ਮਾਛੀਵਾਡ਼ਾ ਸਾਹਿਬ, (ਟੱਕਰ, ਸਚਦੇਵਾ)- ਮਾਛੀਵਾਡ਼ਾ ਪੁਲਸ ਨੇ ਇਕ ਚੋਰ ਗਿਰੋਹ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ, ਜਿਸ ਦੇ 5 ਮੈਂਬਰ ਦੁਖਨਾ, ਗੋਵਿੰਦਾ ਦਸਮੇਸ਼ ਨਗਰ ਮਾਛੀਵਾਡ਼ਾ, ਲਛਮਣ ਕੁਮਾਰ, ਰਾਮ ਪੰਡਿਤ, ਸਨੋਜ ਕੁਮਾਰ (ਸਾਰੇ ਬਲੀਬੇਗ ਬਸਤੀ ਦੇ ਨਿਵਾਸੀ) ਹਨ ਤੇ ਇਨ੍ਹਾਂ ਨੇ ਸ਼ਹਿਰ ਵਿਚ 10 ਤੋਂ ਵੱਧ ਚੋਰੀਆਂ ਕਰਨ ਦਾ ਖੁਲਾਸਾ ਕੀਤਾ ਹੈ।
®ਅੱਜ ਪੁਲਸ ਜ਼ਿਲਾ ਖੰਨਾ ਦੇ ਐੱਸ. ਐੱਸ. ਪੀ. ਧਰੁਵ ਦਹੀਆ, ਐੱਸ. ਪੀ. ਡੀ. ਜਸਵੀਰ ਸਿੰਘ ਤੇ ਡੀ. ਐੱਸ. ਪੀ. ਹਰਸਿਮਰਤ ਸਿੰਘ ਛੇਤਰਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇੰਸਪੈਕਟਰ ਰਾਜੇਸ਼ ਕੁਮਾਰ ਤੇ ਸਹਾਇਕ ਥਾਣੇਦਾਰ ਅਜਮੇਰ ਸਿੰਘ ਨੇ ਨੂਰਪੁਰ ਸੂਆ ਪੁਲੀ ਨੇਡ਼ੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਪੁਲਸ ਪਾਰਟੀ ਨੂੰ ਦੇਖ ਕੇ ਝੁੱਗੀਆਂ ’ਚੋਂ ਨਿਕਲੇ ਇਹ 5 ਵਿਅਕਤੀ ਇਕਦਮ ਭੱਜ ਗਏ, ਜਿਸ ’ਤੇ ਪੁਲਸ ਪਾਰਟੀ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਤਫਤੀਸ਼ ਦੌਰਾਨ ਇਨ੍ਹਾਂ ਦੱਸਿਆ ਕਿ ਉਨ੍ਹਾਂ ਪਿਛਲੇ 2 ਮਹੀਨੇ ਦੌਰਾਨ ਰਾਤ ਸਮੇਂ 10 ਤੋਂ ਵੱਧ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ।
ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਇਸ ਚੋਰ ਗਿਰੋਹ ਨੇ ਜਸਵੀਰ ਕਰਿਆਨਾ ਸਟੋਰ ਰੋਪਡ਼ ਰੋਡ ਦੁਕਾਨ ’ਚੋਂ ਤੰਬਾਕੂ ਦਾ ਸਾਮਾਨ ਤੇ ਕੁਝ ਪੈਸੇ ਚੋਰੀ ਕੀਤੇ, ਅਨਾਜ ਮੰਡੀ ਮਾਛੀਵਾਡ਼ਾ ਵਿਖੇ ਸੁੱਤੇ ਪਏ ਮਜ਼ਦੂਰਾਂ ਦੇ ਕਈ ਮੋਬਾਇਲ, ਰੋਪਡ਼ ਰੋਡ ਵਿਖੇ ਸਿਗਰੇਟ-ਬੀਡ਼ੀ ਵਾਲੇ ਖੋਖੇ ਦੇ ਤਾਲੇ ਤੋਡ਼ ਕੇ ਉਸ ’ਚੋਂ ਨਕਦੀ, ਜੈਨ ਮਾਰਬਲ ਸਟੋਰ ਦੇ ਤਾਲੇ ਤੋਡ਼ ਕੇ 2 ਮੋਬਾਇਲ, ਅਨਾਜ ਮੰਡੀ ਨੇਡ਼ੇ ਖੋਖੇ ਦੇ ਤਾਲੇ ਤੋਡ਼ ਕੇ ਬੀੜੀਆਂ, ਸਿਗਰਟਾਂ, ਨਕਦੀ ਤੇ ਇਕ ਚਾਂਦੀ ਦੀ ਚੇਨ, ਮਨੀ ਹੇਅਰ ਡਰੈਸਰ ਦੁਕਾਨ ਦੇ ਤਾਲੇ ਤੋਡ਼ ਕੇ ਮੋਬਾਇਲ ਤੇ ਨਕਦੀ, ਰੋਪਡ਼ ਰੋਡ ’ਤੇ ਬਿਸਕੁਟਾਂ ਵਾਲੀ ਦੁਕਾਨ ਦੇ ਤਾਲੇ ਤੋਡ਼ ਕੇ ਨਕਦੀ ਤੇ ਪਹਿਲਵਾਨ ਸੀਡਜ਼ ਸਟੋਰ ਮਾਛੀਵਾਡ਼ਾ ਦੇ ਤਾਲੇ ਤੋਡ਼ ਕੇ ਨਕਦੀ ਚੋਰੀ ਕੀਤੀ। ਪੁਲਲ ਨੇ ਚੋਰਾਂ ਦੀ ਨਿਸ਼ਾਨਦੇਹੀ ’ਤੇ 9 ਮੋਬਾਇਲ ਫੋਨ ਅਤੇ 5 ਹਜ਼ਾਰ ਦੀ ਨਕਦੀ ਬਰਾਮਦ ਕੀਤੀ, ਜਦਕਿ ਬਾਕੀ ਚੋਰੀ ਦਾ ਸਾਰਾ ਸਾਮਾਨ ਇਹ ਨਸ਼ਿਆਂ ਤੇ ਹੋਰ ਖਾਣ-ਪੀਣ ਵਿਚ ਉਡਾ ਗਏ। ਅੱਜ ਪ੍ਰੈੱਸ ਕਾਨਫਰੰਸ ਦੌਰਾਨ ਸਹਾਇਕ ਥਾਣੇਦਾਰ ਮਾਨ ਸਿੰਘ ਅਤੇ ਹੋਰ ਪੁਲਸ ਕਰਮਚਾਰੀ ਵੀ ਮੌਜਦ ਸਨ।
ਜੇਲ ਤੋਂ ਰਿਹਾਅ ਹੁੰਦਿਆਂ ਫਿਰ ਬਣਾਇਆ ਗਿਰੋਹ
ਮਾਛੀਵਾਡ਼ਾ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਦੁਖਨਾ, ਗੋਵਿੰਦਾ, ਲਛਮਣ ਕੁਮਾਰ ਉਪਰ ਮਾਛੀਵਾਡ਼ਾ ਥਾਣਾ ਵਿਚ ਪਹਿਲਾਂ ਵੀ ਚੋਰੀ ਤੇ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਦੇ ਮਾਮਲੇ ਦਰਜ ਹਨ ਤੇ ਕੁਝ ਮਹੀਨੇ ਪਹਿਲਾਂ ਹੀ ਇਹ ਜੇਲ ’ਚੋਂ ਰਿਹਾਅ ਹੋ ਕੇ ਆਏ ਸਨ। ਜੇਲ ਤੋਂ ਬਾਹਰ ਆਉਂਦਿਆਂ ਹੀ ਗੋਵਿੰਦਾ ਤੇ ਵਿਨੋਦ ਨੇ ਆਪਣਾ ਗਿਰੋਹ ਬਣਾ ਲਿਆ ਤੇ ਰਾਤ ਨੂੰ ਸ਼ਹਿਰ ਵਿਚ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਲਗ ਪਏ। ਪੁਲਸ ਨੇ ਇਸ ਗਿਰੋਹ ’ਚ ਸ਼ਾਮਲ ਵਿਨੋਦ ਖਿਲਾਫ਼ ਵੀ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਉਸਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ। ਇਹ ਸਾਰੇ ਹੀ ਪ੍ਰਵਾਸੀ ਮਜ਼ਦੂਰ ਹਨ ਤੇ ਇਸ ਗਿਰੋਹ ਨੂੰ ਕਾਬੂ ਕਰਨਾ ਪੁਲਸ ਜ਼ਿਲਾ ਖੰਨਾ ਦੀ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ ਕਿਉਂਕਿ ਹੁਣ ਸ਼ਹਿਰ ਵਿਚ ਚੋਰੀਆਂ ਦਾ ਕਹਿਰ ਘਟੇਗਾ।
ਲੁੱਟ ਦੇ ਮਾਮਲੇ ’ਚ ਲਡ਼ਕੇ ਨੂੰ 5 ਸਾਲ ਕੈਦ, 10 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ
NEXT STORY