ਲੁਧਿਆਣਾ(ਮਹੇਸ਼)-ਉਪਕਾਰ ਨਗਰ ਇਲਾਕੇ 'ਚ ਪੁਲਸ ਚੈਕਿੰਗ ਦੌਰਾਨ ਨੀਲੀ ਬੱਤੀ ਲਗੀ ਕਾਰ ਸਵਾਰ ਨੌਜਵਾਨ ਨੇ ਗੱਡੀ ਭਜਾ ਲਈ। ਸ਼ੱਕ ਹੋਣ 'ਤੇ ਪੁਲਸ ਪਾਰਟੀ ਸਰਗਰਮ ਹੋ ਗਈ, ਜਿਸ ਨੇ ਫਿਲਮੀ ਅੰਦਾਜ਼ 'ਚ ਉਸ ਦਾ ਪਿੱਛਾ ਕਰ ਕੇ ਕਾਬੂ ਕਰ ਲਿਆ। ਦੋਸ਼ੀ ਦੀ ਪਛਾਣ 22 ਸਾਲਾ ਗੁਰਪ੍ਰੀਤ ਸਿੰੰਘ ਦੇ ਰੂਪ ਵਿਚ ਹੋਈ ਹੈ ਜੋ ਕਿ ਦਮੋਰੀਆ ਪੁਲ ਇਲਾਕੇ ਦਾ ਰਹਿਣ ਵਾਲਾ ਹੈ। ਪੁਲਸ ਨੇ ਉਸ ਦੇ ਖਿਲਾਫ ਮੋਟਰ ਵ੍ਹੀਕਲ ਐਕਟ, ਡਿਊਟੀ 'ਚ ਵਿਘਨ ਪਾਉਣ ਅਤੇ ਰੈਸ਼ ਡਰਾਈਵਿੰਗ ਦਾ ਕੇਸ ਦਰਜ ਕੀਤਾ ਹੈ। ਡਵੀਜ਼ਨ ਨੰ. 4 ਦੇ ਇੰਚਾਰਜ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਏ. ਐੱਸ. ਆਈ. ਬਲਜੀਤ ਸਿੰਘ ਦੀ ਪੁਲਸ ਪਾਰਟੀ ਇਲਾਕੇ 'ਚ ਚੈਕਿੰਗ ਕਰ ਰਹੀ ਸੀ। ਤਦ ਉਨ੍ਹਾਂ ਨੇ ਨੀਲੀ ਬੱਤੀ ਲੱਗੀ ਕਾਰ ਨੂੰ ਆਉਂਦੇ ਦੇਖਿਆ। ਪੁਲਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਇਸ 'ਤੇ ਕਾਰ ਸਵਾਰ ਨੇ ਰੁਕਣ ਦੀ ਬਜਾਏ ਕਾਰ ਹੋਰ ਤੇਜ਼ ਕਰ ਦਿੱਤੀ। ਸ਼ੱਕ ਹੋਣ 'ਤੇ ਪੁਲਸ ਨੇ ਉਸ ਦਾ ਪਿੱਛਾ ਕੀਤਾ ਅਤੇ ਵ੍ਰਿੰਦਾਵਨ ਰੋਡ 'ਤੇ ਉਸ ਨੂੰ ਘੇਰ ਲਿਆ। ਪੁਲਸ ਆਉਂਦੇ ਦੇਖ ਦੋਸ਼ੀ ਨੇ ਰੋਹਬ ਜਮਾਉਣਾ ਸ਼ੁਰੂ ਕਰ ਦਿੱਤਾ ਅਤੇ ਮੁਲਾਜ਼ਮਾਂ ਨਾਲ ਹੱਥੋਪਾਈ ਕੀਤੀ। ਇਸ ਦੌਰਾਨ ਦੋਸ਼ੀ ਨੇ ਰੈਸ਼ ਡਰਾਈਵਿੰਗ ਕਰਦੇ ਹੋਏ ਕਈ ਰਾਹਗੀਰਾਂ ਨੂੰ ਵੀ ਜਾਨ ਦਾ ਖਤਰਾ ਪੈਦਾ ਕੀਤਾ। ਦੱਸਿਆ ਜਾਂਦਾ ਹੈ ਕਿ ਇਸ 'ਤੇ ਪੁਲਸ ਨੇ ਵੀ ਆਪਣਾ ਅਸਲੀ ਰੂਪ ਦਿਖਾ ਦਿੱਤਾ, ਜਿਸ ਦੇ ਬਾਅਦ ਕਾਰ ਨੂੰ ਜ਼ਬਤ ਕਰ ਕੇ ਪੁਲਸ ਥਾਣੇ 'ਚ ਲੈ ਆਈ। ਜਾਂਚ ਅਧਿਕਾਰੀ ਏ. ਐੱਸ. ਆਈ. ਸ਼ੀਸ਼ਪਾਲ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਲੜਕਪਨ ਅਤੇ ਲੋਕਾਂ 'ਤੇ ਫੋਕਾ ਰੋਹਬ ਜਮਾਉਣ ਲਈ ਗੈਰ-ਕਾਨੂੰਨੀ ਢੰਗ ਨਾਲ ਆਪਣੀ ਕਾਰ 'ਤੇ ਨੀਲੀ ਬੱਤੀ ਲਗਾ ਰੱਖੀ ਸੀ।
3 ਕਰੋੜ ਦੀ ਠੱਗੀ ਮਾਰਨ ਦੇ ਦੋਸ਼ 'ਚ ਕੇਸ ਦਰਜ
NEXT STORY