ਜਲੰਧਰ (ਧਵਨ) - ਪੰਜਾਬ 'ਚ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਵਲੋਂ ਬਿਜਲੀ ਦਰਾਂ 'ਚ ਕੀਤੇ ਗਏ ਵਾਧੇ ਨੂੰ ਲੈ ਕੇ ਕਾਂਗਰਸ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਚੱਲ ਰਹੇ ਵਾਦ-ਵਿਵਾਦ ਨੂੰ ਦੇਖਦੇ ਹੋਏ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਹੋਰ ਅੰਕੜੇ ਜਾਰੀ ਕਰਦਿਆਂ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਨੇ ਆਪਣੇ 10 ਸਾਲ ਦੇ ਸ਼ਾਸਨਕਾਲ ਦੌਰਾਨ ਪਾਵਰ ਕਾਰਪੋਰੇਸ਼ਨ 'ਤੇ ਲਗਭਗ 20 ਹਜ਼ਾਰ ਕਰੋੜ ਰੁਪਏ ਦਾ ਵਾਧੂ ਕਰਜ਼ਾ ਚੜ੍ਹਾ ਦਿੱਤਾ ਹੈ।
ਜਾਖੜ ਨੇ ਕਿਹਾ ਕਿ 1966 ਤੋਂ ਲੈ ਕੇ 2007 ਤੱਕ ਪਾਵਰ ਕਾਰਪੋਰੇਸ਼ਨ ਦੇ 41 ਸਾਲਾਂ ਦੌਰਾਨ ਸਿਰਫ 10500 ਕਰੋੜ ਰੁਪਏ ਦਾ ਕਰਜ਼ਾ ਚੜ੍ਹਿਆ ਹੋਇਆ ਸੀ ਤਾਂ 2007 ਤੋਂ 2017 ਤੱਕ ਪਾਵਰ ਕਾਰਪੋਰੇਸ਼ਨ 'ਤੇ ਕੁੱਲ ਕਰਜ਼ੇ ਦੀ ਮਾਤਰਾ ਵਧ ਕੇ 30 ਹਜ਼ਾਰ ਕਰੋੜ ਤੱਕ ਪਹੁੰਚ ਗਈ, ਜਿਸ ਤੋਂ ਪਤਾ ਲਗਦਾ ਹੈ ਕਿ ਬਿਜਲੀ ਦਰਾਂ 'ਚ ਵਾਧੇ ਲਈ ਪਿਛਲੀ ਅਕਾਲੀ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਪਿਛਲੇ 10 ਸਾਲਾਂ ਦੌਰਾਨ ਪਾਵਰ ਕਾਰਪੋਰੇਸ਼ਨ 'ਤੇ 20 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਕਿਉਂ ਚੜ੍ਹਿਆ।
ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿ ਚੁੱਕੇ ਹਨ ਕਿ ਬਿਜਲੀ ਦਰਾਂ 'ਚ ਕੀਤੇ ਗਏ ਵਾਧੇ ਤੋਂ ਉਹ ਖੁਸ਼ ਨਹੀਂ ਪਰ ਉਹ ਮਜਬੂਰ ਹਨ ਕਿਉਂਕਿ ਪਿਛਲੀ ਅਕਾਲੀ ਸਰਕਾਰ ਨੇ ਪਾਵਰ ਕਾਰਪੋਰੇਸ਼ਨ ਨੂੰ ਕਰਜ਼ੇ ਦੇ ਹੇਠਾਂ ਲਿਆ ਖੜ੍ਹਾ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੀ ਸੱਚਮੁੱਚ ਚਿੰਤਾ ਹੈ ਤਾਂ ਉਸ ਨੂੰ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨੂੰ ਧਰਨੇ ਪੰਜਾਬ 'ਚ ਨਹੀਂ ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਕੇਂਦਰੀ ਮੰਤਰੀ ਪਿਊਸ਼ ਗੋਇਲ ਦੇ ਘਰ ਦੇ ਬਾਹਰ ਦੇਣੇ ਚਾਹੀਦੇ ਹਨ ਜੋ ਬਿਜਲੀ ਦਰਾਂ 'ਚ ਵਾਧੇ ਦੇ ਅਸਲੀ ਦੋਸ਼ੀ ਹਨ।
ਸੂਬਾ ਪ੍ਰਧਾਨ ਨੇ ਕਿਹਾ ਕਿ ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 10 ਸਾਲਾਂ ਦੌਰਾਨ ਅਕਾਲੀਆਂ ਦੇ ਸ਼ਾਸਨਕਾਲ 'ਚ ਜਿੰਨੇ ਵੀ ਬਿਜਲੀ ਪਲਾਂਟਾਂ ਨੂੰ ਲੈ ਕੇ ਸਮਝੌਤੇ ਹੋਏ ਹਨ, ਉਨ੍ਹਾਂ ਦੀ ਦੁਬਾਰਾ ਸਮੀਖਿਆ ਕੀਤੀ ਜਾਵੇਗੀ ਅਤੇ ਨਾਲ ਹੀ ਉਨ੍ਹਾਂ ਦੀ ਜਾਂਚ ਵੀ ਹੋਵੇਗੀ। ਉਨ੍ਹਾਂ ਨੇ ਅੰਕੜੇ ਵੀ ਜਾਰੀ ਕੀਤੇ ਕਿ 2002-2007 ਤੱਕ ਕੈਪਟਨ ਸਰਕਾਰ ਦੇ ਸ਼ਾਸਨਕਾਲ 'ਚ ਬਿਜਲੀ ਦਰਾਂ 'ਚ ਮਾਮੂਲੀ ਵਾਧਾ ਹੋਇਆ ਸੀ।
ਕੈਪਟਨ ਅਮਰਿੰਦਰ ਸਿੰਘ ਦੀ ਢਾਲ ਬਣੇ ਜਾਖੜ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਢਾਲ ਬਣ ਕੇ ਸੂਬਾ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਉਭਰ ਕੇ ਸਾਹਮਣੇ ਆਏ ਹਨ। ਬਿਜਲੀ ਦਰਾਂ 'ਚ ਵਾਧੇ ਦਾ ਮਾਮਲਾ ਹੋਵੇ ਜਾਂ ਫਿਰ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ, ਇਨ੍ਹਾਂ ਦੋਵਾਂ ਮਾਮਲਿਆਂ 'ਚ ਜਾਖੜ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਲਏ ਗਏ ਸਟੈਂਡ ਦਾ ਪੂਰਾ ਸਮਰਥਨ ਕੀਤਾ ਹੈ। ਇਸ ਨਾਲ ਇਹ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਪੰਜਾਬ 'ਚ ਅਮਰਿੰਦਰ ਸਰਕਾਰ ਤੇ ਸੂਬਾ ਕਾਂਗਰਸ ਕਮੇਟੀ ਵਿਚਾਲੇ ਆਪਸੀ ਤਾਲਮੇਲ ਕਾਫੀ ਬਿਹਤਰ ਹੈ, ਜਦਕਿ ਕੈਪਟਨ ਅਮਰਿੰਦਰ ਸਿੰਘ ਜਦ 2002 ਤੋਂ 2007 ਦਰਮਿਆਨ ਮੁੱਖ ਮੰਤਰੀ ਰਹੇ ਸਨ ਤਾਂ ਉਸ ਵੇਲੇ ਉਨ੍ਹਾਂ ਦਾ ਤਤਕਾਲੀਨ ਕਾਂਗਰਸ ਪ੍ਰਧਾਨਾਂ ਨਾਲ ਟਕਰਾਅ ਚੱਲਦਾ ਰਹਿੰਦਾ ਸੀ ਅਤੇ ਇਸ ਵਾਰੀ ਸਰਕਾਰ ਤੇ ਸੂਬਾ ਕਾਂਗਰਸ ਕਮੇਟੀ ਵਿਚਾਲੇ ਆਪਸੀ ਤਾਲਮੇਲ ਬਣਿਆ ਹੋਇਆ ਹੈ। ਜਾਖੜ ਵੀ ਸੂਬੇ ਦੀ ਸਿਆਸੀ ਹਾਲਤ ਨੂੰ ਚੰਗੀ ਤਰ੍ਹਾਂ ਸਮਝ ਕੇ ਬਿਆਨਬਾਜ਼ੀ ਕਰ ਰਹੇ ਹਨ।
ਚਰਸ ਸਮੇਤ ਵਿਅਕਤੀ ਕਾਬੂ
NEXT STORY