ਜਲੰਧਰ (ਗੁਲਸ਼ਨ) : ਵੀਰਵਾਰ ਨੂੰ ਨਵੀਂ ਦਿੱਲੀ ਤੋਂ ਚੱਲ ਕੇ ਅੰਮ੍ਰਿਤਸਰ ਵੱਲ ਜਾਣ ਵਾਲੀ ਸ਼ਤਾਬਦੀ ਐਕਸਪ੍ਰੈੱਸ 'ਚ ਲੱਗੇ ਆਟੋਮੈਟਿਕ ਦਰਵਾਜ਼ੇ ਯਾਤਰੀਆਂ ਲਈ ਮੁਸੀਬਤ ਬਣ ਗਏ। ਦਰਅਸਲ ਤੇਜਸ ਰੈਂਕ ਵਾਲੀ ਸ਼ਤਾਬਦੀ ਦੁਪਹਿਰ 12.50 'ਤੇ ਸਿਟੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 1 'ਤੇ ਪਹੁੰਚੀ। ਨਿਰਧਾਰਤ ਸਟਾਪੇਜ ਤੋਂ ਬਾਅਦ ਟਰੇਨ ਦੇ ਆਟੋਮੈਟਿਕ ਦਰਵਾਜ਼ੇ ਬੰਦ ਹੋ ਗਏ। ਟਰੇਨ ਜਿਵੇਂ ਹੀ ਪਲੇਟਫਾਰਮ ਤੋਂ ਚੱਲਣ ਲੱਗੀ ਤਾਂ ਇਕ ਯਾਤਰੀ ਜ਼ੋਰ-ਜ਼ੋਰ ਨਾਲ ਰੌਲਾ ਪਾਉਣ ਲੱਗਾ। 'ਓਏ ਗੱਡੀ ਰੋਕੋ...ਮੇਰੇ ਬੱਚੇ ਅੰਦਰ ਰਹਿ ਗਏ ਨੇ।' ਉਹ ਚਲਦੀ ਟਰੇਨ ਦੇ ਸ਼ੀਸ਼ਿਆਂ 'ਤੇ ਜ਼ੋਰ-ਜ਼ੋਰ ਨਾਲ ਹੱਥ ਮਾਰਦੇ ਹੋਏ ਨਾਲ-ਨਾਲ ਭੱਜਣ ਲੱਗਾ। ਆਖਿਰਕਾਰ ਟਰੇਨ ਦੇ ਗਾਰਡ ਨੇ ਟਰੇਨ ਰੋਕ ਕੇ ਉਸ ਨੂੰ ਟਰੇਨ 'ਚ ਚੜ੍ਹਾਇਆ। ਉਕਤ ਵਿਅਕਤੀ ਸ਼ਤਾਬਦੀ ਦੇ ਸੀ-9 ਕੋਚ 'ਚ ਆਪਣੇ ਪਰਿਵਾਰ ਨਾਲ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਜਾ ਰਿਹਾ ਸੀ। ਸ਼ਤਾਬਦੀ ਜਦੋਂ ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਰੁਕੀ ਤਾਂ ਉਹ ਕੁਝ ਲੈਣ ਲਈ ਪਲੇਟਫਾਰਮ 'ਤੇ ਉਤਰਿਆ। 3 ਮਿੰਟ ਦੇ ਸਟਾਪੇਜ ਤੋਂ ਬਾਅਦ ਟਰੇਨ ਦੇ ਆਟੋਮੈਟਿਕ ਦਰਵਾਜ਼ੇ ਬੰਦ ਹੋਏ ਤੇ ਉਹ ਟਰੇਨ 'ਚ ਚੜ੍ਹ ਨਹੀਂ ਸਕਿਆ।
ਸ਼ਤਾਬਦੀ ਨੂੰ ਅੰਦਰੋਂ ਦੇਖਣ ਗਿਆ ਯਾਤਰੀ ਵੀ ਨਹੀਂ ਨਿਕਲ ਸਕਿਆ ਬਾਹਰ
ਆਟੋਮੈਟਿਕ ਦਰਵਾਜ਼ੇ ਵਾਲੀ ਸ਼ਤਾਬਦੀ ਐਕਸਪ੍ਰੈੱਸ ਨੂੰ ਅੰਦਰੋਂ ਦੇਖਣਾ ਇਕ ਹੋਰ ਯਾਤਰੀ ਜਗਦੀਸ਼ ਨੂੰ ਭਾਰੀ ਪੈ ਗਿਆ। ਜਦੋਂ ਉਹ ਟਰੇਨ 'ਚ ਚੜ੍ਹਿਆ ਤਾਂ ਆਟੋਮੈਟਿਕ ਦਰਵਾਜ਼ੇ ਬੰਦ ਹੋ ਗਏ ਅਤੇ ਟਰੇਨ ਚੱਲ ਪਈ। ਉਸ ਦੇ ਪਰਿਵਾਰਕ ਮੈਂਬਰ ਵੀ ਟਰੇਨ ਰੁਕਵਾਉਣ ਲਈ ਗੁਹਾਰ ਲਾਉਂਦੇ ਰਹੇ ਪਰ ਟਰੇਨ ਦੁਬਾਰਾ ਨਹੀਂ ਰੁਕੀ। ਉਹ ਟਰੇਨ 'ਚ ਬਿਆਸ ਸਟੇਸ਼ਨ ਤੱਕ ਪਹੁੰਚ ਗਿਆ। ਉਸ ਦੇ ਪਰਿਵਾਰ ਵਾਲੇ ਬੁਕਿੰਗ ਕਾਰਨ ਆਪਣੀ ਟਰੇਨ 'ਚ ਅਹਿਮਦਾਬਾਦ ਲਈ ਨਿਕਲ ਗਏ ਤੇ ਜਗਦੀਸ਼ ਨੂੰ ਛੱਡ ਗਏ।

ਸ਼ਤਾਬਦੀ 'ਚ ਰਹਿ ਗਿਆ ਯਾਤਰੀ ਦਾ ਪਰਸ, ਨਹੀਂ ਮਿਲਿਆ
ਸ਼ਤਾਬਦੀ ਦੇ ਸੀ-8 ਕੋਚ ਦੀ 25 ਨੰਬਰ ਸੀਟ 'ਤੇ ਨਵੀਂ ਦਿੱਲੀ ਤੋਂ ਲੁਧਿਆਣਾ ਤੱਕ ਸਫਰ ਕਰ ਰਹੇ ਯਾਤਰੀ ਨੇ ਆਪਣਾ ਪਰਸ ਗੁੰਮ ਹੋਣ ਦੀ ਸ਼ਿਕਾਇਤ ਲੁਧਿਆਣਾ ਸਟੇਸ਼ਨ 'ਤੇ ਦਿੱਤੀ। ਲੁਧਿਆਣਾ ਤੋਂ ਜਲੰਧਰ ਸਟੇਸ਼ਨ 'ਤੇ ਡਿਪਟੀ ਐੱਸ. ਐੱਸ. ਨੂੰ ਸੂਚਨਾ ਦਿੱਤੀ ਗਈ। ਆਰ. ਪੀ. ਐੱਫ. ਦੇ ਏ. ਐੱਸ. ਆਈ. ਅਨਿਲ ਕੁਮਾਰ ਨੂੰ ਟਰੇਨ ਅਟੈਂਡ ਕਰਨ ਲਈ ਭੇਜਿਆ ਗਿਆ ਪਰ ਉਨ੍ਹਾਂ ਨੂੰ ਉਥੇ ਪਰਸ ਨਹੀਂ ਮਿਲਿਆ।

ਦਿੱਲੀ ਕਮੇਟੀ ਨੇ ਜੀ. ਕੇ. ਖਿਲਾਫ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ
NEXT STORY