ਪਟਿਆਲਾ— ਰਾਜਸਥਾਨ ਪੁਲਸ ਵਲੋਂ ਵਿੱਕੀ ਗੌਂਡਰ ਅਤੇ ਉਸ ਦੇ ਸਾਥੀਆਂ ਦੇ ਐਨਕਾਉਂਟਰ ਮਗਰੋਂ ਦਰਜ ਕੀਤੀ ਗਈ ਐੱਫ.ਆਈ.ਆਰ. 'ਚ ਕਿਹਾ ਗਿਆ ਹੈ ਕਿ ਪੰਜਾਬ ਪੁਲਸ ਦਾ ਉਨ੍ਹਾਂ ਨਾਲ ਮੁਕਾਬਲਾ ਹੋਇਆ ਸੀ ਅਤੇ ਮੁਕਾਬਲੇ ਤੋਂ ਕੁਝ ਹੀ ਮਿੰਟ ਪਹਿਲਾਂ ਉਨ੍ਹਾਂ ਨੂੰ ਖਬਰ ਮਿਲੀ ਕਿ ਗੌਂਡਰ ਤੇ ਪ੍ਰੇਮਾ ਲਹੌਰੀਆ ਲਖਵਿੰਦਰ ਸਿੰਘ ਦੇ ਸ੍ਰੀਗੰਗਾਨਗਰ ਦੇ ਪੱਕੀ ਪਿੰਡ ਦੇ ਘਰ ਅੰਦਰ ਲੁਕੇ ਹੋਏ ਹਨ।
ਇਕ ਹਰਿਆਣਾ ਨੰਬਰ ਦੀ ਸਵਿਫਟ ਡਿਜ਼ਾਈਰ ਕਾਰ ਘਰ ਦੇ ਬਾਹਰ ਖੜ੍ਹੀ ਸੀ, ਜੋ ਕਿ ਪੁਲਸ ਲਈ ਸ਼ੱਕ ਦਾ ਕਾਰਨ ਸੀ ਕਿਉਂਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਗੌਂਡਰ ਅਤੇ ਉਸ ਦੇ ਸਾਥੀਆਂ ਨੂੰ ਇਸੇ ਕਾਰ 'ਚ 21 ਜਨਵਰੀ ਨੂੰ ਦੇਖਿਆ ਗਿਆ ਸੀ।
ਦਬੰਗ ਅਤੇ ਸਾਹਸੀ ਪੁਲਸ ਅਫਸਰ ਬਰਾੜ ਇਸ ਆਪਰੇਸ਼ਨ ਦੇ ਅਸਲੀ ਹੀਰੋ ਹਨ। ਬਿਕਰਮਜੀਤ ਬਰਾੜ ਹੀ ਉਹ ਪਹਿਲੇ ਅਫਸਰ ਹਨ, ਜੋ ਵਿੱਕੀ ਗੌਂਡਰ ਦੇ ਇਲਾਕੇ 'ਚ ਸਭ ਤੋਂ ਪਹਿਲਾਂ ਦਾਖਲ ਹੋਏ ਸਨ। ਬਿਕਰਮਜੀਤ ਬਰਾੜ ਰਾਜਪੁਰਾ 'ਚ ਸੀ. ਆਈ. ਏ. ਇੰਚਾਰਜ ਹਨ। ਬਿਕਰਮਜੀਤ ਬਰਾੜ ਅਜਿਹੇ ਪੁਲਸ ਅਫਸਰ ਦੇ ਪੁੱਤਰ ਹਨ, ਜਿਨ੍ਹਾਂ ਨੂੰ ਪੰਜਾਬ 'ਚ ਅੱਤਵਾਦ ਦੇ ਕਾਲੇ ਦਿਨਾਂ ਦੌਰਾਨ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਬਰਾੜ ਨੇ ਨਾਭਾ ਜੇਲ ਬ੍ਰੇਕ ਮਾਮਲੇ 'ਚ ਕਈ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਐੱਫ.ਆਈ.ਆਰ. ਨੰਬਰ 26 ਨੂੰ ਬਿਕਰਮਜੀਤ ਬਰਾੜ ਦੇ ਬਿਆਨਾਂ ਦੇ ਅਧਾਰ 'ਤੇ ਦਰਜ ਕੀਤਾ ਗਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ 21 ਜਨਵਰੀ ਨੂੰ ਰਾਜਸਥਾਨ ਦੀ ਸਰਹੱਦ 'ਤੇ ਅਬੋਹਰ ਅਤੇ ਫਾਜ਼ਿਲਕਾ ਦੇ ਨੇੜੇ ਗੌਂਡਰ ਦੀ ਮੌਜੂਦਗੀ ਬਾਰੇ ਪੁਲਸ ਨੂੰ ਸੂਚਨਾ ਮਿਲੀ ਸੀ।
ਐੱਫ.ਆਈ.ਆਰ. 'ਚ ਕਿਹਾ ਗਿਆ ਹੈ ਕਿ ਬਰਾੜ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਕਿ ਗੌਂਡਰ ਪੱਕੀ ਪਿੰਡ ਦੇ ਇਕ ਘਰ 'ਚ ਲੁਕਿਆ ਹੋਇਆ ਹੈ, ਜਿਸ ਤੋਂ ਬਾਅਦ ਏ.ਆਈ.ਜੀ. ਗੁਰਮੀਤ ਚੌਹਾਨ ਅਤੇ ਏ.ਆਈ.ਜੀ. ਸੰਦੀਪ ਗੋਇਲ ਪਿੰਡ 'ਚ ਪਹੁੰਚ ਗਏ। ਇਹ ਐੱਫ.ਆਈ.ਆਰ. ਹਿੰਦੂਮਲਕੋਟ ਪੁਲਸ ਥਾਣੇ 'ਚ ਦਰਜ ਕੀਤੀ ਗਈ ਤੇ ਇਸ 'ਚ ਸਾਰੇ 23 ਪੁਲਸ ਅਧਿਕਾਰੀਆਂ ਦੇ ਨਾਂ ਦਰਜ ਕੀਤੇ ਗਏ, ਜੋ ਮੁਕਾਬਲੇ ਵਾਲੀ ਟੀਮ 'ਚ ਸ਼ਾਮਲ ਸਨ।
26 ਜਨਵਰੀ ਨੂੰ ਪੰਜਾਬ ਪੁਲਸ ਦੀ ਟੀਮ ਨੇ ਸ਼ਾਮ 6 ਵਜੇ ਦੇ ਕਰੀਬ ਸ਼ੱਕੀ ਘਰ ਦੀ ਘੇਰਾਬੰਦੀ ਕਰ ਲਈ। “ਬਰਾੜ ਉਹ ਪੁਲਸ ਅਧਿਕਾਰੀ ਸਨ, ਜਿਨ੍ਹਾਂ ਨੇ ਘਰ ਅੰਦਰ ਦੇ ਲੋਕਾਂ ਨੂੰ ਸਿਰੰਡਰ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਤਿੰਨ ਵਿਅਕਤੀ ਘਰ 'ਚੋਂ ਬਾਹਰ ਆਏ ਅਤੇ ਉਨ੍ਹਾਂ ਨੇ ਪੁਲਸ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਤੇ ਨੇੜੇ ਖੜੀ ਸਕੂਲ ਬੱਸ ਦੇ ਪਿੱਛੇ ਲੁਕ ਗਏ। ਪੁਲਸ ਨੇ ਫਿਰ ਉਨ੍ਹਾਂ ਨੂੰ ਆਤਮਸਮਰਪਣ ਕਰਨ ਲਈ ਕਿਹਾ ਪਰ ਉਨ੍ਹਾਂ 'ਚੋਂ ਇਕ ਨੇ ਆਪਣੇ ਸਾਥੀਆਂ ਨੂੰ ਕਵਰ ਦੇਣ ਲਈ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ ਦੌਰਾਨ ਬਲਵਿੰਦਰ ਸਿੰਘ ਅਤੇ ਕਿਰਪਾਲ ਸਿੰਘ ਜ਼ਖਮੀ ਹੋ ਗਏ, ਜਿਸ ਤੋਂ ਬਾਅਦ ਪੁਲਸ ਨੇ ਚਿਤਾਵਨੀ ਵਜੋਂ ਹਵਾਈ ਫਾਇਰ ਕੀਤਾ ਪਰ ਉਨ੍ਹਾਂ ਨੇ ਗੋਲੀਬਾਰੀ ਜਾਰੀ ਰੱਖੀ। ਐੱਫ.ਆਈ.ਆਰ. ਧਾਰਾ 307, 332, 353, 186, 216, 225, 120-ਬੀ ਆਈ.ਪੀ.ਸੀ. ਅਤੇ ਆਰਮਜ਼ ਐਕਟ ਦੇ ਸੈਕਸ਼ਨ 25,27, 54, 59 ਦੇ ਤਹਿਤ ਦਰਜ ਕੀਤੀ ਗਈ।
ਇਸ 'ਚ ਅੱਗੇ ਕਿਹਾ ਗਿਆ ਕਿ “ਜਦੋਂ ਉਨ੍ਹਾਂ 'ਚੋਂ ਇਕ ਨੇ ਕੰਧ 'ਤੇ ਚੜ੍ਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਦੀ ਟੀਮ ਨੇ ਉਸ 'ਤੇ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਉਹ ਉਥੇ ਹੀ ਢੇਰੀ ਹੋ ਗਿਆ। ਸਿਰੰਡਰ ਕਰਨ ਦੀ ਅਪੀਲ ਦੇ ਬਾਵਜੂਦ ਵੈਨ ਪਿੱਛੇ ਲੁਕੇ ਦੋ ਹੋਰ ਪੁਲਸ 'ਤੇ ਗੋਲੀਆਂ ਚਲਾਉਂਦੇ ਰਹੇ। ਜਵਾਬੀ ਗੋਲੀਬਾਰੀ 'ਚ ਦੋਵੇਂ ਜ਼ਖਮੀ ਹੋ ਗਏ।
ਜ਼ਖ਼ਮੀਆਂ 'ਚ ਵਿੱਕੀ ਗੌਂਡਰ ਅਤੇ ਸਵਿੰਦਰ ਸਿੰਘ ਸ਼ਾਮਲ ਸਨ। ਗੌਂਡਰ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਜਿਥੇ ਕੁਝ ਹੀ ਮਿੰਟਾਂ ਬਾਅਦ ਉਸ ਦੀ ਮੌਤ ਹੋ ਗਈ ਤੇ ਸਵਿੰਦਰ ਨੂੰ ਗੰਭੀਰ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ। ਪੁਲਸ ਨੂੰ ਕੰਧ ਦੇ ਕੋਲੋਂ ਪ੍ਰੇਮੀ ਲਾਹੌਰੀਆ ਦੀ ਲਾਸ਼ ਵੀ ਮਿਲੀ।
ਪੰਜਾਬ ਪੁਲਸ ਦੇ ਇਕ ਹੋਰ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਐਫ.ਆਈ.ਆਰ. 'ਚ ਇਕ ਮਹੱਤਵਪੂਰਣ ਕਾਰਵਾਈ ਦਾ ਵੇਰਵਾ ਲਾਪਤਾ ਹੈ ਕਿ ਪੁਲਸ ਨੇ ਘਰ ਦੇ ਮਾਲਕ ਲਖਵਿੰਦਰ ਸਿੰਘ ਨੂੰ ਸ਼ਾਮ 5 ਵਜੇ ਆਪਣੇ ਖੇਤਾਂ ਨੇੜੇ ਦੇਖਿਆ ਸੀ, ਜੋ ਕਿ ਮੌਕੇ ਤੋਂ ਫਰਾਰ ਹੈ। ਰਾਜਸਥਾਨ ਪੁਲਸ ਨੇ ਫੋਰੈਂਸਿਕ ਜਾਂਚ ਲਈ ਮੁਕਾਬਲੇ ਵਾਲੀ ਟੀਮ ਵਲੋਂ ਵਰਤੇ ਗਏ ਸਾਰੇ ਹਥਿਆਰ ਜ਼ਬਤ ਕਰ ਲਏ। ਪੰਜਾਬ ਪੁਲਸ ਕੋਲ 9 ਐੱਮ.ਐੱਮ. ਪਿਸਤੌਲਾਂ ਅਤੇ ਏ.ਕੇ. 47 ਰਾਈਫਲਾਂ ਸਨ।
ਕੈਂਸਰ ਦੇ ਸ਼ਿਕੰਜੇ 'ਚ ਪੰਜਾਬ, ਹਰ ਰੋਜ਼ 20 ਲੋਕਾਂ ਨੂੰ ਹੋ ਰਿਹੈ ਕੈਂਸਰ
NEXT STORY