ਚੰਡੀਗੜ੍ਹ (ਭੁੱਲਰ) -ਲੰਬੇ ਸਮੇਂ ਤੋਂ ਬੰਦ ਪਏ ਸ਼ਾਹਪੁਰ ਕੰਢੀ ਪ੍ਰਾਜੈਕਟ 'ਤੇ ਦੁਬਾਰਾ ਕੰਮ ਆਰੰਭ ਕਰਨ ਲਈ ਪੰਜਾਬ ਅਤੇ ਜੰਮੂ-ਕਸ਼ਮੀਰ ਦੀਆਂ ਸਰਕਾਰਾਂ ਨੇ ਅੱਜ ਰਸਮੀ ਤੌਰ 'ਤੇ ਸਹਿਮਤੀ ਪ੍ਰਗਟ ਕੀਤੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇੰਗਲੈਂਡ ਦੌਰੇ 'ਤੇ ਗਏ ਹੋਣ ਕਾਰਨ ਉਨ੍ਹਾਂ ਦੀ ਨੁਮਾਇੰਦਗੀ ਕਰ ਰਹੇ ਪੰਜਾਬ ਦੇ ਸਿੰਚਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਵਿਚਕਾਰ ਇਸ ਸੰਬੰਧੀ ਸਮਝੌਤੇ ਦਾ ਵਟਾਂਦਰਾ ਕੀਤਾ ਗਿਆ। ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਾਲੇ ਉੱਚ ਪੱਧਰੀ ਵਫਦ 'ਚ ਸਿੰਚਾਈ ਤੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀ ਵੀ ਸ਼ਾਮਿਲ ਸਨ। ਕੰਢੀ ਪ੍ਰਾਜੈਕਟ ਦੇ ਕੰਮ ਨੂੰ ਦੁਬਾਰਾ ਸ਼ੁਰੂ ਕਰਨ ਦੇ ਫੈਸਲੇ ਨੂੰ ਦੋਵਾਂ ਸੂਬਿਆਂ ਦੇ ਮੰਤਰੀ ਮੰਡਲਾਂ ਵਲੋਂ ਪ੍ਰਵਾਨਗੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਸੀ ਅਤੇ ਅੱਜ ਸਮਝੌਤੇ ਦੀ ਪ੍ਰਵਾਨਗੀ ਦਾ ਆਦਾਨ-ਪ੍ਰਦਾਨ ਕੀਤਾ ਗਿਆ। ਪੰਜਾਬ ਕੈਬਨਿਟ ਵੱਲੋਂ ਇਸ ਪ੍ਰਾਜੈਕਟ ਨੂੰ ਮੁੜ ਸ਼ੁਰੂ ਕਰਨ ਦੀ ਪ੍ਰਵਾਨਗੀ ਬਹੁਤ ਪਹਿਲਾਂ ਤੋਂ ਹੀ ਦੇ ਦਿੱਤੀ ਗਈ ਸੀ, ਜਦਕਿ ਜੰਮੂ-ਕਸ਼ਮੀਰ ਕੈਬਨਿਟ ਵੱਲੋਂ ਇਸ ਸੰਬੰਧੀ ਫੈਸਲਾ ਬੀਤੇ ਮਹੀਨੇ ਲਿਆ ਗਿਆ।ਇਸ ਪ੍ਰਾਜੈਕਟ ਦੀ ਬਿਜਲੀ ਉਤਪਾਦਨ ਸਮਰੱਥਾ 206 ਮੈਗਾਵਾਟ ਹੋਵੇਗੀ, ਜਿਸ ਦੀ ਨਿਗਰਾਨੀ ਸੈਂਟਰਲ ਵਾਟਰ ਕਮਿਸ਼ਨ ਵੱਲੋਂ ਕੀਤੀ ਜਾਵੇਗੀ। ਜੰਮੂ-ਕਸ਼ਮੀਰ ਸਰਕਾਰ ਵੱਲੋਂ ਇਸ ਪ੍ਰਾਜੈਕਟ 'ਤੇ ਲੱਗਭਗ 3 ਸਾਲ ਪਹਿਲਾਂ ਕੰਮ ਰੋਕ ਦਿੱਤਾ ਗਿਆ ਸੀ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਇਹ ਪ੍ਰਾਜੈਕਟ ਪੰਜਾਬ ਅਤੇ ਜੰਮੂ-ਕਸ਼ਮੀਰ ਦੋਵਾਂ ਸੂਬਿਆਂ ਲਈ ਲਾਹੇਵੰਦ ਹੋਵੇਗਾ। ਇਸ ਪ੍ਰਾਜੈਕਟ ਨਾਲ ਨਾ ਸਿਰਫ ਬਿਜਲੀ ਪੈਦਾ ਹੋਵੇਗੀ ਬਲਕਿ ਇਸ ਨਾਲ ਰਾਵੀ ਦਰਿਆ ਦੇ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਵੀ ਕੀਤੀ ਜਾ ਸਕੇਗੀ, ਜੋ ਹੁਣ ਉਂਝ ਹੀ ਪਾਕਿਸਤਾਨ ਵੱਲ ਜਾ ਰਿਹਾ ਹੈ।
ਸਸਤਾ ਲੋਨ ਦਿਵਾਉਣ ਦੇ ਨਾਂ 'ਤੇ ਕਰੋੜਾਂ ਦੀ ਠੱਗੀ, ਕੰਪਨੀ ਫਰਾਰ
NEXT STORY