ਕਪੂਰਥਲਾ, (ਭੂਸ਼ਣ)- ਕੇਂਦਰੀ ਜੇਲ ਕਪੂਰਥਲਾ ਅਤੇ ਜਲੰਧਰ ’ਚ ਬੀਤੀ ਰਾਤ 5 ਗੈਂਗਸਟਰਾਂ ਨੇ ਇਕ ਹਵਾਲਾਤੀ ’ਤੇ ਤੇਜ਼ਧਾਰ ਹਥਿਅਾਰਾਂ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।
ਜੇਲ ਕੰੰਪਲੈਕਸ ’ਚ ਤਇਨਾਤ ਪੁਲਸ ਟੀਮ ਨੇ ਜ਼ਖ਼ਮੀ ਹਵਾਲਾਤੀ ਨੂੰ ਤੁਰੰਤ ਸਿਵਲ ਹਸਪਤਾਲ ਕਪੂਰਥਲਾ ’ਚ ਦਾਖਲ ਕਰਵਾਇਅਾ। ਉਥੇ ਹੀ ਇਸ ਸਬੰਧ ’ਚ ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਪੰਜਾਂ ਗੈਂਗਸਟਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਕੇਂਦਰੀ ਜੇਲ ’ਚ ਐੱਫ. ਆਈ. ਆਰ. ਨੰਬਰ 166/12 ਦੇ ਤਹਿਤ ਕਤਲ ਦੇ ਮਾਮਲੇ ’ਚ ਬੰਦ ਗੈਂਗਸਟਰ ਰਮਨਦੀਪ ਸਿੰਘ ਪੁੱਤਰ ਵਾਸੀ ਮਸਾਨਾ, ਥਾਣਾ ਸੰਗਤ ਮੰਡੀ, ਜ਼ਿਲਾ ਬਠਿੰਡਾ, ਹਰਦੀਪ ਸਿੰਘ ਉਰਫ ਸ਼ੇਰਾ ਵਾਸੀ ਮਾਜਰੀ ਥਾਣਾ ਅਮਲੋਹ, ਜ਼ਿਲਾ ਫਤਿਹਗਡ਼੍ਹ ਸਾਹਿਬ, ਜਿਸ ਦੇ ਖਿਲਾਫ ਕਤਲ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਦਾ ਮਾਮਲਾ ਦਰਜ ਹੈ, ਵਰਿੰਦਰ ਸਿੰਘ ਵਾਸੀ ਸਿੰਘ ਵਾਲਾ ਥਾਣਾ ਮੋਗਾ ਜਿਸ ਦੇ ਖਿਲਾਫ ਐੱਫ. ਆਈ. ਆਰ. ਨੰਬਰ 142/16 ਦੇ ਤਹਿਤ ਮਾਮਲਾ ਦਰਜ ਹੈ, ਸੁਖਚੈਨ ਸਿੰਘ ਵਾਸੀ ਉਨਕ ਖਿਲਾਫ ਐੱਫ. ਆਈ. ਆਰ. ਨੰਬਰ 142/16 ਦੇ ਤਹਿਤ ਮਾਮਲਾ ਦਰਜ ਹੈ ਤੇ ਅਖਿਲੇਸ਼ ਦੇ ਖਿਲਾਫ ਐੱਫ. ਆਈ. ਆਰ. ਨੰਬਰ 69/16 ਦੇ ਤਹਿਤ ਕਤਲ ਦਾ ਮਾਮਲਾ ਦਰਜ ਹੈ। ਇਨ੍ਹਾਂ ਸਾਰਿਅਾਂ ਨੇ ਜੇਲ ਵਿਚ ਬੰਦ ਹਵਾਲਾਤੀ ਗੁਰਜੀਤ ਸਿੰਘ ਵਾਸੀ ਲਡਾਰਾ, ਥਾਣਾ ਮਕਸੂਦਾਂ ’ਤੇ ਰਾਡਾਂ ਅਤੇ ਤੇਜ਼ਧਾਰ ਸੂਏ ਨਾਲ ਕਾਤਲਾਨਾ ਹਮਲਾ ਕਰ ਦਿੱਤਾ । ਜਿਸ ਕਾਰਨ ਗੁਰਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ । ਜਿਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਜੇਲ ਪ੍ਰਸ਼ਾਸਨ ਨੇ ਉਸ ਨੂੰ ਸਿਵਲ ਹਸਪਤਾਲ ਕਪੂਰਥਲਾ ’ਚ ਦਾਖਲ ਕਰਵਾਇਆ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਇੰਸਪੈਕਟਰ ਹਰਗੁਰਦੇਵ ਸਿੰਘ ਨੇ ਮੌਕੇ ’ਤੇ ਜਾ ਕੇ ਜ਼ਖ਼ਮੀ ਗੁਰਜੀਤ ਸਿੰਘ ਦੇ ਬਿਆਨ ਲਏ ਅਤੇ ਜ਼ਖ਼ਮੀ ਦੇ ਬਿਆਨਾਂ ’ਤੇ ਪੰਜਾਂ ਗੈਂਗਸਟਰਾਂ ਰਮਨਦੀਪ ਸਿੰਘ, ਹਰਦੀਪ ਸਿੰਘ, ਵਰਿੰਦਰ ਸਿੰਘ, ਸੁਖਚੈਨ ਸਿੰਘ ਅਤੇ ਅਖਿਲੇਸ਼ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ।
ਪ੍ਰੋਡੱਕਸ਼ਨ ਵਾਰੰਟ ’ਤੇ ਥਾਣਾ ਕੋਤਵਾਲੀ ’ਚ ਲਿਅਾਂਦੇ ਜਾਣਗੇ ਗੈਂਗਸਟਰ
ਪੰਜਾਂ ਮੁਲਜ਼ਮਾਂ ਦੇ ਕੋਲ ਜੇਲ ਕੰੰਪਲੈਕਸ ਦੇ ਅੰਦਰ ਤੇਜ਼ਧਾਰ ਹਥਿਆਰ ਕਿਵੇਂ ਪੁੱਜੇ ਅਤੇ ਉਨ੍ਹਾਂ ਨੇ ਇਸ ਪੂਰੀ ਵਾਰਦਾਤ ਨੂੰ ਕਿਉਂ ਅੰਜਾਮ ਦਿੱਤਾ ਇਸ ਸਬੰਧੀ ਜਲਦੀ ਹੀ ਥਾਣਾ ਕੋਤਵਾਲੀ ਦੀ ਪੁਲਸ ਪ੍ਰੋਡੱਕਸ਼ਨ ਵਾਰੰਟ ’ਤੇ ਆਧਾਰ ’ਤੇ ਪੰਜਾਂ ਗੈਂਗਸਟਰਾਂ ਨੂੰ ਪੁੱਛਗਿਛ ਲਈ ਥਾਣਾ ਕੋਤਵਾਲੀ ਲਿਆਉਣ ਦੀ ਤਿਆਰੀ ਵਿਚ ਜੁੱਟ ਗਈ ਹੈ, ਉਥੇ ਹੀ ਇਸ ਘਟਨਾ ਦੇ ਬਾਅਦ ਜੇਲ ਪ੍ਰਸ਼ਾਸਨ ਨੇ ਜੇਲ ਕੰੰਪਲੈਕਸ ਦੇ ਅੰਦਰ ਸਰਚ ਮੁਹਿੰਮ ਤੇਜ਼ ਕਰਦੇ ਹੋਏ ਅਜਿਹੇ ਗੈਂਗਸਟਰਾਂ ਦੇ ਖਿਲਾਫ ਸਖ਼ਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਗੌਰ ਹੋਵੇ ਕਿ ਪੁਲਸ ਵੱਲੋਂ ਨਾਮਜ਼ਦ ਕੀਤੇ ਗਏ ਪੰਜ ਖਤਰਨਾਕ ਗੈਂਗਸਟਰਾਂ ਦੀ ਸੂਚੀ ਵਿਚ ਆਉਂਦੇ ਹਨ ਅਤੇ ਇਸ ਮਾਮਲੇ ਵਿਚ ਨਾਮਜ਼ਦ ਰਮਨਦੀਪ, ਸੁੱਖਾ ਕਾਹਲਵਾਂ ਕਤਲਕਾਂਡ ਵਿਚ ਵੀ ਨਾਮਜ਼ਦ ਹਨ। ਉਥੇ ਹੀ ਦੂਜੇ ਗੈਂਗਸਟਰਾਂ ਦੇ ਖਿਲਾਫ ਲੁਟ ਅਤੇ ਹਥਿਆਰ ਬਰਾਮਦਗੀ ਦੇ ਮਾਮਲੇ ਦਰਜ ਹਨ।
ਜੇਲ ਪ੍ਰਸ਼ਾਸਨ ਨੇ ਚੱਕੀਅਾਂ ’ਚ ਬੰਦ ਕੀਤੇ ਗੈਂਗਸਟਰ
ਇਸ ਪੂਰੀ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜੇਲ ਪ੍ਰਸ਼ਾਸਨ ਨੇ ਜਿਥੇ ਪੂਰੇ ਕੰੰਪਲੈਕਸ ਵਿਚ ਸਖਤੀ ਵਧਾ ਦਿੱਤੀ ਹੈ ਉਥੇ ਹੀ ਭਾਰੀ ਗਿਣਤੀ ਵਿਚ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ । ਜਦ ਕਿ ਖਤਰਨਾਕ ਗੈਂਗਸਟਰਾਂ ਨੂੰ ਜੇਲ ਦੀਅਾਂ ਚੱਕੀਅਾਂ ਵਿਚ ਬੰਦ ਕਰ ਦਿੱਤਾ ਗਿਆ ਹੈ ਤਾਂਕਿ ਅਜਿਹੀ ਘਟਨਾਵਾ ਨੂੰ ਰੋਕਿਆ ਜਾ ਸਕੇ।
ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ ’ਤੇ ਅੰਮ੍ਰਿਤਸਰ ਜ਼ਿਲੇ ’ਚ 2300 ਕੈਮਿਸਟਾਂ ਨੇ ਕਾਰੋਬਾਰ ਬੰਦ ਰੱਖਿਆ 3 ਕਰੋੜ 50 ਲੱਖ ਦਾ ਕਾਰੋਬਾਰ ਪ੍ਰਭਾਵਿਤ
NEXT STORY