ਲੁਧਿਆਣਾ (ਸਲੂਜਾ)—ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਲੀਡਰਸ਼ਿਪ ਨੇ ਸੀ. ਐੱਲ. ਯੂ. ਦੇ ਮਾਮਲੇ 'ਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਫੂਡ ਤੇ ਸਿਵਲ ਸਪਲਾਈ ਵਿਭਾਗ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਤੋਂ ਅਸਤੀਫੇ ਦੀ ਮੰਗ ਨੂੰ ਲੈ ਕੇ ਅੱਜ ਇਥੇ ਕੋਚਰ ਮਾਰਕੀਟ ਚੌਕ ਨੇੜੇ ਪੈਂਦੇ ਉਨ੍ਹਾਂ ਦੇ ਨਿਵਾਸ ਦਾ ਘਿਰਾਓ ਕਰਨ ਲਈ ਕਦਮ ਵਧਾਏ ਤਾਂ ਪੁਲਸ ਨੇ ਇਨ੍ਹਾਂ ਨੂੰ ਬੈਰੀਕੇਡ ਲਾ ਕੇ ਰੋਕ ਲਿਆ। 'ਆਪ' ਦੇ ਵਰਕਰਾਂ ਨੇ ਮੰਤਰੀ ਆਸ਼ੂ ਦੀ ਤਸਵੀਰ ਵਾਲੇ ਬੈਨਰ ਫੜੇ ਹੋਏ ਸਨ ਅਤੇ ਉਥੇ ਬੈਰੀਕੇਡ ਦੇ ਬਾਹਰ ਰੋਸ ਧਰਨਾ ਦਿੰਦੇ ਹੋਏ ਨਾਅਰੇਬਾਜ਼ੀ ਕਰਦਿਆਂ ਅਸਤੀਫੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ।
ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਵਿਰੋਧੀ ਗਰੁੱਪ ਦੇ ਨੇਤਾ ਹਰਪਾਲ ਸਿੰਘ ਚੀਮਾ, ਸਰਬਜੀਤ ਕੌਰ ਮਾਣੂਕੇ, ਮਨਜੀਤ ਸਿੰਘ ਬਿਲਾਸਪੁਰੀ ਵਿਧਾਇਕ ਨਿਹਾਲ ਸਿੰਘ ਵਾਲਾ, ਬੁੱਧ ਰਾਮ ਬੁਢਲਾਡਾ ਵਿਧਾਇਕ, ਕਰਤਾਰ ਸਿੰਘ ਸੰਧਵਾ ਵਿਧਾਇਕ, ਜਨਰਲ ਸਕੱਤਰ ਰਵਿੰਦਰਪਾਲ ਸਿੰਘ ਪਾਲੀ, ਟਰੇਡ ਵਿੰਗ ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਨੀਨਾ ਮਿੱਤਲ, ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਰਾਜ ਗਿੱਲ, ਜ਼ਿਲਾ ਪ੍ਰਧਾਨ ਲੁਧਿਆਣਾ ਦਲਜੀਤ ਸਿੰਘ ਗਰੇਵਾਲ ਭੋਲਾ, ਡਾ. ਗੁਰਦਿਤ ਸਿੰਘ ਸੇਖੋਂ, ਨਵਜੋਤ ਜਰਗ ਤੇ ਮਾ. ਹਰੀ ਸਿੰਘ ਸਮੇਤ ਸੈਂਕੜੇ ਵਰਕਰਾਂ ਨੂੰ ਡਵੀਜ਼ਨ ਨੰ. 5 ਦੀ ਪੁਲਸ ਨੇ ਹਿਰਾਸਤ 'ਚ ਲੈ ਲਿਆ ਤੇ ਪੁਲਸ ਸਟੇਸ਼ਨ ਲੈ ਗਏ।
'ਆਪ' ਨੇਤਾ ਹਰਪਾਲ ਸਿੰਘ ਚੀਮਾ ਤੇ ਸਰਬਜੀਤ ਕੌਰ ਮਾਣੂਕੇ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਹਰ ਰੋਜ਼ ਹੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਵਿਵਾਦਤ ਆਡੀਓ ਤੇ ਵੀਡੀਓ ਜਾਰੀ ਹੋ ਰਹੀ ਹੈ। ਕਦੇ ਇਹ ਮੰਤਰੀ ਹਾਈ ਕੋਰਟ ਨੂੰ ਚੈਲੰਜ ਕਰਦੇ ਹਨ, ਕਦੇ ਇਕ ਪੁਲਸ ਅਧਿਕਾਰੀ ਨੂੰ, ਕਦੇ ਐੱਸ. ਈ. ਰੈਂਕ ਦੇ ਅਧਿਕਾਰੀ ਨੂੰ ਧਮਕੀਆਂ ਦੇ ਰਹੇ ਹਨ। ਵਿਧਾਨ ਸਭਾ 'ਚ ਵੀ ਉਹ ਜ਼ੋਰ-ਸ਼ੋਰ ਨਾਲ ਇਹੀ ਮੰਗ ਕਰਦੇ ਆ ਰਹੇ ਹਨ ਕਿ ਇਸ ਮਾਮਲੇ ਦੀ ਹਾਈ ਕੋਰਟ ਦੇ ਇਕ ਸਿਟਿੰਗ ਜੱਜ ਤੋਂ ਜਾਂਚ ਕਰਵਾਈ ਜਾਵੇ ਪਰ ਇਸ ਤੋਂ ਪਹਿਲਾਂ ਮੰਤਰੀ ਆਸ਼ੂ ਤੋਂ ਅਸਤੀਫਾ ਲਿਆ ਜਾਵੇ ਤਾਂ ਕਿ ਉਹ ਆਪਣੇ ਪ੍ਰਭਾਵ ਦੀ ਵਰਤੋਂ ਕਰਦੇ ਹੋਏ ਜਾਂਚ ਨੂੰ ਪ੍ਰਭਾਵਿਤ ਨਾ ਕਰ ਸਕੇ। ਜਦ ਤੱਕ ਸਰਕਾਰ ਮੰਤਰੀ ਆਸ਼ੂ ਤੋਂ ਅਸਤੀਫਾ ਨਹੀਂ ਲੈਂਦੀ, ਤਦ ਤੱਕ ਇਹ ਅੰਦੋਲਨ ਜਾਰੀ ਰਹੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਵੀ ਘਿਰਾਓ ਕਰਨਗੇ।
ਮੇਅਰ ਨੇ ਪ੍ਰਦਰਸ਼ਨਕਾਰੀ ਨੇਤਾਵਾਂ ਤੋਂ ਮੰਗੇ ਸਬੂਤ -ਧਰਨਾ ਸਥਾਨ 'ਤੇ ਪੁੱਜੇ ਮੇਅਰ ਬਲਕਾਰ ਸਿੰਘ ਸੰਧੂ ਤੇ ਕਾਂਗਰਸੀ ਨੇਤਾ ਕਮਲਜੀਤ ਸਿੰਘ ਕੜਵਲ ਨੇ ਪ੍ਰਦਰਸ਼ਨਕਾਰੀਆਂ ਤੋਂ ਮੰਤਰੀ ਆਸ਼ੂ ਦੇ ਖਿਲਾਫ ਸਬੂਤ ਮੰਗੇ ਤਾਂ ਇਸ ਦੌਰਾਨ 'ਆਪ' ਨੇਤਾ ਸਰਬਜੀਤ ਕੌਰ ਮਾਣੂਕੇ ਨੇ ਸਵਾਲ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਤੋਂ ਕਿਸ ਆਧਾਰ 'ਤੇ ਮੰਤਰੀ ਆਸ਼ੂ ਖਿਲਾਫ ਸਬੂਤ ਮੰਗ ਰਹੇ ਹਨ। ਇਹ ਤਾਂ ਮਜ਼ਾਕ ਲੱਗਦਾ ਹੈ।
ਨੇਤਾਵਾਂ ਨੂੰ ਮੇਅਰ ਛੁਡਵਾਉਣ ਪੁੱਜੇ ਪੁਲਸ ਸਟੇਸ਼ਨ -ਹਿਰਾਸਤ ਵਿਚ ਲਏ ਗਏ 'ਆਪ' ਨੇਤਾਵਾਂ ਨੂੰ ਰਿਹਾਅ ਕਰਵਾਉਣ ਲਈ ਮੇਅਰ ਲੁਧਿਆਣਾ ਬਲਕਾਰ ਸਿੰਘ ਸੰਧੂ ਥਾਣੇ ਪੁੱਜੇ, ਜਿਨ੍ਹਾਂ ਨੇ ਪੁਲਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਇਨ੍ਹਾਂ ਨੂੰ ਰਿਹਾਅ ਕਰਨ ਲਈ ਕਿਹਾ। ਪੁਲਸ ਨੇ ਆਪਣੀ ਬਣਦੀ ਕਾਰਵਾਈ ਤਹਿਤ ਇਨ੍ਹਾਂ ਸਰਿਆਂ ਨੂੰ ਹੀ ਮੁਚਲਕੇ ਭਰਵਾਉਣ ਦੇ ਬਾਅਦ ਛੱਡ ਦਿੱਤਾ।
ਗਊ ਪ੍ਰੇਮ ਨੂੰ ਆਰਥਿਕਤਾ ਨਾਲ ਜੋੜ ਕੇ ਦੇਖਣ ਦੀ ਲੋੜ
NEXT STORY