈ ਕੇ ਉਹ ਕਾਫੀ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਦਰਿਆ ਪਾਰ ਜਾਣ ਲਈ ਇਕ ਬੇੜੇ ਦਾ ਪ੍ਰਬੰਧ ਕੀਤਾ ਹੋਇਆ ਹੈ, ਜਿਸ ਨੂੰ ਡੇਵਿਡ ਮਸੀਹ ਕਾਲਾ ਨਾਮੀ ਮਲਾਹ ਚਲਾ ਕੇ ਸਾਨੂੰ ਦਰਿਆ ਤੋਂ ਪਾਰ ਖੇਤਾਂ ਵਿਚ ਛੱਡ ਦਿੰਦਾ ਹੈ ਅਤੇ ਅਸੀਂ ਸਾਰੇ ਕਿਸਾਨ ਮਿਲ ਕੇ ਉਸ ਮਲਾਹ ਨੂੰ ਕੋਲੋਂ ਤਨਖਾਹ ਦਿੰਦੇ ਹਾਂ, ਜਦਕਿ ਸਰਕਾਰ ਵੱਲੋਂ ਇਸ ਨੂੰ ਕੋਈ ਤਨਖਾਹ ਜਾਂ ਭੱਤਾ ਆਦਿ ਸਾਨੂੰ ਪਾਰਲੇ ਪਾਸੇ ਪਹੁੰਚਾਉਣ ਤੇ ਵਾਪਸ ਲਿਆਉਣ ਲਈ ਨਹੀਂ ਦਿੱਤਾ ਜਾ ਰਿਹਾ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਇਸ ਬੇੜੇ ਵਿਚ ਅਸੀਂ ਖੇਤੀ ਨਾਲ ਸੰਬੰਧਿਤ ਸੰਦ ਕਹੀ, ਟਰੈਕਟਰ, ਮੋਟਰਸਾਈਕਲ, ਖਾਦ ਦੀਆਂ ਬੋਰੀਆਂ ਆਦਿ ਲੱਦ ਕੇ ਲਿਜਾਂਦੇ ਹਾਂ।
ਕਿਸਾਨਾਂ ਨੇ ਰੋਸ ਭਰੇ ਅੰਦਾਜ਼ 'ਚ ਕਿਹਾ ਕਿ ਉਨ੍ਹਾਂ ਦੀ 2000 ਕਿੱਲਾ ਜ਼ਮੀਨ ਪਾਣੀ ਦੀ ਮਾਰ ਹੇਠ ਆਉਣ ਨਾਲ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਸਾਡੀ ਜ਼ਮੀਨ ਦੀ ਗਿਰਦਾਵਰੀ ਨਹੀਂ ਕੀਤੀ। ਸਰਹੱਦੀ ਪਿੰਡਾਂ ਦੇ ਕਿਸਾਨਾਂ ਦੀ ਪ੍ਰਸ਼ਾਸਨ, ਸੰਬੰਧਿਤ ਵਿਭਾਗ ਤੇ ਸਰਕਾਰ ਤੋਂ ਜ਼ੋਰਦਾਰ ਮੰਗ ਹੈ ਕਿ ਉਨ੍ਹਾਂ ਦੀਆਂ ਪਾਣੀ ਦੀ ਲਪੇਟ ਵਿਚ ਆਈਆਂ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਮਾਮਲੇ ਸਬੰਧੀ ਜਦੋਂ ਹਲਕਾ ਵਿਧਾਇਕ ਅਜਨਾਲਾ ਹਰਪ੍ਰਤਾਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਜੋ ਫਸਲ ਰਾਵੀ ਦਰਿਆ ਦੀ ਮਾਰ ਹੇਠ ਆਈ ਹੈ, ਉਸ ਸਬੰਧੀ ਤਹਿਸੀਲਦਾਰ ਅਜਨਾਲਾ ਦੀ ਡਿਊਟੀ ਲਾ ਦਿੱਤੀ ਗਈ ਹੈ ਅਤੇ ਜੋ ਵੀ ਰਿਪੋਰਟ ਬਣੇਗੀ ਉਸ ਦੇ ਆਧਾਰ 'ਤੇ ਬਣਦਾ ਹੱਲ ਕੱਢ ਦਿੱਤਾ ਜਾਵੇਗਾ।
ਤੀਜੇ ਦਿਨ 64 ਕਿਸਾਨ ਆਗੂਆਂ ਨੇ ਦਿੱਤੀਆਂ ਗ੍ਰਿਫਤਾਰੀਆਂ
NEXT STORY