ਮੌੜ ਮੰਡੀ (ਪ੍ਰਵੀਨ)-ਬੀਤੀ ਸ਼ਾਮ ਹਸਪਤਾਲ ਬਾਜ਼ਾਰ 'ਚ ਇਕ ਦੁਕਾਨਦਾਰ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਮੋਬਾਇਲ ਖੋਹ ਕੇ ਭੱਜ ਰਹੇ ਇਕ ਵਿਅਕਤੀ ਨੂੰ ਮੰਡੀ ਵਾਸੀਆਂ ਨੇ ਬਾਜ਼ਾਰ ਵਿਚ ਹੀ ਕਾਬੂ ਕਰ ਲਿਆ ਅਤੇ ਉਸ ਦੀ ਚੰਗੀ ਛਿੱਤਰ-ਪਰੇਡ ਕਰਨ ਉਪਰੰਤ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ। ਉਪਰੰਤ ਏ. ਐੱਸ. ਆਈ. ਹੁਸ਼ਿਆਰ ਸਿੰਘ ਦੀ ਅਗਵਾਈ 'ਚ ਮੌਕੇ 'ਤੇ ਪੁੱਜੀ ਪੁਲਸ ਨੇ ਕਾਰਵਾਈ ਕਰਦੇ ਹੋਏ ਗੁਰਦਿੱਤਾ ਸਿੰਘ ਪੁੱਤਰ ਮੱਖਣ ਸਿੰਘ ਅਤੇ ਸਤਨਾਮ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਬੱਲ੍ਹੋ ਖਿਲਾਫ਼ ਮਾਮਲਾ ਦਰਜ ਕਰ ਕੇ ਗੁਰਦਿੱਤਾ ਸਿੰਘ ਨੂੰ ਜੇਲ ਭੇਜ ਦਿੱਤਾ ਹੈ, ਜਦਕਿ ਮੌਕੇ ਤੋਂ ਭੱਜੇ ਸਤਨਾਮ ਸਿੰਘ ਦੀ ਤਲਾਸ਼ ਜਾਰੀ ਹੈ। ਜਾਣਕਾਰੀ ਅਨੁਸਾਰ ਅਰੁਣ ਕੁਮਾਰ ਹਸਪਤਾਲ ਬਾਜ਼ਾਰ ਵਿਚ ਸਥਿਤ ਆਪਣੀ ਦੁਕਾਨ ਗੋਇਲ ਟੈਲੀਕਾਮ 'ਤੇ ਬੈਠਾ ਸੀ ਤਾਂ ਇਕ ਨੌਜਵਾਨ ਨੇ ਆ ਕੇ ਉਸ ਨੂੰ ਮੋਬਾਇਲ ਦਿਖਾਉਣ ਲਈ ਕਿਹਾ, ਜਦ ਦੁਕਾਨਦਾਰ ਨੇ ਉਸ ਨੂੰ ਮੋਬਾਇਲ ਦਿਖਾਏ ਤਾਂ ਉਸ ਨੇ ਵੀਵੋ ਕੰਪਨੀ ਦੇ ਦੋ ਸੈੱਟ ਅਲੱਗ ਰੱਖ ਲਏ ਅਤੇ ਕਹਿਣ ਲੱਗਾ ਕਿ ਮੇਰਾ ਦੋਸਤ ਬਾਹਰ ਖੜ੍ਹਾ ਹੈ ਮੈਂ ਉਸ ਨੂੰ ਬੁਲਾ ਕੇ ਦਿਖਾ ਦੇਵਾਂ, ਇਸ 'ਚੋਂ ਹੀ ਇਕ ਸੈੱਟ ਲੈਣਾ ਹੈ। ਗੁਰਦਿੱਤਾ ਸਿੰਘ ਨੇ ਆਪਣੇ ਦੋਸਤ ਨਾਲ ਮੋਬਾਇਲ 'ਤੇ ਗੱਲਬਾਤ ਕਰਨ ਦੇ ਬਹਾਨੇ ਆਪਸ ਵਿਚ ਤਾਲਮੇਲ ਬਿਠਾ ਲਿਆ ਅਤੇ ਇਸ ਉਪਰੰਤ ਜਦ ਉਹ ਦੁਕਾਨਦਾਰ ਅਰੁਣ ਕੁਮਾਰ ਦੀਆਂ ਅੱਖਾਂ 'ਚ ਮਿਰਚਾ ਪਾ ਕੇ ਮੋਬਾਇਲ ਖੋਹ ਕੇ ਭੱਜਣ ਲੱਗਾ ਤਾਂ ਇਸ ਦੌਰਾਨ ਅਰੁਣ ਕੁਮਾਰ ਅਤੇ ਗੁਰਦਿੱਤਾ ਸਿੰਘ ਵਿਚਕਾਰ ਹੱਥੋਪਾਈ ਹੋ ਗਈ, ਜਿਸ ਦੌਰਾਨ ਗੁਰਦਿੱਤਾ ਸਿੰਘ ਦੀ ਕੋਟੀ ਉਥੇ ਹੀ ਰਹਿ ਗਈ ਪਰ ਅਰੁਣ ਕੁਮਾਰ ਦੇ ਰੌਲਾ ਪਾਉਣ 'ਤੇ ਕੁਝ ਲੋਕਾਂ ਨੇ ਗੁਰਦਿੱਤਾ ਸਿੰਘ ਨੂੰ ਮੌਕੇ 'ਤੇ ਹੀ ਦਬੋਚ ਲਿਆ, ਜਦਕਿ ਮੋਟਰਸਾਈਕਲ 'ਤੇ ਖੜ੍ਹਾ ਉਸ ਦਾ ਸਾਥੀ ਭੱਜਣ ਵਿਚ ਕਾਮਯਾਬ ਹੋ ਗਿਆ। ਇਸ ਮੌਕੇ ਮੰਡੀ ਵਾਸੀਆਂ ਨੇ ਬਾਜ਼ਾਰ ਵਿਚ ਹੀ ਗੁਰਦਿੱਤਾ ਸਿੰਘ ਦੀ ਚੰਗੀ ਛਿੱਤਰ-ਪਰੇਡ ਕਰ ਕੇ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ। ਇਸ ਸਬੰਧੀ ਏ. ਐੱਸ. ਆਈ. ਹੁਸ਼ਿਆਰ ਸਿੰਘ ਦਾ ਕਹਿਣਾ ਹੈ ਕਿ ਗੁਰਦਿੱਤਾ ਸਿੰਘ ਅਤੇ ਸਤਨਾਮ ਸਿੰਘ ਖਿਲਾਫ਼ ਧਾਰਾਵਾਂ 379 ਬੀ. ਅਤੇ 511 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ 'ਚ ਨਾਮਜ਼ਦ ਗੁਰਦਿੱਤਾ ਸਿੰਘ ਨੂੰ ਜੇਲ ਭੇਜ ਦਿੱਤਾ ਗਿਆ ਹੈ, ਜਦਕਿ ਦੂਸਰੇ ਵਿਅਕਤੀ ਸਤਨਾਮ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ।
ਸਹੁਰੇ ਪਰਿਵਾਰ ਕੋਲੋਂ ਲੱਖਾਂ ਰੁਪਏ ਲੈ ਕੇ ਅਮਰੀਕਾ ਪੁੱਜਾ ਜਵਾਈ
NEXT STORY