ਵੈਰੋਵਾਲ, (ਗਿੱਲ)- ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਗਗਡ਼ੇਵਾਲ ਦੇ ਵਸਨੀਕ ਲਖਵਿੰਦਰ ਸਿੰਘ ਪੁੱਤਰ ਮੁਖਤਾਰ ਸਿੰਘ ਨੇ ਪਿੰਡ ਦੇ ਹੀ ਆਪਣੇ ਰਿਸ਼ਤੇਦਾਰਾਂ ਗੁਰਦਿਆਲ ਸਿੰਘ ਅਤੇ ਗੁਰਪ੍ਰੀਤ ਸਿੰਘ ’ਤੇ ਦੋਸ਼ ਲਾਏ ਕਿ ਉਨ੍ਹਾਂ ਨੇ ਬੀਤੇ ਦਿਨੀਂ ਉਸਦੀ ਭਾਰੀ ਕੁੱਟ-ਮਾਰ ਕਰਦਿਆਂ ਗੰਭੀਰ ਜ਼ਖਮੀ ਕਰਨ ਦੇ ਨਾਲ-ਨਾਲ ਉਸਦੀ ਦਸਤਾਰ ਲਾਹ ਕੇ ਉਸਦੇ ਕੇਸਾਂ ਦੀ ਬੇਅਦਬੀ ਕੀਤੀ। ਬਜ਼ੁਰਗ ਲਖਵਿੰਦਰ ਸਿੰਘ ਨੇ ਆਪਣੀ ਪਤਨੀ ਰਣਜੀਤ ਕੌਰ ਅਤੇ ਪੁੱਤਰ ਸਤਨਾਮ ਸਿੰਘ ਨਾਲ ਆਪ ਬੀਤੀ ਖਡੂਰ ਸਾਹਿਬ ਵਿਖੇ ਆ ਕੇ ਪੱਤਰਕਾਰਾਂ ਨੂੰ ਲਿਖਤੀ ਤੌਰ ’ਤੇ ਦੱਸਦਿਆਂ ਕਿਹਾ ਕਿ ਉਹ ਆਪਣੀ ਪਿੰਡ ਵਿਚਲੀ ਜ਼ਮੀਨ ਪੌਣੇ 2 ਕਿੱਲੇ ਜਿਸ ’ਤੇ ਉਸਦਾ ਪਿਛਲੇ 15 ਸਾਲਾਂ ਤੋਂ ਕਬਜ਼ਾ ਸੀ, ਉਪਰ ਕੰਮ ਕਰ ਰਿਹਾ ਸੀ ਤਾਂ ਉਕਤ ਵਿਅਕਤੀ ਉਥੇ ਆਏ ਅਤੇ ਉਨ੍ਹਾਂ ਵੱਲੋਂ ਮੇਰੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਪਹਿਲਾਂ ਮੇਰੇ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ ਅਤੇ ਮੇਰੀ ਪੱਗ ਵੀ ਲਾਹ ਦਿੱਤੀ। ਉਨ੍ਹਾਂ ਵੱਲੋਂ ਮੇਰੇ ਕੇਸ, ਦਾਡ਼੍ਹੀ ਤੇ ਪੰਜ ਕਕਾਰਾਂ ਦੀ ਬੇਅਦਬੀ ਕੀਤੀ ਗਈ। ਮੇਰੇ ਸਿਰ ’ਚ ਵੀ ਉਨ੍ਹਾਂ ਵੱਲੋਂ ਵਾਰ ਕਰ ਕੇ ਮੈਨੂੰ ਜ਼ਖਮੀ ਕਰ ਦਿੱਤਾ ਗਿਆ। ਉਪਰੰਤ ਉਹ ਮੌਕੇ ਤੋਂ ਫਰਾਰ ਹੋ ਗਏ। ਮੇਰੇ ਵੱਲੋਂ ਘਰਦਿਆਂ ਨੂੰ ਨਾਲ ਲੈ ਕੇ ਥਾਣਾ ਵੈਰੋਵਾਲ ਵਿਖੇ ਲਿਖਤੀ ਦਰਖਾਸਤ ਦਿੱਤੀ ਗਈ ਅਤੇ ਡਾਕਟ ਲੈਣ ਉਪਰੰਤ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਹੋ ਗਿਆ ਪਰ ਉਨ੍ਹਾਂ ਵਲੋਂ ਆਪਣੇ ਵੀ ਝੂਠੀ ਸੱਟ ਲਾ ਕੇ ਮੇਰੇ ਉਪਰ ਰਾਜ਼ੀਨਾਮਾ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ। ਇਸ ਸਬੰਧੀ ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਉਕਤ ਨੌਜਵਾਨਾਂ ਖਿਲਾਫ ਮੇਰੇ ਸੱਟਾਂ ਮਾਰਨ ਅਤੇ ਮੇਰੇ ਸਿੱਖ ਧਰਮ ਦੇ ਚਿੰਨ੍ਹਾਂ ਦੀ ਬੇਅਦਬੀ ਕਰਨ ਸਬੰਧੀ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਵੀ ਇਨਸਾਫ ਲੈਣ ’ਚ ਮਦਦ ਕਰਨ ਦੀ ਅਪੀਲ ਕੀਤੀ।
ਇਸ ਸਬੰਧੀ ਦੂਜੀ ਧਿਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਲਡ਼ਾਈ ਹੋਣ ਦੀ ਗੱਲ ਮੰਨਦਿਆਂ ਕਿਹਾ ਕਿ ਸਾਡੇ ਵੀ ਇਨ੍ਹਾਂ ਨੇ ਸੱਟਾਂ ਲਾਈਆਂ ਹਨ ਅਤੇ ਅਸੀਂ ਵੀ ਪੁਲਸ ਕੋਲ ਲਿਖਤੀ ਦਰਖਾਸਤ ਦਿੱਤੀ ਹੋਈ ਹੈ। ਉਨ੍ਹਾਂ ਨੇ ਗੁਰਸਿੱਖ ਦੀ ਪੱਗ ਉਤਾਰਨ ਜਾਂ ਧਾਰਮਕ ਚਿੰਨਾਂ ਦੀ ਬੇਅਦਬੀ ਕਰਨ ਤੋਂ ਸਾਫ ਇਨਕਾਰ ਕੀਤਾ।
ਇਸ ਸਬੰਧ ’ਚ ਥਾਣਾ ਵੈਰੋਵਾਲ ਦੇ ਸਬ ਇੰਸਪੈਕਟਰ ਥੰਮਣ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਵੱਲੋਂ ਥਾਣੇ ਦਰਖਾਸਤਾਂ ਆਈਆਂ ਹਨ। ਇਸ ਦੀ ਪਡ਼ਤਾਲ ਕਰ ਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ।
ਕਮਿਸ਼ਨਰ ਨਗਰ ਨਿਗਮ ਨੇ ਫਗਵਾਡ਼ਾ ਨੂੰ ਪੋਲੀਥੀਨ ਮੁਕਤ ਕਰਨ ਦਾ ਚੁੱਕਿਆ ਬੀਡ਼ਾ
NEXT STORY