ਪਟਿਆਲਾ/ਰੱਖੜਾ (ਰਾਣਾ)-ਐਗਰੋ ਫਾਰੈਸਟਰੀ ਦੀ ਸਕੀਮ ਤਹਿਤ ਪੰਜਾਬ ਦੇ ਕਿਸਾਨ ਵੱਡਾ ਲਾਹਾ ਲੈਣ ਲਈ ਤਿਆਰ ਹੋ ਗਏ ਹਨ। ਇਸ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਐਗਰੋ ਫਾਰੈਸਟਰੀ (ਵਣ ਖੇਤੀ) ਤਹਿਤ ਪਿਛਲੇ 2 ਸਾਲਾਂ ਵਿਚ ਕਿਸਾਨਾਂ ਨੇ ਆਪਣੇ ਖੇਤਾਂ ਵਿਚ ਜੰਗਲ ਲਾਇਆ ਹੈ। ਐਗਰੋ ਫਾਰੈਸਟਰੀ ਸਕੀਮ ਸ਼ੁਰੂ ਹੋਣ ਤੋਂ ਬਾਅਦ ਨੇੜਲੇ ਪਿੰਡਾਂ ਵਿਚ ਪਹਿਲੇ ਸਾਲ 53 ਕਿਸਾਨਾਂ ਅਤੇ ਦੂਜੇ ਸਾਲ 98 ਕਿਸਾਨਾਂ ਨੇ ਆਪਣੀ ਖੇਤੀ ਵਿਚ ਵਣ ਲਾਉਣ ਲਈ ਹੱਥ ਵਧਾਇਆ ਹੈ। ਇੱਥੋਂ ਥੋੜ੍ਹੀ ਦੂਰ ਪਿੰਡ ਫ਼ਤਿਹਪੁਰ ਦੇ ਨੌਜਵਾਨ ਕਿਸਾਨ ਸ਼ਿਵਕਰਨ ਸਿੰਘ ਮੋਖਾ ਨੇ ਵਣ ਖੇਤੀ ਨੂੰ ਕਾਫੀ ਲਾਹੇਵੰਦ ਦੱਸਿਆ ਹੈ। ਦੋ ਸਾਲ ਪਹਿਲਾਂ ਸ਼ੁਰੂ ਕੀਤੀ ਸਕੀਮ ਤਹਿਤ ਨੌਜਵਾਨ ਕਿਸਾਨ ਸ਼੍ਰੀ ਮੋਖਾ ਨੇ ਇਥੇ 3 ਏਕੜਾਂ ਵਿਚ ਸਫ਼ੈਦਾ ਤੇ ਹੁਸ਼ਿਆਰਪੁਰ ਵਿਚ 66 ਏਕੜ ਵਿਚ ਕਲੋਨਲ, ਖੈਰ ਤੇ ਟਾਹਲੀ ਆਦਿ ਦੇ ਬੂਟੇ ਲਾਏ ਹਨ। ਉਨ੍ਹਾਂ ਦੱਸਿਆ ਕਿ ਇੱਥੇ 400 ਬੂਟਾ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ 3 ਏਕੜਾਂ ਵਿਚ 1200 ਸਫ਼ੈਦਾ ਲਾਇਆ। ਸਰਕਾਰ ਦੀ ਸਕੀਮ ਤਹਿਤ ਪਹਿਲੇ ਤੇ ਦੂਜੇ ਸਾਲ ਲਈ ਬੂਟੇ ਸਹੀ ਹੋਣ ਕਰ ਕੇ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਵਿੱਤੀ ਮਦਦ ਮਿਲ ਗਈ ਹੈ। ਉਨ੍ਹਾਂ ਦੱਸਿਆ ਕਿ ਆਸ ਹੈ ਕਿ ਰਵਾਇਤੀ ਫ਼ਸਲਾਂ ਦੇ ਮੁਕਾਬਲੇ ਅਸੀਂ ਦੁੱਗਣਾ ਕਮਾ ਲਵਾਂਗੇ।
17500 ਰੁਪਏ ਪ੍ਰਤੀ ਹੈਕਟੇਅਰ ਦਿੰਦੀ ਹੈ ਪੰਜਾਬ ਸਰਕਾਰ
ਸਰਕਾਰ ਦੀ ਸਕੀਮ ਅਨੁਸਾਰ ਜੇਕਰ ਕੋਈ ਕਿਸਾਨ ਕਿਤੋਂ ਵੀ ਬੂਟੇ ਲੈ ਕੇ ਵੱਟਾਂ 'ਤੇ ਲਾਉਂਦਾ ਹੈ ਤਾਂ 35 ਰੁਪਏ ਪ੍ਰਤੀ ਬੂਟਾ, ਜੇਕਰ ਇਕ ਹੈਕਟੇਅਰ ਵਿਚ 100 ਤੋਂ 500 ਬੂਟਾ ਲਾਉਂਦਾ ਹੈ ਤਾਂ 14000 ਰੁਪਏ ਅਤੇ ਜੇਕਰ 500 ਤੋਂ 1000 ਬੂਟਾ ਲਾਉਂਦਾ ਹੈ ਤਾਂ 15000 ਰੁਪਏ, ਜੇਕਰ 1000 ਤੋਂ 1200 ਬੂਟੇ ਹੈਕਟੇਅਰ ਵਿਚ ਲਾਉਂਦਾ ਹੈ ਤਾਂ ਸਰਕਾਰ ਵੱਲੋਂ 4 ਸਾਲਾਂ ਵਿਚ 17500 ਰੁਪਏ ਲਾਭ ਦੇਣ ਦੀ ਸਕੀਮ ਬਣਾਈ ਗਈ ਹੈ।
ਕਿਸਾਨ 5 ਸਾਲਾਂ 'ਚ ਕਮਾ ਲੈਂਦਾ ਹੈ ਚੰਗੇ ਰੁਪਏ : ਵਣ ਅਧਿਕਾਰੀ
ਜ਼ਿਲਾ ਜੰਗਲਾਤ ਅਧਿਕਾਰੀ ਹਰਭਜਨ ਸਿੰਘ ਨੇ ਦੱਸਿਆ ਕਿ ਇਸ ਸਕੀਮ ਤਹਿਤ ਕਿਸਾਨ ਸਾਡੇ ਕੋਲੋਂ ਜਾਂ ਫਿਰ ਕਿਤੋਂ ਵੀ ਬੂਟੇ ਲੈ ਕੇ ਲਾ ਸਕਦੇ ਹਨ। ਸਰਕਾਰ ਕਿਸਾਨਾਂ ਨੂੰ 3 ਸਾਲਾਂ ਵਿਚ ਬੂਟੇ ਦਾ ਸਰਵੇ ਕਰ ਕੇ ਮਦਦ ਦਿੰਦੀ ਹੈ। ਕਿਸਾਨ ਆਪਣੀ ਫ਼ਸਲ ਦਾ 4 ਸਾਲਾਂ ਬਾਅਦ ਰੁਪਿਆ ਵੀ ਚੰਗਾ ਕਮਾ ਸਕਦਾ ਹੈ।
ਵਣ ਖੇਤੀ ਲਾਉਣ ਵਾਲਿਆਂ ਨੂੰ ਸਰਕਾਰ ਕਰੇਗੀ ਹੋਰ ਉਤਸ਼ਾਹਿਤ : ਧਰਮਸੌਤ
ਪੰਜਾਬ ਸਰਕਾਰ ਦੇ ਵਣ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਕਿ ਜੋ ਕਿਸਾਨ ਰਵਾਇਤੀ ਫ਼ਸਲਾਂ ਤੋਂ ਖਹਿੜਾ ਛੁਡਾ ਕੇ ਵਣ ਖੇਤੀ ਵੱਲ ਆਉਣਗੇ, ਪੰਜਾਬ ਸਰਕਾਰ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਰਵਾਇਤੀ ਫ਼ਸਲਾਂ ਨੇ ਪੰਜਾਬ ਦੇ ਪਾਣੀਆਂ ਅਤੇ ਜ਼ਮੀਨ ਦਾ ਕਾਫੀ ਨੁਕਸਾਨ ਕੀਤਾ ਹੈ।
ਚੌਧਰੀ ਮੋਟਰ ਏਜੰਸੀ ਦੇ ਅਸ਼ੋਕ ਚੌਧਰੀ ਨੂੰ ਆਮਦਨ ਕਰ ਵਿਭਾਗ ਦਾ ਲੁਕ ਆਊਟ ਨੋਟਿਸ ਜਾਰੀ
NEXT STORY