ਅੰਮ੍ਰਿਤਸਰ (ਜ. ਬ.) : 62 ਮੌਤਾਂ ਦੇ ਜ਼ਿੰਮੇਵਾਰਾਂ ਨੂੰ ਲੈ ਕੇ 'ਸਿੱਧੂ ਜੋੜੇ' ਅਤੇ 'ਮਦਾਨ ਪਰਿਵਾਰ' ਦੀ ਥਾਣਾ ਮੋਹਕਮਪੁਰਾ ਪੁਲਸ ਵਿਚ ਦਰਜ ਡੀ. ਡੀ. ਆਰ. ਤੋਂ ਬਾਅਦ ਸਿਆਸਤ ਹੋਰ ਭਖ ਗਈ ਹੈ, ਜਿਥੇ ਕਾਨੂੰਨੀ ਕਾਰਵਾਈ ਨੂੰ ਲੈ ਕੇ ਅਕਾਲੀ ਦਲ ਤੇ ਭਾਜਪਾ ਦੇ ਆਗੂ ਕੈਪਟਨ ਸਰਕਾਰ ਨੂੰ ਕੋਸਦਿਆਂ ਸਿੱਧੂ ਦੀ ਸਾਜ਼ਿਸ਼ ਦੱਸ ਰਹੇ ਹਨ, ਉਥੇ ਇਹ ਵੀ ਚਰਚਾ ਹੈ ਕਿ 'ਮਿੱਠੂ' ਵਿਦੇਸ਼ ਭੱਜਣ ਦੀ ਫਿਰਾਕ 'ਚ ਹੈ ਪਰ ਸਿੱਧੂ ਜੋੜਾ ਅੜਚਨ ਬਣ ਗਿਆ ਹੈ, ਜੇਕਰ ਮਿੱਠੂ ਵਿਦੇਸ਼ ਭੱਜ ਗਿਆ ਤਾਂ ਸਭ ਤੋਂ ਜ਼ਿਆਦਾ ਹੇਠੀ ਪੰਜਾਬ ਸਰਕਾਰ ਦੀ ਹੋਵੇਗੀ ਪਰ ਵਿਦੇਸ਼ ਜਾਣ ਦਾ ਮਾਮਲਾ ਵਿਦੇਸ਼ ਮੰਤਰਾਲੇ ਦੇ ਅਧੀਨ ਆਉਂਦਾ ਹੈ, ਅਜਿਹੇ 'ਚ ਮਿੱਠੂ ਦੇ ਵਿਦੇਸ਼ ਭੱਜਣ ਤੋਂ ਬਾਅਦ ਸਿੱਧੂ ਕੁਝ ਵੀ ਕਹਿ ਸਕਦੇ ਹਨ ਤੇ ਰੇਲ ਮੰਤਰੀ ਤੋਂ ਬਾਅਦ ਵਿਦੇਸ਼ ਮੰਤਰੀ ਨੂੰ ਚਿੱਠੀ ਲਿਖ ਕੇ ਪੱਲਾ ਝਾੜ ਸਕਦੇ ਹਨ। ਇਨ੍ਹਾਂ ਚਰਚਾਵਾਂ ਨਾਲ ਸ਼ਹਿਰ ਦੀ ਸਵੇਰ ਹੁੰਦੀ ਹੈ ਤੇ ਰਾਤ ਹੋ ਜਾਂਦੀ ਹੈ। 6 ਦਿਨਾਂ ਦੀ ਗੱਲ ਹੋ ਚੱਲੀ ਹੈ, ਹੁਣ ਤੱਕ ਨਤੀਜਾ ਕੀ ਹੈ, ਇਹ ਸਾਹਮਣੇ ਹੈ।
ਪੰਜਾਬ ਕਾਂਗਰਸ ਦੇ ਬੁਲਾਰੇ ਰਹੇ ਮਨਦੀਪ ਸਿੰਘ ਮੰਨਾ ਕਹਿੰਦੇ ਹਨ ਕਿ ਵੱਡੇ ਲੋਕਾਂ ਦੇ ਵੱਡੇ ਟਿਕਾਣੇ ਹੁੰਦੇ ਹਨ, ਇਨ੍ਹੀਂ ਦਿਨੀਂ ਮਿੱਠੂ ਦੇ ਸਿੱਧੂ ਦੀ ਕੋਠੀ ਵਿਚ ਛੁਪਣ ਦੇ ਦੋਸ਼ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਲਾਉਂਦੇ ਰਹੇ, ਸਾਬਕਾ ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ ਪੁਤਲੇ ਸਾੜਦੇ ਰਹੇ ਪਰ ਹੋਇਆ ਕੀ। ਸਭ ਕੁਝ ਫਿਕਸ ਹੈ, ਚੈੱਕ ਵੰਡੇ ਜਾ ਰਹੇ ਹਨ, ਨੌਕਰੀਆਂ ਦੇ ਭਰੋਸੇ 'ਚ 2019 ਦੀਆਂ ਚੋਣਾਂ ਪਾਰ ਹੋ ਜਾਣਗੀਆਂ, ਉਸ ਤੋਂ ਬਾਅਦ ਵਿਚ ਬੇੜਾ ਤਾਂ ਪਾਰ ਹੀ ਹੈ, ਚਾਹੇ ਉਹ ਪੰਜਾਬ ਦੀ ਸਰਕਾਰ ਹੋਵੇ ਜਾਂ ਕੇਂਦਰ ਦੀ।
ਜ਼ਿਕਰਯੋਗ ਹੈ ਕਿ ਮਿੱਠੂ ਦਾ ਮੀਡੀਆ ਟਰਾਇਲ ਵੀ ਸਿਆਸਤ ਨਾਲ ਜੁੜਿਆ ਸੀ, ਦੇਰ ਰਾਤ ਸਾਹਮਣੇ ਆਉਣਾ ਤੇ ਉਸ ਤੋਂ ਬਾਅਦ ਲੁੱਕ ਜਾਣਾ ਇਹ ਸਭ ਉਸ ਸਕ੍ਰਿਪਟ ਦਾ ਹਿੱਸਾ ਹੈ ਜੋ ਪੰਜਾਬ ਦੇ ਇਕ ਮੰਤਰੀ ਦੇ ਘਰ ਬੈਠ ਕੇ ਮੀਡੀਆ ਦੇ ਕੁਝ ਨੁਮਾਇੰਦਿਆਂ ਨਾਲ ਰਚੀ ਗਈ ਸੀ। ਮਿੱਠੂ ਅਤੇ ਸਿੱਧੂ ਪਰਿਵਾਰ ਦੋਵਾਂ ਦੀਆਂ ਨਜ਼ਦੀਕੀਆਂ ਸੋਸ਼ਲ ਮੀਡੀਆ 'ਤੇ ਦਿਸਦੀਆਂ ਹਨ, ਕਿਹਾ ਤਾਂ ਇਥੋਂ ਤੱਕ ਜਾਂਦਾ ਸੀ ਕਿ 'ਮਿੱਠੂ ਦੇ ਫੋਨ ਦਾ ਮਤਲਬ ਮੰਤਰੀ ਜੀ ਦਾ ਫੋਨ।' ਕੁਲ ਮਿਲਾ ਕੇ ਸ਼ਹਿਰ ਚੁੱਪ ਹੈ ਅਤੇ ਸਿਆਸਤ ਲਾਸ਼ਾਂ 'ਤੇ ਰਾਜਨੀਤੀ ਕਰ ਰਹੀ ਹੈ। ਰਾਜਨੀਤੀ 'ਚ ਸਭ ਜਾਇਜ਼ ਵੀ ਤਾਂ ਹੈ।
ਪੁੱਤ ਨੂੰ ਲਾਸ਼ਾਂ 'ਚ ਲੱਭਦਾ ਰਿਹਾ ਪਿਤਾ, ਜ਼ਿੰਦਾ ਵੇਖ ਨਾ ਰਿਹਾ ਖੁਸ਼ੀ ਦਾ ਟਿਕਾਣਾ (ਵੀਡੀਓ)
NEXT STORY