ਬਠਿੰਡਾ (ਅਮਿਤ)— ਪੰਜਾਬ ਦੇ ਕਿਸਾਨਾਂ ਲਈ ਇਕ ਹੋਰ ਮੁਸੀਬਤ ਖੜ੍ਹੀ ਹੋ ਗਈ ਹੈ, ਕਿਉਂਕਿ ਜਿਨ੍ਹਾਂ ਕਿਸਾਨਾਂ ਨੇ ਬੈਂਕਾਂ ਨੂੰ ਖਾਲੀ ਚੈੱਕ ਦਿੱਤੇ ਸਨ ਉਹ ਚੈੱਕ ਹੁਣ ਬੈਂਕਾਂ ਵੱਲੋਂ ਕੋਰਟ ਵਿਚ ਲਗਾ ਕੇ ਕਿਸਾਨਾਂ ਨੂੰ ਸਜ਼ਾ ਕਰਵਾਈ ਜਾ ਰਹੀ ਹੈ। ਅਜਿਹਾ ਹੀ ਮਾਮਲਾ ਬਠਿੰਡਾ ਵਿਚ ਸਾਹਮਣੇ ਆਇਆ ਹੈ, ਜਿੱੱਥੇ 8 ਫਰਵਰੀ 2019 ਨੂੰ ਪਿੰਡ ਝੁੰਬਾ ਦੇ ਕਿਸਾਨ ਉਜਾਗਰ ਸਿੰਘ ਨੂੰ ਕੋਰਟ ਨੇ ਦੋ ਵੱਖ-ਵੱਖ ਮਾਮਲਿਆਂ ਵਿਚ 3 ਸਾਲ ਦੀ ਸਜ਼ਾ ਸੁਣਾਈ ਹੈ। ਇਸ ਤੋਂ ਬਾਅਦ ਕਿਸਾਨ ਦੇ ਪਰਿਵਾਰ ਦੀ ਪਰੇਸ਼ਾਨੀ ਵਧ ਗਈ ਹੈ।
ਕਿਸਾਨ ਦਾ ਕਹਿਣਾ ਹੈ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਪੂਰਾ ਮੁਆਫ ਕੀਤਾ ਜਾਏਗਾ ਪਰ ਉਸ ਦਾ ਸਿਰਫ ਸੋਸਾਇਟੀ ਦਾ 1 ਲੱਖ 20 ਹਜ਼ਾਰ ਦਾ ਕਰਜ਼ਾ ਹੀ ਮੁਆਫ ਹੋਇਆ ਹੈ ਪਰ ਬੈਂਕਾਂ ਦਾ ਕਰਜ਼ਾ ਮੁਆਫ ਨਹੀਂ ਹੋਇਆ, ਜਿਸ ਕਾਰਨ ਬੈਂਕ ਵਾਲਿਆਂ ਨੇ ਕੋਰਟ ਵਿਚ ਚੈੱਕ ਲਗਾ ਕੇ ਉਸ ਨੂੰ 3 ਸਾਲ ਦੀ ਸਜ਼ਾ ਕਰਵਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਕੋਲ ਸਿਰਫ 3 ਏਕੜ ਜ਼ਮੀਨ ਹੀ ਹੈ ਅਤੇ ਉਸ ਨੇ 2015 ਵਿਚ ਬੈਂਕ ਤੋਂ ਲੋਨ ਲਿਆ ਸੀ।
ਫਿਲਹਾਲ ਕਿਸਾਨ ਜ਼ਮਾਨਤ 'ਤੇ ਬਾਹਰ ਹੈ। ਇਸ ਬਾਰੇ ਵਿਚ ਕਿਸਾਨ ਦੀ ਪਤਨੀ ਨੇ ਕਿਹਾ ਕਿ ਉਸ ਦੇ ਪਤੀ ਨੂੰ 3 ਸਾਲ ਦੀ ਸਜ਼ਾ ਹੋ ਗਈ ਹੈ, ਜਿਸ ਨਾਲ ਪਰਿਵਾਰ ਬਹੁਤ ਦੁਖੀ ਹੈ ਅਤੇ ਉਨ੍ਹਾਂ ਦੀਆਂ ਪਰੇਸ਼ਾਨੀਆਂ ਵੀ ਵੱਧ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੇ ਖਾਲੀ ਚੈੱਕ ਬੈਂਕਾਂ ਤੋਂ ਵਾਪਸ ਦਿਵਾਏ ਜਾਣ ਅਤੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕੀਤਾ ਜਾਏ। ਨਹੀਂ ਤਾਂ ਕਿਸਾਨ ਖੁਦਕੁਸ਼ੀ ਦੇ ਮਾਮਲੇ ਵਧਦੇ ਹੀ ਜਾਣਗੇ।
ਸਰਹੱਦ ਰਾਹੀਂ ਭਾਰਤ ਅੰਦਰ ਦਾਖਲ ਹੁੰਦੀ ਪਾਕਿ ਮਹਿਲਾ ਨੂੰ ਲੱਗੀ ਗੋਲੀ
NEXT STORY