ਲੁਧਿਆਣਾ(ਤਰੁਣ)-ਫੈਕਟਰੀ ਕੰਪਲੈਕਸਾਂ ਦੇ ਬਾਹਰ ਹੌਜ਼ਰੀ ਦੀਆਂ ਗੱਠਾਂ ਚੋਰੀ ਕਰਨ ਵਾਲੇ ਗਿਰੋਹ ਦਾ ਭਾਂਡਾ ਭੰਨਦੇ ਹੋਏ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੇ 3 ਦੋਸ਼ੀਆਂ ਨੂੰ ਕਾਬੂ ਕੀਤਾ ਹੈ, ਜਦੋਂਕਿ ਗਿਰੋਹ ਦਾ ਸਰਗਣਾ ਪਤਨੀ ਅਤੇ ਸਾਲੇ ਸਮੇਤ ਫਰਾਰ ਹੈ। ਪੁਲਸ ਨੂੰ ਫੜੇ ਗਏ ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਲੱਖਾਂ ਦੀ ਕੀਮਤ ਦਾ ਮਾਲ ਬਰਾਮਦ ਹੋਇਆ ਹੈ। ਉਕਤ ਖੁਲਾਸਾ ਏ. ਸੀ. ਪੀ. ਮਨਦੀਪ ਸਿੰਘ ਅਤੇ ਥਾਣਾ ਮੁਖੀ ਹਰਜਿੰਦਰ ਸਿੰਘ ਨੇ ਪੱਤਰਕਾਰ ਮਿਲਣੀ ਰਾਹੀਂ ਕੀਤਾ ਹੈ। ਫੜੇ ਗਏ ਦੋਸ਼ੀਆਂ ਦੀ ਪਛਾਣ ਅਮਿਤ ਸਿੰਘ ਅਤੇ ਤਰੁਣ ਕਪੂਰ ਦੋਵੇਂ ਨਿਵਾਸੀ ਬਾਵਾ ਕਾਲੋਨੀ, ਕਾਕੋਵਾਲ ਅਤੇ ਤੀਜੇ ਦੋਸ਼ੀ ਦੀ ਪਛਾਣ ਮਨਪ੍ਰੀਤ ਸਿੰਘ ਉਰਫ ਮਨੁ, ਮੂਲ ਰੂਪ ਨਿਵਾਸੀ ਗੁਰਦਾਸਪੁਰ ਅਤੇ ਹਾਲੀਆ ਨਿਵਾਸੀ ਕਿਰਾਏਦਾਰ ਜਗੀਰਪੁਰ ਵਜੋਂ ਹੋਈ ਹੈ। ਫਰਾਰ ਦੋਸ਼ੀਆਂ ਦੀ ਪਛਾਣ ਗਿਰੋਹ ਦੇ ਸਰਗਣਾ ਗੌਰਵ ਵਰਮਾ ਉਰਫ ਗੌਰਾ ਨਿਵਾਸੀ ਭੌਟਾ ਕਾਲੋਨੀ, ਕੱਕਾ ਧੌਲਾ ਰੋਡ, ਉਸ ਦੀ ਪਤਨੀ ਰੱਜੀ ਅਤੇ ਸਾਲਾ ਤਰਸੇਮ ਸਿੰਘ ਉਰਫ ਸ਼ੰਮੀ ਬੌਂਦਲ ਰੋਡ, ਸਮਰਾਲਾ ਵਜੋਂ ਹੋਈ ਹੈ। ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਦੋਸ਼ੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਘੁੰਮ ਰਹੇ ਹਨ। ਪੁਲਸ ਨੇ ਨਾਕਾਬੰਦੀ ਕਰ ਕੇ ਇਕਬਾਲਗੰਜ ਰੋਡ ਕੋਲੋਂ ਦੋਸ਼ੀਆਂ ਨੂੰ ਦਬੋਚ ਲਿਆ, ਜਦੋਂਕਿ ਗਿਰੋਹ ਦਾ ਸਰਗਣਾ ਫਰਾਰ ਹੋ ਗਿਆ। ਸਖ਼ਤੀ ਵਰਤਣ 'ਤੇ ਦੋਸ਼ੀਆਂ ਨੇ ਜੁਰਮ ਦਾ ਚਿੱਠਾ ਖੋਲ੍ਹਿਆ ਅਤੇ ਵਾਰਦਾਤਾਂ ਕਬੂਲੀਆਂ। ਪੁਲਸ ਨੇ ਤਿੰਨਾਂ ਦੋਸ਼ੀਆਂ ਨੂੰ ਅਦਾਲਤ ਸਾਹਮਣੇ ਪੇਸ਼ ਕਰ ਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਇਲਾਕਾ ਪੁਲਸ ਗਿਰੋਹ ਦੇ ਸਰਗਣਾ ਅਤੇ ਹੋਰ ਫਰਾਰ ਦੋਸ਼ੀਆਂ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ। ਰੇਕੀ ਕਰ ਕੇ ਦਿੰਦੇ ਸਨ ਵਾਰਦਾਤ ਨੂੰ ਅੰਜਾਮ: ਗਿਰੋਹ ਨੇ ਜ਼ਿਆਦਾਤਰ ਵਾਰਦਾਤਾਂ ਨੂੰ ਅੰਜਾਮ ਫੈਕਟਰੀ ਅਤੇ ਟ੍ਰਾਂਸਪੋਰਟ ਦੇ ਬਾਹਰ ਦਿੱਤਾ ਹੈ। ਇਹ ਲੋਕ ਹੌਜ਼ਰੀ ਦੇ ਮਾਲ ਦੀਆਂ ਗੱਠਾਂ ਅਤੇ ਪੇਟੀਆਂ ਚੋਰੀ ਕਰ ਲੈਂਦੇ ਸਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਗਿਰੋਹ ਦਾ ਸਰਗਣਾ ਗੌਰਵ ਇੰਡੀਕਾ ਕਾਰ ਵਿਚ ਰੇਕੀ ਕਰਦਾ, ਜਦੋਂਕਿ ਹੋਰ ਮੈਂਬਰ ਟਾਟਾ ਫੋਰਸ ਵਾਹਨ ਵਿਚ ਹੁੰਦੇ, ਜਿਸ ਕੰਪਲੈਕਸ ਦੇ ਬਾਹਰ ਮਾਲ ਪਿਆ ਹੁੰਦਾ, ਉਹ ਕੁਝ ਪਲਾਂ ਵਿਚ ਹੀ ਮਾਲ ਨੂੰ ਟੈਂਪੂ ਵਿਚ ਲੋਡ ਕਰ ਕੇ ਟਿਕਾਣੇ 'ਤੇ ਲੈ ਜਾਂਦੇ ਅਤੇ ਮਾਲ ਘੱਟ ਰੇਟਾਂ 'ਤੇ ਵੇਚ ਦਿੰਦੇ।
15 ਦਿਨ ਪਹਿਲਾਂ ਚੋਰੀ ਕੀਤਾ ਸੀ 8 ਲੱਖ ਦਾ ਮਾਲ : ਗਿਰੋਹ ਨੇ 4 ਦਸੰਬਰ ਨੂੰ ਇਕਬਾਲਗੰਜ ਰੋਡ ਸਥਿਤ ਇਲਾਕੇ 'ਚੋਂ ਇਕ ਮਹਿੰਦਰਾ ਪਿਕਅੱਪ ਵਾਹਨ ਚੋਰੀ ਕੀਤਾ ਸੀ, ਜਿਸ ਵਿਚ ਕਰੀਬ 8 ਲੱਖ ਦੀ ਕੀਮਤ ਦਾ ਮਾਲ ਲੱਦਿਆ ਹੋਇਆ ਸੀ। ਮਾਲ ਨੂੰ ਟਿਕਾਣੇ ਲਾਉਣ ਤੋਂ ਬਾਅਦ ਗੌਰਵ ਨੇ ਵਾਹਨ ਨੂੰ ਬਾੜੇਵਾਲ ਰੋਡ 'ਤੇ ਛੱਡ ਦਿੱਤਾ ਸੀ। ਇਲਾਕਾ ਪੁਲਸ ਨੇ ਵਾਹਨ ਮਾਲਕ ਪਵਨ ਕੁਮਾਰ ਦੇ ਬਿਆਨ 'ਤੇ ਦੋਸ਼ੀਆਂ ਖਿਲਾਫ ਚੋਰੀ ਦਾ ਪਰਚਾ ਦਰਜ ਕੀਤਾ ਸੀ। ਪੁਲਸ ਰਿਕਾਰਡ ਮੁਤਾਬਕ ਚੋਰੀ ਹੋਇਆ ਵਾਹਨ 11 ਦਸੰਬਰ ਨੂੰ ਬਰਾਮਦ ਹੋਇਆ ਹੈ।
8 ਵਾਰਦਾਤਾਂ ਕਬੂਲੀਆਂ : ਥਾਣਾ ਮੁਖੀ ਨੇ ਦੱਸਿਆ ਕਿ ਰਿਮਾਂਡ ਦੌਰਾਨ ਦੋਸ਼ੀਆਂ ਨੇ ਹੁਣ ਤੱਕ ਕੁੱਲ 8 ਵਾਰਦਾਤਾਂ ਕਬੂਲ ਕੀਤੀਆਂ ਹਨ। ਸੁੰਦਰ ਨਗਰ, ਸੇਖੇਵਾਲ ਰੋਡ, ਟ੍ਰਾਂਸਪੋਰਟ ਨਗਰ ਅਤੇ ਕੋਤਵਾਲੀ ਇਲਾਕੇ ਵਿਚ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇਹ ਬਰਾਮਦ ਹੋਇਆ ਮਾਲ : ਫੜੇ ਗਏ ਦੋਸ਼ੀਆਂ ਦੀ ਉਮਰ 20 ਤੋਂ 25 ਸਾਲ ਦਰਮਿਆਨ ਹੈ। ਜਲਦ ਅਮੀਰ ਬਣਨ ਦੇ ਚੱਕਰ ਵਿਚ ਦੋਸ਼ੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗੇ। ਦੋਸ਼ੀਆਂ ਤੋਂ ਲੈਦਰ ਜੈਕਟ, ਲੇਡੀਜ਼ ਕੁੜਤੀ, ਸਵੈਟਰ, ਬੱਚਿਆਂ ਦੀਆਂ ਟੋਪੀਆਂ, ਪਜਾਮੇ, ਸ਼ਾਲ ਆਦਿ ਕਰੀਬ 1.68 ਲੱਖ ਦੀ ਕੀਮਤ ਦਾ ਮਾਲ ਬਰਾਮਦ ਹੋਇਆ ਹੈ।
ਸੱਤਾ ਬਦਲੀ ਤੋਂ ਬਾਅਦ ਵੀ ਨਹੀਂ ਸੁਧਰੇ ਹਾਲਾਤ
NEXT STORY