ਚੰਡੀਗੜ੍ਹ : ਕਾਂਗਰਸ ਪਾਰਟੀ ਨੇ ਨਵਜੋਤ ਕੌਰ ਸਿੱਧੂ ਖਿਲਾਫ ਵੱਡਾ ਐਕਸ਼ਨ ਲਿਆ ਹੈ। ਉਨ੍ਹਾਂ ਨੂੰ ਪਾਰਟੀ ਵਿਚੋਂ ਸਸਪੈਂਡ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਖਿਲਾਫ 5 ਕਰੋੜ ਵਾਲੇ ਬਿਆਨ ਮਗਰੋਂ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਹੈ।

ਦੱਸ ਦਈਏ ਕਿ ਮੀਡੀਆ ਨਾਲ ਗੱਲ ਕਰਦਿਆਂ, ਨਵਜੋਤ ਕੌਰ ਸਿੱਧੂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਸਮੇਤ ਪੰਜਾਬ ਕਾਂਗਰਸ ਦੇ ਆਗੂਆਂ 'ਤੇ ਰਾਜਸਥਾਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਨ ਲਈ ਇੱਕ ਦੂਜੇ ਨਾਲ ਮਿਲੀਭੁਗਤ ਕਰਨ ਦਾ ਦੋਸ਼ ਲਗਾਇਆ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ 'ਤੇ ਕੌਂਸਲਰ ਚੋਣਾਂ ਦੌਰਾਨ 5 ਕਰੋੜ ਰੁਪਏ ਦੇ ਵੀ ਦੋਸ਼ ਲਗਾਇਆ ਸੀ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਦੀ ਕੁਰਸੀ ਲਈ '500 ਕਰੋੜ ਰੁਪਏ ਦੇ ਅਟੈਚੀ' ਵਾਲੇ ਬਿਆਨ 'ਤੇ ਸਿਆਸੀ ਹੰਗਾਮਾ ਮਚਣ ਤੋਂ ਬਾਅਦ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਯੂ-ਟਰਨ ਲੈ ਲਿਆ ਹੈ। ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਸਿੱਧੇ-ਸਾਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਉਨ੍ਹਾਂ ਤੋਂ ਕਦੇ ਵੀ ਕੁਝ ਵੀ ਨਹੀਂ ਮੰਗਿਆ।
ਡਾ. ਨਵਜੋਤ ਕੌਰ ਸਿੱਧੂ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਕਿਹਾ ਕਿ ਉਨ੍ਹਾਂ ਨੂੰ ਬੜੀ ਹੈਰਾਨੀ ਹੋਈ ਹੈ ਕਿ ਉਨ੍ਹਾਂ ਦੇ ਸਿੱਧੇ ਸਾਦੇ ਬਿਆਨ ਨੂੰ ਤੋੜ ਮਰੋੜ ਕੇ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਕੀ ਨਵਜੋਤ ਕਿਸੇ ਦੂਜੀ ਪਾਰਟੀ ਤੋਂ ਮੁੱਖ ਮੰਤਰੀ ਦਾ ਚਿਹਰਾ ਬਣ ਸਕਦੇ ਹਨ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਸਾਡੇ ਕੋਲ ਮੁੱਖ ਮੰਤਰੀ ਦੇ ਅਹੁਦੇ ਦੇ ਬਦਲੇ ਦੇਣ ਲਈ ਕੋਈ ਪੈਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਦੇ ਬਿਆਨ ਨੂੰ ਧਿਆਨ ਨਾਲ ਸੁਣਿਆ ਜਾਣਾ ਚਾਹੀਦਾ ਹੈ।
ਦੱਸ ਦਈਏ ਕਿ ਚੰਡੀਗੜ੍ਹ ਵਿਚ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਕੌਰ ਸਿੱਧੂ ਨੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਸਿਆਸਤ ਵਿਚ ਤਾਂ ਹੀ ਸਰਗਰਮ ਹੋਣਗੇ ਜੇ ਕਾਂਗਰਸ ਉਨ੍ਹਾਂ ਨੂੰ CM ਚਿਹਰਾ ਬਣਾਏਗੀ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਸੀ ਕਿ ਕੋਈ ਵੀ ਪਾਰਟੀ ਉਨ੍ਹਾਂ ਨੂੰ ਪੰਜਾਬ ਨੂੰ ਸੁਧਾਰਨ ਦੀ ਤਾਕਤ ਦੇਵੇ ਤਾਂ ਉਹ ਪੰਜਾਬ ਨੂੰ Golden State ਬਣਾ ਸਕਦੇ ਹਨ। ਉਨ੍ਹਾਂ ਆਖਿਆ ਸੀ ਕਿ ਉਨ੍ਹਾਂ ਕੋਲ ਕਿਸੇ ਪਾਰਟੀ ਨੂੰ ਦੇਣ ਲਈ ਪੈਸੇ ਨਹੀਂ ਹਨ, ਪਰ ਉਹ ਨਤੀਜੇ ਦੇ ਸਕਦੇ ਹਨ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਕਿਸੇ ਨੇ ਉਨ੍ਹਾਂ ਤੋਂ ਪੈਸਿਆਂ ਦੀ ਮੰਗ ਕੀਤੀ ਹੈ ਤਾਂ ਉਨ੍ਹਾਂ ਕਿਹਾ ਸੀ ਕਿ ਸਾਡੇ ਤੋਂ ਕਿਸੇ ਨੇ ਮੰਗ ਤਾਂ ਨਹੀਂ ਕੀਤੀ, ਪਰ CM ਉਹੀ ਬਣਦਾ ਹੈ ਜੋ 500 ਕਰੋੜ ਦੀ ਅਟੈਚੀ ਦਿੰਦਾ ਹੈ।
ਅੰਨ੍ਹੇ ਕਤਲ ਦੀ ਸੁਲਝੀ ਗੁੱਥੀ! ਰੰਜਿਸ਼ ਕਾਰਨ ਕੀਤਾ ਸੀ ਨੌਜਵਾਨ ਦਾ ਕਤਲ, ਇਕ ਮੁਲਜ਼ਮ ਗ੍ਰਿਫ਼ਤਾਰ
NEXT STORY