ਸੰਗਰੂਰ,(ਬੇਦੀ)- ਪੰਜਾਬ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਨੂੰ ਭੰਗ ਕਰਨ ਦੇ ਫੈਸਲੇ ਦੇ ਖਿਲਾਫ ਟਰੱਕ ਯੂਨੀਅਨ ਸੰਗਰੂਰ ਦੇ ਆਪ੍ਰੇਟਰਾਂ ਵੱਲੋਂ ਡੀ. ਸੀ. ਦਫਤਰ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟਾਇਆ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮਿੰਟੂ ਬਡਰੁਖਾਂ ਨੇ ਕਿਹਾ ਕਿ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਨੂੰ ਭੰਗ ਕਰਨ ਦੇ ਫੈਸਲੇ ਨਾਲ ਜਿੱਥੇ ਸੂਬੇ ਦੇ ਹਜ਼ਾਰਾਂ ਟਰੱਕ ਮਾਲਕ ਪ੍ਰਭਾਵਿਤ ਹੋਣਗੇ ਉਥੇ ਇਸ ਫੈਸਲੇ ਨਾਲ ਇਸ ਕਿੱਤੇ ਨਾਲ ਸਬੰਧਿਤ ਹਜ਼ਾਰਾਂ ਡਰਾਈਵਰਾਂ, ਕਲੀਨਰਾਂ ਦੀ ਮਾਲੀ ਹਾਲਤ ਵੀ ਵਿਗੜ ਜਾਵੇਗੀ।
ਇਸ ਮੌਕੇ ਗੁਰਪ੍ਰੀਤ ਕਾਕਾ, ਹਰਜੀਤ ਸਿੰਘ ਕਾਕਾ ਸਾਬਕਾ ਪ੍ਰਧਾਨ, ਬਲਵਿੰਦਰ ਸਿੰਘ ਲਾਲੀ, ਮੈਨੇਜਰ ਅਵਤਾਰ ਸਿੰਘ, ਮਨਜੀਤ ਸਿੰਘ ਜਵੰਧਾ, ਰਾਜੇਸ਼ ਕੁਮਾਰ ਸਿੰਗਲਾ, ਤਾਰਾ ਚੰਦ, ਰਛਪਾਲ ਸਿੰਘ ਮੁਨਸ਼ੀ, ਗੁਰਮੇਲ ਸਿੰਘ ਭੁੱਲਰ, ਮੱਘਰ ਸਿੰਘ ਵਾਲੀਆ, ਬਲਦੇਵ ਖਾਨ, ਪਿਆਰਾ ਖਾਨ, ਹਰਬੰਸ ਖਾਨ ਤੇ ਮਹਿੰਦਰ ਸਿੰਘ ਆਦਿ ਹਾਜ਼ਰ ਸਨ।
ਮਾਲੇਰਕੋਟਲਾ, (ਸ਼ਹਾਬੂਦੀਨ)- ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਟਰੱਕ ਯੂਨੀਅਨਾਂ ਭੰਗ ਕੀਤੇ ਜਾਣ ਦੇ ਵਿਰੋਧ 'ਚ ਸਰਕਾਰ ਖਿਲਾਫ ਸੰਘਰਸ਼ ਦਾ ਬਿਗੁਲ ਵਜਾਉਂਦਿਆਂ ਸੜਕਾਂ 'ਤੇ ਉਤਰੇ ਪੰਜਾਬ ਭਰ ਦੇ ਟਰੱਕ ਆਪ੍ਰੇਟਰਾਂ ਨੇ ਹੁਣ ਸਰਕਾਰ ਵਿਰੁੱਧ ਆਰ ਜਾਂ ਪਾਰ ਦੀ ਲੜਾਈ ਛੇੜ ਦਿੱਤੀ ਹੈ। ਜਿਸ ਦੇ ਆਰੰਭ 'ਚ ਪਹਿਲਾਂ ਬਲਾਕ ਪੱਧਰੀ ਧਰਨੇ-ਮੁਜ਼ਾਹਰੇ ਕਰਨ ਦੇ ਦਿੱਤੇ ਗਏ ਸੱਦੇ ਤਹਿਤ ਅੱਜ ਮਾਲੇਰਕੋਟਲਾ-ਅਮਰਗੜ੍ਹ ਤੇ ਕੁੱਪ ਨਾਲ ਸਬੰਧਿਤ ਟਰੱਕ ਯੂਨੀਅਨਾਂ ਸਮੇਤ ਹੋਰ ਆਲੇ-ਦੁਆਲੇ ਦੇ ਟਰੱਕ ਆਪ੍ਰੇਟਰਾਂ ਨੇ ਐੱਸ. ਡੀ. ਐੱਮ. ਦਫਤਰ ਦੇ ਬਾਹਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਦੌਰਾਨ ਜਮ ਕੇ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਭੰਗ ਕਰਨ ਦੇ ਜਾਰੀ ਕੀਤੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ।
ਟਰੱਕ ਆਪ੍ਰੇਟਰਾਂ ਨੇ ਸਰਕਾਰ 'ਤੇ ਉਨ੍ਹਾਂ ਦਾ ਰੋਜ਼ਗਾਰ ਠੱਪ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਦੇ ਇਸ ਟਰਾਂਸਪੋਰਟਰ ਮਾਰੂ ਫੈਸਲੇ ਨਾਲ ਕੰਗਾਲੀ ਦੇ ਰਾਹ 'ਤੇ ਆਏ ਟਰੱਕ ਆਪ੍ਰੇਟਰਾਂ ਦੇ ਬਲਦੇ ਚੁੱਲ੍ਹੇ ਹੁਣ ਠੰਡੇ ਹੋਣ ਲੱਗ ਪਏ ਹਨ, ਜੇਕਰ ਇਹ ਹੀ ਹਾਲ ਰਿਹਾ ਤਾਂ ਟਰੱਕ ਆਪ੍ਰੇਟਰਾਂ ਦੇ ਪਰਿਵਾਰ ਭੁੱਖੇ ਮਰਨ ਲਈ ਮਜਬੂਰ ਹੋ ਜਾਣਗੇ, ਕਿਉਂਕਿ ਟਰੱਕ ਯੂਨੀਅਨਾਂ ਭੰਗ ਕੀਤੇ ਜਾਣ ਨਾਲ ਵਪਾਰੀ ਕਥਿਤ ਆਪਣੀਆਂ ਮਨਮਰਜ਼ੀਆਂ ਕਰਨ ਲੱਗ ਪਏ ਹਨ।
ਇਸ ਰੋਸ ਧਰਨੇ ਦੀ ਅਗਵਾਈ ਕਰ ਰਹੇ ਅਬਦੁੱਲ ਸੱਤਾਰ (ਪਿੱਲੀ), ਸਾਬਕਾ ਪ੍ਰਧਾਨ ਭਰਪੂਰ ਸਿੰਘ ਭੂਰਾ, ਮੁਹੰਮਦ ਜਮੀਲ, ਹਾਕਮ ਸਿੰਘ, ਮੁਨਸ਼ੀ ਬਿੱਲੂ, ਟਰੱਕ ਯੂਨੀਅਨ ਅਮਰਗੜ੍ਹ ਦੇ ਪ੍ਰਧਾਨ ਪਲਵਿੰਦਰ ਸਿੰਘ ਚੰਨਾ, ਮੀਤ ਪ੍ਰਧਾਨ ਗੁਰਦੀਪ ਸਿੰਘ ਝੱਲ, ਨਵਤੇਜ ਸਿੰਘ, ਤੇਜਿੰਦਰ ਸਿੰਘ ਅਮਰਗੜ੍ਹ, ਕਾਕਾ ਝੂੰਦਾਂ, ਬਰਜਿੰਦਰ ਸਿੰਘ ਝੱਲ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 8 ਅਗਸਤ ਨੂੰ ਪੰਜਾਬ ਭਰ ਦੀਆਂ 134 ਟਰੱਕ ਯੂਨੀਅਨਾਂ ਦੇ ਆਪ੍ਰੇਟਰ ਡਿਪਟੀ ਕਮਿਸ਼ਨਰ ਜਲੰਧਰ ਦੇ ਦਫਤਰ ਸਾਹਮਣੇ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਰੋਸ ਭਰਪੂਰ ਧਰਨਾ ਦੇਣਗੇ। ਇਸ ਤੋਂ ਉਪਰੰਤ 10 ਅਗਸਤ ਨੂੰ ਸਾਰੇ ਸਰਕਾਰੀ ਕੰਮਾਂ ਜਿਵੇਂ ਕਿ ਸਪੈਸ਼ਲਾਂ ਤੇ ਆਟਾ-ਦਾਲ ਵਗੈਰਾ ਦੀ ਢੋਆ-ਢੁਆਈ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ ਤੇ 16 ਅਗਸਤ ਨੂੰ ਪੰਜਾਬ ਅੰਦਰ ਰੋਸ ਵੱਜੋਂ 5 ਟਰੱਕ ਸਾੜੇ ਜਾਣਗੇ। ਉਪਰੋਕਤ ਆਗੂਆਂ ਨੇ ਦੱਸਿਆ ਕਿ ਟਰੱਕ ਆਪ੍ਰੇਟਰਾਂ ਦੀ ਜਥੇਬੰਦੀ ਵੱਲੋਂ ਪੰਜਾਬ ਪੱਧਰ 'ਤੇ ਲਏ ਗਏ ਇਨ੍ਹਾਂ ਫੈਸਲਿਆਂ ਦੀ ਲੜੀ ਤਹਿਤ 23 ਅਗਸਤ ਨੂੰ ਪੰਜਾਬ ਭਰ ਦੀਆਂ ਸਾਰੀਆਂ ਟਰੱਕ ਯੂਨੀਅਨਾਂ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਆਪੋ-ਆਪਣੇ ਇਲਾਕਿਆਂ ਦੇ ਜੀ. ਟੀ. ਰੋਡਸ ਨੂੰ ਜਾਮ ਕਰ ਕੇ ਧਰਨੇ ਦੇਣਗੀਆਂ।
ਮੋਟਰਸਾਈਕਲ ਖੋਹਣ ਦੇ ਦੋਸ਼ 'ਚ 5 ਵਿਅਕਤੀਆਂ ਖਿਲਾਫ ਕੇਸ ਦਰਜ
NEXT STORY