ਬਠਿੰਡਾ - ਸੰਸਦੀ ਹਲਕੇ ਬਠਿੰਡਾ ਦੇ ਚੋਣ ਮੈਦਾਨ 'ਚ ਉਤਰਨ ਵਾਲੇ ਉਮੀਦਵਾਰਾਂ ਦਾ ਅਜੇ ਤੱਕ ਕਿਸੇ ਨੇ ਕੋਈ ਐਲਾਨ ਨਹੀਂ ਕੀਤਾ। ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਬਾਦਲ ਤੇ ਕੈਪਟਨ ਕੀ ਖਿਚੜੀ ਪੱਕਾ ਰਹੇ ਹਨ। ਦੋਸਤਾਨਾ ਮੈਚ ਦੇ ਲੱਗਦੇ ਦੋਸ਼ਾਂ ਦੀ ਪੁਛਾਣ ਵੀ ਇਨ੍ਹਾਂ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਹੀ ਕੀਤੀ ਜਾਵੇਗੀ, ਜਿਸ ਕਰਾਨ ਪੂਰਾ ਪੰਜਾਬ ਸੰਸਦੀ ਹਲਕੇ ਬਠਿੰਡਾ ਵਿਚ ਭਿੜਨ ਵਾਲੇ ਉਮੀਦਵਾਰਾਂ ਦੀ ਸੂਹ ਲੈ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਬਠਿੰਡਾ ਤੋਂ ਉਮੀਦਵਾਰ ਕੌਣ ਹੋਵੇਗਾ, ਇਸ ਦਾ ਭੇਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਹੈ। ਉਂਜ, ਵੱਡੇ ਬਾਦਲ ਆਖਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਫ਼ੈਸਲਾ ਕਰੇਗੀ। ਏਨਾ ਸਾਫ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੋਲ ਬਠਿੰਡਾ ਹਲਕੇ ਤੋਂ ਚੋਣ ਲੜਨ ਲਈ ਕਿਸੇ ਦੂਜੇ ਉਮੀਦਵਾਰ ਨੇ ਇੱਛਾ ਜ਼ਾਹਿਰ ਨਹੀਂ ਕੀਤੀ।
ਫਿਲਹਾਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇਸ ਹਲਕੇ ਤੋਂ ਅਕਾਲੀ ਉਮੀਦਵਾਰ ਹੋਣਗੇ ਅਤੇ ਉਹ ਫਿਰੋਜ਼ਪੁਰ ਤੋਂ ਵੀ ਚੋਣ ਲੜ ਸਕਦੇ ਹਨ।ਕਈ ਦਿਨਾਂ ਤੋਂ ਬੀਬੀ ਬਾਦਲ ਹਲਕੇ 'ਚ ਵਿਚਰ ਰਹੇ ਹਨ। ਇਕੱਲਾ ਵਿਕਾਸ ਦੇਖਣਾ ਹੋਵੇ ਤਾਂ ਹਰਸਿਮਰਤ ਮੂਹਰੇ ਹੈ। ਦੱਸ ਦੇਈਏ ਕਿ ਹਰਸਿਮਰਤ ਦੀ ਇਹ ਤੀਜੀ ਚੋਣ ਹੈ। ਉਧਰ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਜਨਤਕ ਤੌਰ 'ਤੇ ਦਾਅਵਾ ਕਰਦੇ ਹਨ ਕਿ ਉਨ੍ਹਾਂ ਸੰਸਦੀ ਹਲਕੇ ਬਠਿੰਡਾ ਦੀ ਨੁਹਾਰ ਬਦਲ ਦਿੱਤੀ ਹੈ। ਰਿਫਾਈਨਰੀ, ਪੈਟਰੋ ਕੈਮੀਕਲ ਯੂਨਿਟ ਤੇ 'ਏਮਜ਼' ਨੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ। ਪਿੰਡਾਂ/ਸ਼ਹਿਰਾਂ 'ਚ ਆਰਓ ਪਲਾਂਟ ਲਾ ਕੇ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਮੁਸ਼ਕਲ ਹੱਲ ਕੀਤੀ। ਪਿੰਡਾਂ 'ਚ ਗਲੀਆਂ-ਨਾਲੀਆਂ, ਪਾਣੀ ਦੇ ਨਿਕਾਸੀ ਪ੍ਰਬੰਧਾਂ ਤੇ ਨਹਿਰੀ ਪਾਣੀ ਦੇ ਮਸਲੇ ਹੱਲ ਕੀਤੇ ਹਨ। ਕੇਂਦਰੀ ਪ੍ਰਾਜੈਕਟ ਸਭ ਤੋਂ ਵੱਧ ਬਠਿੰਡਾ ਹਲਕੇ 'ਚ ਆਏ ਹਨ।
ਕਾਂਗਰਸ ਸਰਕਾਰ ਇਸ ਭੰਬਲਭੂਸੇ 'ਚ ਫਸੀ ਹੋਈ ਹੈ ਕਿ ਕਾਂਗਰਸ ਦਾ ਕਿਹੜਾ ਉਮੀਦਵਾਰ ਬਠਿੰਡੇ ਦਾ ਕਿਲ੍ਹਾ ਫਤਿਹ ਕਰ ਸਕਦਾ ਹੈ। ਦੱਸ ਦੇਈਏ ਕਿ ਰਾਹੁਲ ਗਾਂਧੀ ਮਨਪ੍ਰੀਤ ਬਾਦਲ ਨੂੰ ਚੋਣ ਲੜਾਉਣ ਦੇ ਇੱਛੁਕ ਹਨ ਪਰ ਚਰਚੇ ਡਾ. ਨਵਜੋਤ ਕੌਰ ਸਿੱਧੂ ਅਤੇ ਰਾਜਾ ਵੜਿੰਗ ਦੇ ਵੀ ਚੱਲ ਰਹੇ ਹਨ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਲੜਕੇ ਨੇ ਦਾਅਵਾ ਜਿਤਾਇਆ ਹੈ ਅਤੇ ਸਾਬਕਾ ਐੱਮ.ਪੀ. ਜਗਦੇਵ ਸਿੰਘ ਖੁੱਡੀਆਂ ਦੇ ਲੜਕੇ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਬਠਿੰਡਾ ਤੋਂ ਟਿਕਟ ਮੰਗੀ ਹੈ।ਗੁਰਮੀਤ ਸਿੰਘ ਖੁਡੀਆਂ ਦਾ ਪਿੰਡ ਲੰਬੀ ਹਲਕੇ 'ਚ ਪੈਂਦਾ ਹੈ ਤੇ ਉਹ ਨਿਰਵਿਵਾਦ ਵੀ ਹਨ। ਬਰਗਾੜੀ ਮੋਰਚਾ ਵਲੋਂ ਭਾਈ ਗੁਰਦੀਪ ਸਿੰਘ ਨੂੰ ਉਮੀਦਵਾਰ ਐਲਾਨ ਦਿੱਤਾ ਹੈ, ਜਦਕਿ 'ਆਪ' ਨੇ ਅਜੇ ਤੱਕ ਆਪਣੇ ਪੱਤੇ ਨਹੀਂ ਖੋਲ੍ਹੇ। ਬਠਿੰਡਾ ਸੰਸਦੀ ਹਲਕੇ 'ਚ ਨੌਂ ਵਿਧਾਨ ਸਭਾ ਹਲਕੇ ਪੈਂਦੇ ਹਨ, ਜਿਨ੍ਹਾਂ 'ਚੋਂ ਦੋ ਹਲਕੇ 'ਆਪ' ਵਿਧਾਇਕਾਂ ਕੋਲ ਹਨ ਅਤੇ ਦੋ ਹਲਕੇ 'ਆਪ' ਦੇ ਬਾਗ਼ੀ ਵਿਧਾਇਕਾਂ ਕੋਲ ਹਨ। ਐਡਵੋਕੇਟ ਨਵਦੀਪ ਜੀਦਾ ਟਿਕਟ ਦੇ ਇੱਛੁਕ ਹਨ। ਪੰਜਾਬ ਏਕਤਾ ਪਾਰਟੀ ਦੇ ਵਲੋਂ ਸੁਖਪਾਲ ਸਿੰਘ ਖਹਿਰਾ ਟੱਕਰ ਦੇਣ ਲਈ ਤਿਆਰ ਹਨ।
2017 ਦੀਆਂ ਚੋਣਾਂ 'ਚ ਇਸ ਸੰਸਦੀ ਹਲਕੇ ਦੀਆਂ 9 ਅਸੈਂਬਲੀ ਸੀਟਾਂ 'ਚੋਂ ਚਾਰ ਸੀਟਾਂ 'ਆਪ' ਦੀ ਝੋਲੀ ਪਈਆਂ ਸਨ। ਬਠਿੰਡਾ-ਮਾਨਸਾ 'ਚ ਫੰਡ ਤਾਂ ਵੰਡੇ ਗਏ ਹਨ ਪਰ ਜ਼ਮੀਨੀ ਪੱਧਰ 'ਤੇ ਕੋਈ ਵੱਡਾ ਬਦਲਾਅ ਨਹੀਂ ਦਿਸਦਾ। ਜੋ ਹਲਕੇ ਦੇ ਵੱਡੇ ਪਿੰਡ ਸਨ, ਉਨ੍ਹਾਂ ਨੂੰ ਨਗਰ ਪੰਚਾਇਤਾਂ ਦਾ ਦਰਜਾ ਦੇ ਦਿੱਤਾ ਹੈ, ਮਜ਼ਦੂਰਾਂ ਕੋਲੋ ਮਗਨਰੇਗਾ ਵਰਗੀਆਂ ਸਹੂਲਤਾਂ ਖੁੱਸ ਗਈਆਂ ਹਨ। ਕਾਂਗਰਸ ਦੀ ਸਰਕਾਰ ਨੇ ਅਜੇ ਤੱਕ ਬਠਿੰਡਾ-ਮਾਨਸਾ 'ਚ ਵਿਕਾਸ ਦਾ ਮਹੂਰਤ ਤੱਕ ਨਹੀਂ ਕੀਤਾ। ਨਵੇਂ ਕਾਂਗਰਸੀ ਸਰਪੰਚ ਬਣੇ ਹਨ, ਜਿਨ੍ਹਾਂ ਨੇ ਹੁਣੇ ਚਾਰਜ ਸੰਭਾਲੇ ਹਨ। ਬਾਦਲਾਂ ਦੇ ਵਿਰੋਧ 'ਚ ਉੱਠੀ ਹਵਾ 'ਤੇ ਸਾਰੀ ਟੇਕ ਕਾਂਗਰਸ ਦੀ ਹੈ।
ਕੈਪਟਨ ਦੀ ਕੇਂਦਰ ਨੂੰ ਅਪੀਲ, ਪਾਇਲਟ ਅਭਿਨੰਦਨ ਦੀ ਕਰਵਾਈ ਜਾਵੇ ਸੁਰੱਖਿਅਤ ਵਾਪਸੀ
NEXT STORY