ਗੁਰਦਾਸਪੁਰ (ਦੀਪਕਸ਼ ਵਿਨੋਦ) - ਕਾਂਗਰਸ ਸਰਕਾਰ ਜਦੋਂ ਦੀ ਸੱਤਾ ਵਿਚ ਆਈ ਹੈ, ਇਸ ਦੇ ਨੇਤਾ ਅਕਾਲੀ-ਭਾਜਪਾ ਵਰਕਰਾਂ ਅਤੇ ਨੇਤਾਵਾਂ 'ਤੇ ਝੂਠੇ ਪਰਚੇ ਦਰਜ ਕਰਵਾ ਰਹੇ ਹਨ ਅਤੇ ਇਕ ਗੰਦੀ ਰਾਜਨੀਤੀ ਦਾ ਸਬੂਤ ਦੇ ਰਹੇ ਹਨ। ਉਕਤ ਪ੍ਰਗਟਾਵਾ ਅੱਜ ਸਥਾਨਕ ਰੈਸਟੋਰੈਂਟ 'ਚ ਪ੍ਰੈੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਸਾਬਕਾ ਅਕਾਲੀ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਨੇ ਕੀਤਾ।
ਬੱਬੇਹਾਲੀ ਨੇ ਕਿਹਾ ਕਿ ਅਸੀਂ ਗੁਰਦਾਸਪੁਰ ਦੀ ਜ਼ਿਮਨੀ ਚੋਣ ਲੋਕਤੰਤਰੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੜੇ ਸੀ, ਜਦਕਿ ਕਾਂਗਰਸੀਆਂ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਦੇ ਹੋਏ ਵੋਟਾਂ ਦੌਰਾਨ ਪੋਲਿੰਗ ਬੂਥਾਂ 'ਤੇ ਬੈਠੇ ਅਕਾਲੀ-ਭਾਜਪਾ ਦੇ ਏਜੰਟਾਂ ਨਾਲ ਧੱਕੇਸ਼ਾਹੀ ਕਰਦੇ ਹੋਏ ਉਨ੍ਹਾਂ 'ਤੇ ਹਮਲੇ ਕਰ ਕੇ ਉਨ੍ਹਾਂ ਨੂੰ ਜ਼ਖਮੀ ਕੀਤਾ ਗਿਆ ਸੀ ਅਤੇ ਪੁਲਸ ਮੂਕ ਦਰਸ਼ਕ ਬਣੀ ਰਹੀ ਸੀ। ਬੱਬੇਹਾਲੀ ਨੇ ਹਲਕਾ ਵਿਧਾਇਕ ਪਾਹੜਾ 'ਤੇ ਕਥਿਤ ਤੌਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਪਾਹੜਾ ਪਰਿਵਾਰ ਅਕਾਲੀ-ਭਾਜਪਾ ਦੇ ਵਰਕਰਾਂ ਨਾਲ ਧੱਕਾ ਕਰ ਰਿਹਾ ਹੈ ਅਤੇ ਝੂਠੇ ਪਰਚੇ ਕਰਵਾ ਰਿਹਾ ਹੈ। ਉਨ੍ਹਾਂ ਕਿਹਾ ਕਿ 11 ਅਕਤੂਬਰ ਨੂੰ ਵੋਟਾਂ ਵਾਲੇ ਦਿਨ ਸਾਡੇ ਅਕਾਲੀ ਵਰਕਰ ਹਰਬਰਿੰਦਰ ਸਿੰਘ ਹੈਪੀ ਬਲਾਕ ਸੰਮਤੀ ਚੇਅਰਮੈਨ ਅਤੇ ਉਸ ਦੇ ਭਰਾ ਗੁਰਬਿੰਦਰ ਸਿੰਘ ਸਮੇਤ ਹੋਰ ਕਈ ਵਰਕਰਾਂ 'ਤੇ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ। ਬਾਅਦ 'ਚ ਵਿਧਾਇਕ ਪਾਹੜਾ ਨੇ ਜ਼ਖਮੀ ਹੋਏ ਅਕਾਲੀ ਵਰਕਰਾਂ ਦੀ ਹਸਪਤਾਲ ਅੰਦਰ ਕੋਈ ਕਾਗਜ਼ੀ ਕਾਰਵਾਈ ਨਹੀਂ ਹੋਣ ਦਿੱਤੀ, ਜਿਸ ਕਾਰਨ ਐੱਸ. ਐੱਮ. ਓ. ਅਤੇ ਸਿਵਲ ਸਰਜਨ ਨੂੰ ਮਾਣਯੋਗ ਅਦਾਲਤ ਵੱਲੋਂ ਤਲਬ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਵਿਧਾਇਕ ਪਾਹੜਾ ਦੀ ਸ਼ਹਿ 'ਤੇ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿੰਡ ਪਾਹੜਾ ਵਿਖੇ ਵਿਧਾਇਕ ਪਾਹੜਾ ਦੇ ਭਰਾ ਤੇ ਪਿਤਾ ਵੱਲੋਂ ਅਕਾਲੀ ਵਰਕਰਾਂ 'ਤੇ ਹਮਲਾ ਕਰਨ ਦੇ ਜੁਰਮ ਤਹਿਤ ਥਾਣਾ ਤਿੱਬੜ ਵਿਖੇ ਮਾਮਲਾ ਵੀ ਦਰਜ ਕੀਤਾ ਗਿਆ ਹੈ ਪਰ ਫਿਰ ਵੀ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਬੀਤੇ ਦਿਨ ਪਿੰਡ ਪਾਹੜਾ ਵਿਖੇ ਵਿਧਾਇਕ ਪਾਹੜਾ ਦੀ ਸ਼ਹਿ 'ਤੇ ਇਕ ਔਰਤ ਵੱਲੋਂ ਬਲਾਕ ਸੰਮਤੀ ਦੇ ਚੇਅਰਮੈਨ ਹਰਬਰਿੰਦਰ ਸਿੰਘ ਹੈਪੀ ਦੇ ਵੱਡੇ ਭਰਾ ਗੁਰਬਿੰਦਰ ਸਿੰਘ ਖਿਲਾਫ ਥਾਣਾ ਤਿੱਬੜ ਵਿਖੇ ਛੇੜਛਾੜ ਦਾ ਝੂਠਾ ਪਰਚਾ ਦਰਜ ਕਰਵਾਇਆ ਗਿਆ ਹੈ। ਬੱਬੇਹਾਲੀ ਨੇ ਅੱਗੇ ਦੱਸਿਆ ਕਿ ਗੁਰਬਿੰਦਰ ਸਿੰਘ ਨੇ ਹੁਣ ਫੈਸਲਾ ਕੀਤਾ ਹੈ ਕਿ ਉਹ ਉਦੋਂ ਤੱਕ ਆਪਣੀ ਨੌਕਰੀ 'ਤੇ ਵਾਪਸ ਨਹੀਂ ਜਾਵੇਗਾ, ਜਦ ਤੱਕ ਉਹ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਝੂਠਾ ਸਾਬਿਤ ਨਹੀਂ ਕਰ ਦਿੰਦਾ।
ਬੱਬੇਹਾਲੀ ਨੇ ਦੱਸਿਆ ਕਿ ਉਹ ਹੁਣ ਐੱਸ. ਐੱਸ. ਪੀ. ਗੁਰਦਾਸਪੁਰ ਹਰਚਰਨ ਸਿੰਘ ਭੁੱਲਰ ਨੂੰ ਇਕ ਮੰਗ-ਪੱਤਰ ਦੇਣ ਜਾ ਰਹੇ ਹਨ, ਜਿਸ 'ਚ ਵੋਟਾਂ ਦੌਰਾਨ ਕਾਂਗਰਸੀ ਵਰਕਰਾਂ ਵੱਲੋਂ ਅਕਾਲੀ-ਭਾਜਪਾ ਵਰਕਰਾਂ 'ਤੇ ਪੁਲਸ ਅਫਸਰਾਂ ਦੇ ਸਾਹਮਣੇ ਹਮਲਾ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਾ ਕਰਨ ਵਾਲੇ ਅਫਸਰਾਂ ਖਿਲਾਫ ਅਤੇ ਕਾਂਗਰਸੀ ਵਰਕਰਾਂ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਅਮਰਜੋਤ ਸਿੰਘ ਬੱਬੇਹਾਲੀ, ਮਨੋਜ ਕੁਮਾਰ ਸ਼ੈਂਪੀ ਪ੍ਰਧਾਨ ਨਗਰ ਕੌਂਸਲ ਗੁਰਦਾਸਪੁਰ ਆਦਿ ਹਾਜ਼ਰ ਸਨ।
ਅਕਾਲੀ-ਭਾਜਪਾ ਨੂੰ ਆਪਣੀ ਹਾਰ ਬਰਦਾਸ਼ਤ ਨਹੀਂ ਹੋ ਰਹੀ : ਪਾਹੜਾ
ਇਸ ਸਬੰਧੀ ਜਦ ਵਿਧਾਇਕ ਪਾਹੜਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਨੂੰ ਆਪਣੀ ਹਾਰ ਬਰਦਾਸ਼ਤ ਨਹੀਂ ਹੋ ਰਹੀ ਅਤੇ ਬੌਖਲਾਹਟ 'ਚ ਆ ਕੇ ਸਾਡੇ 'ਤੇ ਝੂਠੇ ਦੋਸ਼ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਬਕਾ ਅਕਾਲੀ ਵਿਧਾਇਕ ਵੱਲੋਂ ਜੋ ਮੇਰੇ 'ਤੇ ਦੋਸ਼ ਲਾਏ ਜਾ ਰਹੇ ਹਨ, ਇਹ ਸਰਾਸਰ ਝੂਠੇ ਹਨ। ਉਨ੍ਹਾਂ ਕਿਹਾ ਕਿ ਪਾਹੜਾ ਪਰਿਵਾਰ ਹਰ ਵੇਲੇ ਹਲਕੇ ਦੀ ਜਨਤਾ ਦੀ ਸੇਵਾ 'ਚ ਤੱਤਪਰ ਹੈ। ਬੱਬੇਹਾਲੀ ਜਨਤਾ ਵੱਲੋਂ ਨਕਾਰਿਆ ਹੋਇਆ ਨੇਤਾ ਹੈ, ਜਿਸ ਦਾ ਸੱਚ ਸਭ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਬੱਬੇਹਾਲੀ ਮੇਰੇ ਨਾਲ ਜਨਤਕ ਤੌਰ 'ਤੇ ਬਹਿਸ ਕਰ ਲਵੇ, ਮੇਰੇ 'ਤੇ ਜੋ ਦੋਸ਼ ਉਹ ਲਾ ਰਿਹਾ ਹੈ, ਜੇ ਸਾਬਿਤ ਕਰ ਦੇਵੇ ਮੈਂ ਰਾਜਨੀਤੀ ਛੱਡ ਦੇਵਾਂਗਾ।
ਆਰ. ਐੱਸ. ਐੱਸ. ਨੇਤਾ ਦੇ ਕਤਲ ਦੇ ਰੋਸ ਵਜੋਂ ਪੰਜਾਬ ਸਰਕਾਰ ਨੂੰ ਮੰਗ-ਪੱਤਰ
NEXT STORY