ਲੁਧਿਆਣਾ(ਮਹੇਸ਼)-ਨਸ਼ੇ ਲਈ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਬਦਮਾਸ਼ਾਂ ਨੂੰ ਸਲੇਮ ਟਾਬਰੀ ਪੁਲਸ ਨੇ ਕਾਬੂ ਕੀਤਾ ਹੈ। ਜਿਨ੍ਹਾਂ ਦੀ ਪਛਾਣ ਗੁਰੂ ਵਿਹਾਰ, ਇੰਦਰਾ ਕਾਲੋਨੀ ਦੇ ਚੰਚਲ ਕੁਮਾਰ (30) ਅਤੇ ਬਲਦੇਵ ਨਗਰ ਦੇ ਲੱਕੀ ਕੁਮਾਰ (23) ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਇਨ੍ਹਾਂ ਪਾਸੋਂ 13 ਮੋਬਾਇਲ ਬਰਾਮਦ ਕੀਤੇ ਹਨ, ਜੋ ਕਿ ਰਾਹਗੀਰਾਂ ਤੋਂ ਲੁੱਟੇ ਗਏ ਸੀ। ਦੋਵਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਪੁੱਛਗਿੱਛ ਲਈ ਇਕ ਦਿਨ ਦੇ ਰਿਮਾਂਡ 'ਤੇ ਲਿਆ ਗਿਆ ਹੈ। ਥਾਣਾ ਇੰਚਾਰਜ ਵਿਜੇ ਕੁਮਾਰ ਨੇ ਦੱਸਿਆ ਕਿ ਦੋਵਾਂ ਬਦਮਾਸ਼ਾਂ ਨੂੰ ਸੂਚਨਾ ਦੇ ਆਧਾਰ 'ਤੇ ਬੀਤੀ ਰਾਤ ਬਾਬਾ ਘੋਰੀ ਦਰਗਾਹ ਦੇ ਨੇੜਿਓਂ ਕਾਬੂ ਕੀਤਾ ਗਿਆ। ਤਦ ਉਹ ਮੋਟਰਸਾਈਕਲ 'ਤੇ ਸਵਾਰ ਹੋ ਕੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸਨ। ਤਲਾਸ਼ੀ ਦੌਰਾਨ ਮੌਕੇ 'ਤੇ ਇਨ੍ਹਾਂ ਪਾਸੋਂ 6 ਮੋਬਾਇਲ, ਜਦਕਿ ਇਨ੍ਹਾਂ ਦੀ ਨਿਸ਼ਾਨਦੇਹੀ 'ਤੇ 7 ਹੋਰ ਮੋਬਾਇਲ ਇਨ੍ਹਾਂ ਦੇ ਘਰੋਂ ਬਰਾਮਦ ਕੀਤੇ ਗਏ। ਵਿਜੇ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਇਨ੍ਹਾਂ ਬਦਮਾਸ਼ਾਂ ਨੇ ਮੋਟਰਸਾਈਕਲ 'ਤੇ ਜਾਅਲੀ ਨੰਬਰ ਪਲੇਟ ਲਾ ਰੱਖੀ ਸੀ। ਇਹ ਸਲੇਮ ਟਾਬਰੀ ਅਤੇ ਉਸ ਦੇ ਆਸ-ਪਾਸ ਲੱਗਦੇ ਇਲਾਕਿਆਂ 'ਚ ਰਾਹਗੀਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸੀ। ਦੋਨੋਂ ਦੋਸ਼ੀ ਨਸ਼ੇ ਦੇ ਆਦੀ ਹਨ ਅਤੇ ਇਸ ਦੇ ਲਈ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ। ਇਨ੍ਹਾਂ 'ਚੋਂ ਚੰਚਲ ਵਿਆਹਿਆ ਹੋਇਆ ਹੈ ਅਤੇ ਲੱਕੀ ਕੁਆਰਾ ਹੈ।
ਨਗਰ ਨਿਗਮ ਚੋਣ : 275 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ ਡਿਕਲੇਅਰ
NEXT STORY