ਫਗਵਾਡ਼ਾ, (ਰੁਪਿੰਦਰ ਕੌਰ, ਹਰਜੋਤ)- ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਨਗਰ ਨਿਗਮ ਫਗਵਾਡ਼ਾ ਦੇ ਕਮਿਸ਼ਨਰ ਬਖਤਾਵਰ ਸਿੰਘ ਨੇ ਨਿਵੇਕਲੀ ਪਹਿਲ ਕਰਦੇ ਹੋਏ ਸ਼ਹੀਦ ਭਗਤ ਸਿੰਘ ਨਗਰ ਨਾਲ ਸਬੰਧਤ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਅੱਜ ਸਬਜ਼ੀ ਮੰਡੀ, ਫਗਵਾਡ਼ਾ ਵਿਖੇ ‘ਮਿਸ਼ਨ ਨੋ ਪੋਲੀਥੀਨ ਬੈਗਜ਼ ਇਨ ਫਗਵਾਡ਼ਾ’ ਦੀ ਸ਼ਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਸੰਸਥਾ ਦੀ ਪ੍ਰਧਾਨ ਸ਼੍ਰੀਮਤੀ ਗਗਨਦੀਪ ਕੌਰ ਨਾਲ ਸਬਜ਼ੀ ਮੰਡੀ ’ਚ ਲੋਕਾਂ ਨੂੰ ਕੱਪਡ਼ੇ ਦੇ ਕੈਰੀ ਬੈਗ ਮੁਫ਼ਤ ਵੰਡ ਕੇ ਉਨ੍ਹਾਂ ਨੂੰ ਪੋਲੀਥੀਨ ਦੀ ਵਰਤੋਂ ਬੰਦ ਕਰਨ ਦੀ ਅਪੀਲ ਕੀਤੀ।
ਖਾਸ ਗੱਲ ਇਹ ਰਹੀ ਕਿ ਜਿਹਡ਼ੇ ਲੋਕ ਪੋਲੀਥੀਨ ’ਚ ਸਬਜ਼ੀਆਂ ਲੈ ਕੇ ਜਾ ਰਹੇ ਸਨ, ਕਮਿਸ਼ਨਰ ਬਖਤਾਵਰ ਸਿੰਘ ਨੇ ਖ਼ੁਦ ਉਨ੍ਹਾਂ ਦੀਆਂ ਸਬਜ਼ੀਆਂ ਪੋਲੀਥੀਨ ’ਚੋਂ ਕਢਵਾ ਕੇ ਕੈਰੀ ਬੈਗਾਂ ਵਿਚ ਪਾਈਆਂ। ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਪੋਲੀਥੀਨ ਦੇ ਲਿਫਾਫਿਆਂ ਨਾਲ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਫ਼ੈਲਦੀਆਂ ਹਨ ਤੇ ਇਹੋ ਲਿਫਾਫੇ ਹੀ ਸੀਵਰੇਜ ਬਲਾਕੇਜ ਦੀ ਸਮੱਸਿਆ ਦਾ ਮੁੱਖ ਕਾਰਨ ਹਨ। ਇਸ ਦੌਰਾਨ ਮੰਡੀ ਵਾਲਿਆਂ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਮੁਹਿੰਮ ਵਿਚ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਨਗੇ। ਉਨ੍ਹਾਂ ਤਿੰਨ ਦਿਨ ਦੀ ਮੋਹਲਤ ਮੰਗਦਿਆਂ ਭਰੋਸਾ ਦਿੱਤਾ ਕਿ ਉਹ ਸੋਮਵਾਰ ਤੋਂ ਕਿਸੇ ਨੂੰ ਵੀ ਪੋਲੀਥੀਨ ਦੇ ਲਿਫਾਫੇ ਵਿਚ ਸਬਜ਼ੀ ਨਹੀਂ ਦੇਣਗੇ ਤੇ ਲੋਕਾਂ ਨੂੰ ਆਪਣੇ ਖੁਦ ਦੇ ਕੈਰੀ ਬੈਗ (ਝੋਲ਼ੇ) ਲਿਆਉਣ ਲਈ ਪ੍ਰੇਰਿਤ ਕਰਨਗੇ। ਕਮਿਸ਼ਨਰ ਬਖਤਾਵਰ ਸਿੰਘ ਨੇ ਇਸ ਦੌਰਾਨ ਦੱਸਿਆ ਕਿ ਇਸ ਮੁਹਿੰਮ ਤਹਿਤ ਪੂਰਾ ਸ਼ਹਿਰ ਕਵਰ ਕੀਤਾ ਜਾਵੇਗਾ ਅਤੇ ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ ਵਿਚ ਕੱਪਡ਼ੇ ਦੇ ਕੈਰੀ ਬੈਗ ਵੰਡੇ ਜਾਣਗੇ। ਇਸ ਮੌਕੇ ਫਗਵਾਡ਼ਾ ਮੰਡੀ ਦੇ ਸਾਰੇ ਅਹੁਦੇਦਾਰ ਉਨ੍ਹਾਂ ਦੇ ਨਾਲ ਸਨ, ਜਿਨ੍ਹਾਂ ’ਚ ਸਬਜ਼ੀ ਮੰਡੀ ਦੇ ਪ੍ਰਧਾਨ ਹਰਜੀਤ ਸਿੰਘ, ਦਾਣਾ ਮੰਡੀ ਦੇ ਪ੍ਰਧਾਨ ਨਰੇਸ਼ ਭਾਰਦਵਾਜ, ਫਡ਼ੀ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਕੁਮਾਰ, ਮੰਡੀ ਸੁਵਰਵਾਈਜ਼ਰ ਸੁਖਵਿੰਦਰ ਸਿੰਘ ਤੇ ਪਰਮ ਪ੍ਰਕਾਸ਼, ਦਿਵਾਕਰ ਸ਼ਰਮਾ, ਰਮਨਦੀਪ ਸਿੰਘ, ਸ਼ਾਮ ਸੁੰਦਰ, ਕੁਲਵਿੰਦਰ ਸਿੰਘ ਖਾਲਸਾ, ਰਾਮ ਖੰਡੂਜਾ, ਗੁਰਦੀਪ, ਲਾਡੀ ਸ਼ਰਮਾ ਅਤੇ ਕੁਲਦੀਪ ਸਿੰਘ ਆਦਿ ਸ਼ਾਮਿਲ ਸਨ। ਜ਼ਿਕਰਯੋਗ ਹੈ ਕਿ ਸਮਾਜ ਸੇਵੀ ਸੰਸਥਾ ‘ਬੀ. ਡਬਲਿਊ. ਸੀ. ਸੀ’ ਉਹ ਸੰਸਥਾ ਹੈ, ਜਿਸ ਦਾ ਮੁੱਖ ਮਕਸਦ ਬਾਲ ਭਿੱਖਿਆ ਤੋਂ ਸਮਾਜ ਨੂੰ ਮੁਕਤੀ ਦਿਵਾਉਣਾ ਹੈ। ਇਸ ਸੰਸਥਾ ਦੀ ਪਿਛਲੇ 4-5 ਸਾਲਾਂ ਦੀ ਅਣਥੱਕ ਮਿਹਨਤ ਸਦਕਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨੂੰ ਸਰਕਾਰੀ ਤੌਰ ’ਤੇ ਬਾਲ ਭਿੱਖਿਆ ਮੁਕਤ ਐਲਾਨਿਆ ਗਿਆ ਹੈ ਤੇ ਹੁਣ ਉਕਤ ਸੰਸਥਾ ਵੱਲੋਂ ਫਗਵਾਡ਼ਾ ਵਿਖੇ ਆਪਣੇ ਯਤਨ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ’ਚੋਂ ਮੁੱਖ ਯਤਨ ਫਗਵਾਡ਼ਾ ਦੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਫਗਵਾਡ਼ਾ ਸ਼ਹਿਰ ਨੂੰ ਪੋਲੀਥੀਨ ਮੁਕਤ ਕਰਨਾ ਹੈ।
ਮਾਮਲਾ ਸ਼ੱਕੀ ਹਾਲਾਤ ’ਚ ਹੋਈ ਨੌਜਵਾਨ ਦੀ ਮੌਤ ਦਾ : ਪਰਿਵਾਰਕ ਮੈਂਬਰਾਂ ਨੇ ਕੀਤੀ ਇਨਸਾਫ ਦੀ ਮੰਗ
NEXT STORY