ਮੋਗਾ, (ਅਾਜ਼ਾਦ)-ਅੱਜ ਕੋਟਕਪੂਰਾ ਬਾਈਪਾਸ ’ਤੇ ਤੇਜ਼ ਰਫਤਾਰ ਬੱਸ ਨੇ ਸਕੂਟਰੀ ਚਾਲਕ ਇਕ ਵਿਅਕਤੀ ਨੂੰ ਕੁਚਲ ਦਿੱਤਾ, ਜਦਕਿ ਉਸਦੇ ਪਿੱਛੇ ਬੈਠਾ ਲਡ਼ਕਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਣ ’ਤੇ ਥਾਣਾ ਸਿਟੀ ਸਾਊਥ ਦੇ ਹੌਲਦਾਰ ਸੁਖਪਾਲ ਸਿੰਘ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ ਪਾਸ ਤੋਂ ਪੁੱਛਗਿੱਛ ਕੀਤੀ ਅਤੇ ਬੱਸ ਨੂੰ ਕਬਜ਼ੇ ਵਿਚ ਲੈ ਲਿਆ, ਜਦਕਿ ਚਾਲਕ ਭੱਜਣ ਵਿਚ ਸਫਲ ਹੋ ਗਿਆ। ਜਾਣਕਾਰੀ ਅਨੁਸਾਰ ਗੁਲਸ਼ਨ ਕੁਮਾਰ ਉਰਫ ਬਿੱਟੂ (42) ਅਤੇ ਰਿਸ਼ੂ ਦੋਨੋਂ ਨਿਵਾਸੀ ਬਹੋਨਾ ਚੌਕ ਆਪਣੀ ਸਕੂਟਰੀ ’ਤੇ ਕੋਟਕਪੂਰਾ ਬਾਈਪਾਸ ਤੋਂ ਬਹੋਨਾ ਚੌਕ ਵੱਲ ਜਾ ਰਹੇ ਸੀ ਤਾਂ ਪਿੱਛੋਂ ਇਕ ਪ੍ਰਾਈਵੇਟ ਕੰਪਨੀ ਦੀ ਬੱਸ, ਜੋ ਬਠਿੰਡਾ ਤੋਂ ਮੋਗਾ ਆ ਰਹੀ ਸੀ, ਦੇ ਚਾਲਕ ਨੇ ਲਾਪ੍ਰਵਾਹੀ ਨਾਲ ਆਪਣੀ ਬੱਸ ਦੀ ਉਨ੍ਹਾਂ ਦੀ ਸਕੂਟਰੀ ਵਿਚ ਟੱਕਰ ਮਾਰ ਦਿੱਤੀ, ਜਿਸ ਕਾਰਨ ਗੁਲਸ਼ਨ ਕੁਮਾਰ ਬਿੱਟੂ ਦੀ ਮੌਤ ਹੋ ਗਈ, ਜਦਕਿ ਰਿਸ਼ੂ ਜ਼ਖਮੀ ਹੋ ਗਿਆ। ਮ੍ਰਿਤਕ ਬਹੋਨਾ ਚੌਕ ’ਚ ਅੰਡਿਆਂ ਦੀ ਰੇਹਡ਼ੀ ਲਗਾਉਂਦਾ ਸੀ। ਮਾਮਲੇ ਦੀ ਜਾਂਚ ਕਰ ਰਹੇ ਹੌਲਦਾਰ ਸੁਖਪਾਲ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਵਿਚ ਰੱਖਿਆ ਗਿਆ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਅਤੇ ਲਾਸ਼ ਨੂੰ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਨੂੰ ਸੌਂਪ ਦਿੱਤਾ ਜਾਵੇਗਾ।
ਐੱਨ. ਆਰ. ਆਈ. ਸਾਬਕਾ ਪੰਚ ਦੇ ਘਰ ’ਚੋਂ ਲੱਖਾਂ ਦੀ ਚੋਰੀ
NEXT STORY