ਭੁਲੱਥ, (ਰਜਿੰਦਰ)- ਅੰਬੇਡਕਰ ਕ੍ਰਾਂਤੀ ਮੋਰਚਾ ਪੰਜਾਬ ਨੇ ਅੱਜ ਭੁਲੱਥ ਸ਼ਹਿਰ ਦੇ ਤਹਿਸੀਲ ਚੌਕ ਵਿਚ ਧਰਨਾ ਲਗਾਉਂਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਜਿਸ ਦੌਰਾਨ ਸੰਬੋਧਨ ਕਰਦਿਆਂ ਸਟੀਫਨ ਕਾਲਾ ਨੇ ਆਖਿਆ ਕਿ ਮਹਾਰਾਸ਼ਟਰ ਦੇ ਭੀਮ-ਕੋਰੇਗਾਓਂ ਵਿਚ ਮੂਲ ਨਿਵਾਸੀਆਂ ਵਲੋਂ ਮਨਾਏ ਜਾ ਰਹੇ 200 ਸਾਲਾ ਵਿਜੇ ਦਿਵਸ ਵਿਚ ਵਿਘਨ ਪਾਇਆ ਗਿਆ। ਜਿਸ ਦੌਰਾਨ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ, ਪਥਰਾਅ ਕੀਤਾ ਗਿਆ, ਜਿਸ ਵਿਚ ਬੱਚੇ, ਔਰਤਾਂ, ਬਜ਼ੁਰਗਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਇਸ ਲਈ ਸਿੱਧੇ ਤੌਰ 'ਤੇ ਆਰ. ਐੱਸ. ਐੱਸ. ਅਤੇ ਭਾਰਤੀ ਜਨਤਾ ਪਾਰਟੀ ਜ਼ਿੰਮੇਵਾਰ ਹੈ। ਇਸ ਦੇ ਵਿਰੋਧ ਵਿਚ ਅੱਜ ਇਥੇ ਸਾਡੇ ਵਲੋਂ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਰ. ਐੱਸ. ਐੱਸ. ਦਾ ਨਿਸ਼ਾਨਾ ਭਾਰਤੀ ਸੰਵਿਧਾਨ ਨੂੰ ਬਦਲਣਾ ਅਤੇ ਭਾਰਤ ਵਿਚ ਮਨੂੰਸਮ੍ਰਿਤੀ ਦਾ ਰਾਜ ਲਾਗੂ ਕਰਨਾ ਹੈ। ਜੋ ਦੇਸ਼ ਦੇ ਸਮੂਹ ਦਲਿਤ ਸਮਾਜ ਲਈ ਘਾਤਕ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਕੈਬਨਿਟ ਮੰਤਰੀ ਅਨੰਤ ਹੇਂਗੜੇ ਨੇ ਵੀ ਬੀਤੇ ਦਿਨੀਂ ਇਕ ਜਨ ਸਭਾ ਵਿਚ ਆਪਣੇ ਭਾਸ਼ਣ ਦੌਰਾਨ ਕਿਹਾ ਸੀ ਕਿ ਭਾਜਪਾ ਭਾਰਤ ਦਾ ਅੰਬੇਡਕਰੀ ਸੰਵਿਧਾਨ ਬਦਲਣ ਲਈ ਸੱਤਾ ਵਿਚ ਆਈ ਹੈ, ਜਿਸ ਨੂੰ ਅਸੀਂ ਬਦਲ ਕੇ ਹੀ ਰਹਾਂਗੇ। ਸਟੀਫਨ ਕਾਲਾ ਨੇ ਕਿਹਾ ਕਿ ਇਹ ਬਿਆਨ ਦੇਸ਼ ਅਤੇ ਸੰਵਿਧਾਨ ਲਈ ਦੇਸ਼ ਧ੍ਰੋਹੀ ਵਾਲਾ ਹੈ, ਇਸ ਲਈ ਇਸ ਮੰਤਰੀ ਵਿਰੁੱਧ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਜਾਵੇ। ਇਸ ਮੌਕੇ ਦਲਿਤ ਆਗੂਆਂ ਨੇ ਕਿਹਾ ਕਿ ਅਸੀਂ ਆਰ. ਐੱਸ. ਐੱਸ. ਅਤੇ ਭਾਜਪਾ ਨੂੰ ਚਿਤਾਵਨੀ ਦਿੰਦੇ ਹਾਂ ਕਿ ਜੇਕਰ ਭਾਰਤੀ ਸੰਵਿਧਾਨ ਨਾਲ ਕੋਈ ਛੇੜਛਾੜ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੇ ਨਤੀਜੇ ਭੁਗਤਣ ਲਈ ਕੇਂਦਰ ਸਰਕਾਰ ਤਿਆਰ ਰਹੇ।
ਇਸ ਮੌਕੇ ਬਾਬਾ ਦੀਪੂ, ਬਲਰਾਮ ਸਿੰਘ, ਅਸ਼ੋਕ ਕੁਮਾਰ, ਜਸਵੰਤ ਸਿੰਘ, ਕੌਂਸਲਰ ਸੂਰਜ ਸਿੱਧੂ, ਪਰਮਜੀਤ ਨਡਾਲਾ, ਤਿਲਕ ਰਾਜ ਸੱਭਰਵਾਲ, ਬਲਵੀਰ ਸਿੰਘ ਨਡਾਲਾ, ਦਰਸ਼ਨ ਲਾਲ, ਮਹਿੰਦਰ ਸਿੰਘ, ਬਲਵਿੰਦਰ ਕੁਮਾਰ ਢਿੱਲਵਾਂ, ਰਾਜਪਾਲ, ਕਸ਼ਮੀਰ ਸਿੱਧੂ, ਕਰਨੈਲ ਸਿੰਘ ਮਾਨਾਤਲਵੰਡੀ, ਵਿਲੀਅਮ ਸੱਭਰਵਾਲ, ਕੁਲਵੰਤ ਸਿੰਘ ਕਰਨੈਲ ਗੰਜ, ਕੁਲਜੀਤ ਸਿੰਘ ਤੇ ਕਰਨੈਲ ਸਿੰਘ ਆਦਿ ਹਾਜ਼ਰ ਸਨ। ਦੂਸਰੇ ਪਾਸੇ ਅਖੀਰ ਵਿਚ ਧਰਨਾ ਸਥਾਨ 'ਤੇ ਪੁੱਜੇ ਨਾਇਬ ਤਹਿਸੀਲਦਾਰ ਗੁਰਸੇਵਕ ਚੰਦ ਨੂੰ ਧਰਨਾਕਾਰੀਆਂ ਵਲੋਂ ਮੰਗ ਪੱਤਰ ਸੌਂਪਿਆ ਗਿਆ, ਜਿਸ ਉਪਰੰਤ ਧਰਨਾ ਸਮਾਪਤ ਹੋਇਆ।
ਗਊ ਸੇਵਾ ਸਭ ਤੋਂ ਉੱਤਮ ਸੇਵਾ : ਸ਼੍ਰੀ ਵਿਜੇ ਚੋਪੜਾ
NEXT STORY