ਲੁਧਿਆਣਾ(ਮਹੇਸ਼)-ਅਪਰਾਧ ਜਗਤ ਵਿਚ ਲੱਕੜ ਦਾ ਸਿਪਾਹੀ ਦੇ ਨਾਂ ਨਾਲ ਮਸ਼ਹੂਰ ਕਥਿਤ ਨਸ਼ਾ ਸਮੱਗਲਰ ਰਾਜ ਕੁਮਾਰ ਦੀ 28 ਸਾਲਾ ਬੇਟੀ ਨੂੰ ਗ੍ਰਿਫਤਾਰ ਕਰ ਕੇ ਸਲੇਮ ਟਾਬਰੀ ਪੁਲਸ ਨੇ ਉਸ ਦੇ ਕਬਜ਼ੇ 'ਚੋਂ 7 ਗ੍ਰਾਮ ਸਮੈਕ ਬਰਾਮਦ ਕੀਤੀ। ਲੜਕੀ ਦੀ ਪਛਾਣ ਅਨੂ ਦੇ ਰੂਪ ਵਿਚ ਹੋਈ ਹੈ, ਜੋ ਕਿ ਬਹਾਦੁਰ ਕੇ ਰੋਡ ਦੇ ਹਰਪ੍ਰੀਤ ਨਗਰ ਦੀ ਰਹਿਣ ਵਾਲੀ ਹੈ ਜਦਕਿ ਉਸ ਦੇ ਪਿਤਾ ਰਾਜ ਕੁਮਾਰ ਦੀ ਭਾਲ ਵਿਚ ਪੁਲਸ ਛਾਪੇਮਾਰੀ ਕਰ ਰਹੀ ਹੈ। ਥਾਣਾ ਮੁਖੀ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸੂਚਨਾਵਾਂ ਮਿਲ ਰਹੀਆਂ ਸਨ ਕਿ ਇਹ ਬਾਪ-ਬੇਟੀ ਨਸ਼ੀਲੇ ਪਦਾਰਥਾਂ ਦਾ ਗੋਰਖਧੰਦਾ ਕਰਦੇ ਹਨ। ਸ਼ਨੀਵਾਰ ਨੂੰ ਸੂਚਨਾ ਮਿਲੀ ਕਿ ਬਾਪ-ਬੇਟੀ ਮੋਗਾ ਤੋਂ ਨਸ਼ਾ ਲੈ ਕੇ ਸਪਲਾਈ ਕਰਨ ਜਾ ਰਹੇ ਹਨ, ਉਨ੍ਹਾਂ ਕੋਲ 20 ਗ੍ਰਾਮ ਸਮੈਕ ਹੈ।
ਸੂਚਨਾ ਪੁਖਤਾ ਹੋਣ 'ਤੇ ਇਨ੍ਹਾਂ ਨੂੰ ਫੜਨ ਲਈ ਏ. ਐੱਸ. ਆਈ. ਕੁਲਦੀਪ ਦੀ ਡਿਊਟੀ ਲਾਈ ਗਈ ਜਿਨ੍ਹਾਂ ਨੇ ਦਾਣਾ ਮੰਡੀ ਸਥਿਤ ਗਰੇਵਾਲ ਪੈਟਰੋਲ ਨੇੜਿਓਂ ਅਨੂ ਨੂੰ ਕਾਬੂ ਕਰ ਲਿਆ। ਉਹ ਸਕੂਟਰੀ 'ਤੇ ਸਵਾਰ ਸਨ। ਤਲਾਸ਼ੀ ਦੌਰਾਨ ਉਸ ਕੋਲੋਂ 7 ਗ੍ਰਾਮ ਸਮੈਕ ਬਰਾਮਦ ਹੋਈ। ਬਰਾੜ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਪਤਾ ਲੱਗਾ ਹੈ ਕਿ ਅਨੂ ਦਾ ਪਿਤਾ ਵੀ ਉਸ ਦੇ ਨਾਲ ਸੀ ਪਰ ਉਹ ਪਿੱਛੇ ਹੀ ਉਤਰ ਕੇ ਕਿਤੇ ਚਲਾ ਗਿਆ। ਉਸ ਕੋਲ ਬਾਕੀ ਦੀ 13 ਗ੍ਰਾਮ ਸਮੈਕ ਹੈ। ਬਾਪ-ਬੇਟੀ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਕੇ ਰਾਜ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਇੰਸਪੈਕਟਰ ਨੇ ਕਿਹਾ ਕਿ ਪੁੱਛਗਿੱਛ ਵਿਚ ਅਨੂ ਨੇ ਆਪਣਾ ਜੁਰਮ ਕਬੂਲ ਕਰਦੇ ਹੋਏ ਖੁਲਾਸਾ ਕੀਤਾ ਕਿ ਇਹ ਸਮੈਕ ਉਹ ਲਾਡੋਵਾਲ ਨੇੜਿਓਂ ਇਕ ਪਿੰਡ ਤੋਂ 2800 ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਲਿਆਏ ਸਨ, ਜੋ ਕਿ ਇਨ੍ਹਾਂ ਨੇ ਅੱਗੇ 4,000 ਰੁਪਏ ਪ੍ਰਤੀ ਗ੍ਰਾਮ ਵੇਚਣੀ ਸੀ। ਕੁਲਦੀਪ ਨੇ ਦੱਸਿਆ ਕਿ ਰਾਜ ਕੁਮਾਰ ਅਪਰਾਧ ਜਗਤ ਵਿਚ ਲੱਕੜ ਦਾ ਸਿਪਾਹੀ ਦੇ ਨਾਂ ਨਾਲ ਮਸ਼ਹੂਰ ਹੈ। ਉਹ ਕਈ ਵਾਰ ਜੇਲ ਵੀ ਜਾ ਚੁੱਕਾ ਹੈ ਪਰ ਇਸ ਦੇ ਬਾਵਜੂਦ ਨਹੀਂ ਸੁਧਰਿਆ। ਉਸ ਖਿਲਾਫ ਨਸ਼ਾ ਸਮੱਗਲਿੰਗ ਦੇ ਅੱਧਾ ਦਰਜਨ ਕੇਸ ਦਰਜ ਹਨ, ਜਦਕਿ ਇਸਦੇ ਪਰਿਵਾਰ ਦੇ ਹੋਰ ਮੈਂਬਰ ਵੀ ਇਸ ਗੋਰਖਧੰਦੇ ਵਿਚ ਕਥਿਤ ਤੌਰ 'ਤੇ ਸਰਗਰਮ ਰਹਿ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਅਨੂ ਦੇ ਪਤੀ ਜਿੰਮੀ ਦਾ ਦਿਹਾਂਤ ਹੋ ਚੁੱਕਾ ਹੈ। ਪਤੀ ਦੀ ਮੌਤ ਤੋਂ ਬਾਅਦ ਅਨੂ ਵੀ ਇਸ ਗੋਰਖਧੰਦੇ ਵਿਚ ਸਰਗਰਮ ਹੋ ਗਈ। ਉਨ੍ਹਾਂ ਲੋਕਾਂ ਦਾ ਪਤਾ ਲਾਇਆ ਜਾ ਰਿਹਾ ਹੈ ਜਿਨ੍ਹਾਂ ਨੂੰ ਬਾਪ ਬੇਟੀ ਨਸ਼ਾ ਸਪਲਾਈ ਕਰਦੇ ਸਨ।
ਡਰਾ-ਧਮਕਾ ਕੇ ਲੜਕੀ ਨਾਲ ਕਰਦਾ ਰਿਹਾ ਜਬਰ-ਜ਼ਨਾਹ
NEXT STORY