ਕੁਰਾਲੀ/ਮੋਰਿੰਡਾ (ਬਠਲਾ, ਅਰਨੌਲੀ) - ਜ਼ਿਲਾ ਪੁਲਸ ਨੇ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਕੇ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਰਾਜਬਚਨ ਸਿੰਘ ਸੰਧੂ ਸੀਨੀਅਰ ਪੁਲਸ ਕਪਤਾਨ ਨੇ ਦੱਸਿਆ ਕਿ 17 ਫਰਵਰੀ ਨੂੰ ਅਨਿਲ ਕੁਮਾਰ ਪੁੱਤਰ ਗੋਬਿੰਦ ਰਾਮ ਵਾਸੀ ਮਕਾਨ ਨੰਬਰ 667, ਗਿਆਨੀ ਜ਼ੈਲ ਸਿੰਘ ਨਗਰ ਰੂਪਨਗਰ ਨੇ ਥਾਣਾ ਨੰਗਲ ਵਿਖੇ ਦਰਖਾਸਤ ਦਿੱਤੀ ਕਿ 10 ਦਿਨ ਪਹਿਲਾਂ ਉਸ ਦੇ ਮੋਬਾਇਲ ਫੋਨ 'ਤੇ ਕਿਸੇ ਅਣਜਾਣ ਔਰਤ ਦਾ ਫੋਨ ਆਇਆ ਤੇ ਔਰਤ ਨੇ ਉਸ ਨੂੰ ਗੱਲਾਂ ਵਿਚ ਭਰਮਾ ਕੇ ਨੰਗਲ ਵਿਖੇ ਮਿਲਣ ਲਈ ਬੁਲਾਇਆ। ਉਹ ਉਸਦੀਆਂ ਗੱਲਾਂ ਵਿਚ ਆ ਕੇ 15 ਫਰਵਰੀ ਨੂੰ ਨੰਗਲ ਵਿਖੇ ਔਰਤ ਨੂੰ ਮਿਲਣ ਲਈ ਚਲਾ ਗਿਆ। ਟੈਲੀਫੋਨ ਕਰਨ ਵਾਲੀ ਔਰਤ ਤੇ ਇਕ ਹੋਰ ਔਰਤ ਉਸ ਨੂੰ ਬੱਸ ਅੱਡਾ ਨੰਗਲ ਵਿਖੇ ਮਿਲੀਆਂ ਤੇ ਦੋਵੇਂ ਉਸ ਨੂੰ ਨੰਗਲ ਵਿਖੇ ਹੀ ਇਕ ਮਕਾਨ ਵਿਚ ਲੈ ਗਈਆਂ, ਜਿਥੇ ਇਕ ਲੜਕਾ ਮੁੱਲਾਂ ਫੈਸ਼ਨ ਪਹਿਲਾਂ ਹੀ ਹਾਜ਼ਰ ਸੀ।
ਇਨ੍ਹਾਂ ਤਿੰਨਾਂ ਨੇ ਉਸ ਨੂੰ ਗੱਲਾਂ ਵਿਚ ਪਾ ਕੇ ਬਿਸਕੁਟ ਖਾਣ ਲਈ ਦਿੱਤਾ। ਬਿਸਕੁਟ ਖਾਣ ਤੋਂ ਬਾਅਦ ਤਿੰਨਾਂ ਨੇ ਜ਼ਬਰਦਸਤੀ ਉਸ ਦੇ ਕੱਪੜੇ ਉਤਾਰ ਦਿੱਤੇ ਤੇ ਉਨ੍ਹਾਂ ਔਰਤਾਂ ਨਾਲ ਉਸ ਦੀਆਂ ਇਤਰਾਜ਼ਯੋਗ ਫੋਟੋਆਂ ਖਿੱਚ ਲਈਆਂ। ਫੋਟੋਆਂ ਖਿੱਚਣ ਉਪਰੰਤ ਤਿੰਨਾਂ ਨੇ ਉਸ ਨੂੰ ਫੋਟੋਆਂ ਦੇ ਆਧਾਰ 'ਤੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਤੇ 5 ਲੱਖ ਰੁਪਏ ਦੀ ਮੰਗ ਕਰਨ ਲੱਗੇ। ਉਸ ਤੋਂ ਉਸਦਾ ਕਰੈਡਿਟ ਕਾਰਡ ਲੈ ਕੇ ਪਾਸਵਰਡ ਧੱਕੇ ਨਾਲ ਪੁੱਛ ਕੇ 60 ਹਜ਼ਾਰ ਰੁਪਏ ਦੇ ਸੋਨੇ ਦੇ ਗਹਿਣੇ ਨੰਗਲ ਦੇ ਸੁਨਿਆਰ ਤੋਂ ਖਰੀਦ ਲਏ। ਉਸ ਨੂੰ ਘਰ ਜਾ ਕੇ ਹੋਰ ਪੈਸਿਆਂ ਦਾ ਇੰਤਜ਼ਾਮ ਕਰਨ ਲਈ ਕਿਹਾ ਤੇ ਧਮਕੀਆਂ ਦਿੰਦੇ ਹੋਏ ਉਸ ਨੂੰ ਛੱਡ ਗਏ।
ਪੀੜਤ ਵਲੋਂ ਦਿੱਤੀ ਦਰਖਾਸਤ 'ਤੇ ਥਾਣਾ ਨੰਗਲ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਤੇ ਮੁਕੱਦਮੇ ਦੀ ਤਫਤੀਸ਼ ਵਰਿੰਦਰਜੀਤ ਸਿੰਘ ਉਪ ਕਪਤਾਨ ਪੁਲਸ (ਜਾਂਚ) ਦੀ ਨਿਗਰਾਨੀ ਹੇਠ ਇੰਸਪੈਕਟਰ ਅਤੁਲ ਸੋਨੀ, ਇੰਚਾਰਜ ਸੀ. ਆਈ. ਏ. ਰੂਪਨਗਰ, ਇੰਸਪੈਕਟਰ ਸ਼ਾਮ ਸੁੰਦਰ ਇੰਚਾਰਜ ਸਪੈਸ਼ਲ ਬਰਾਂਚ ਰੂਪਨਗਰ, ਐੱਸ. ਆਈ. ਪਵਨ ਕੁਮਾਰ ਮੁੱਖ ਅਫਸਰ ਥਾਣਾ ਨੰਗਲ ਤੇ ਐੱਸ. ਆਈ. ਉਮਾ ਦੇਵੀ ਦੀ ਅਗਵਾਈ ਵਿਚ ਸਾਂਝੀ ਟੀਮ ਵਲੋਂ ਅਮਲ ਵਿਚ ਲਿਆਂਦੀ ਗਈ।
19 ਫਰਵਰੀ ਨੂੰ ਦੋਸ਼ੀ ਯਸ਼ਪਾਲ ਪੁੱਤਰ ਰਾਜਪਾਲ ਵਾਸੀ ਹੀਰਾ ਥਾਣਾ ਹਰੋਲੀ ਜ਼ਿਲਾ ਊਨਾ ਹਿਮਾਚਲ ਪ੍ਰਦੇਸ਼ ਨੂੰ ਤੇ ਉਸ ਦੀਆਂ ਦੋ ਸਹਿਯੋਗੀ ਔਰਤਾਂ ਨੀਲਮ ਤੇ ਰਜਨੀ ਨੂੰ ਨੰਗਲ ਤੋਂ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੇ ਕਬਜ਼ੇ 'ਚੋਂ ਕਰੈਡਿਟ ਕਾਰਡ ਨਾਲ ਖਰੀਦਿਆ ਸੋਨੇ ਦਾ ਮੰਗਲ ਸੂਤਰ ਬਰਾਮਦ ਕੀਤਾ ਗਿਆ ਹੈ।
ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਉਹ ਪੈਸੇ ਵਾਲੇ ਵਿਅਕਤੀਆਂ ਨੂੰ ਫੋਨ 'ਤੇ ਭਰਮਾ ਕੇ ਨੰਗਲ ਦੇ ਏਰੀਏ ਵਿਚ ਬੁਲਾ ਲੈਂਦੇ ਸੀ ਤੇ ਲੜਕੀਆਂ ਨਾਲ ਉਨ੍ਹਾਂ ਦੀਆਂਅਸ਼ਲੀਲ ਤਸਵੀਰਾਂ ਖਿੱਚ ਕੇ ਉਨ੍ਹਾਂ ਨੂੰ ਬਲੈਕਮੇਲ ਕਰਦੇ ਸਨ। ਰੀਪੂ ਦਮਨ ਪੁੱਤਰ ਸਵ. ਵਿਜੈ ਕੁਮਾਰ ਵਾਸੀ ਮਕਾਨ ਨੰ. 292 ਛੋਟੀ ਹਵੇਲੀ ਰੂਪਨਗਰ, ਗੰਗਾਰਾਮ ਪੁੱਤਰ ਪ੍ਰੇਮ ਸਿੰਘ ਪਿੰਡ ਜਨਕੋਰ ਥਾਣਾ ਊਨਾ (ਹਿਮਾਚਲ ਪ੍ਰਦੇਸ਼), ਮਮਤਾ ਤੇ ਪ੍ਰਵੀਨ ਹੀ ਪੈਸੇ ਵਾਲੇ ਅਮੀਰ ਵਿਅਕਤੀਆਂ ਦੀ ਸ਼ਨਾਖਤ ਕਰਦੇ ਸਨ ਤੇ ਉਨ੍ਹਾਂ ਨੂੰ ਵੀ ਅੱਜ ਗ੍ਰਿਫਤਾਰ ਕੀਤਾ ਗਿਆ ਹੈ। ਇਹ ਗਿਰੋਹ ਹੁਣ ਤਕ ਕਈ ਪੈਸੇ ਵਾਲੇ ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ।
5 ਸਾਲਾਂ 'ਚ ਬਿਨਾਂ ਹੈਲਮੇਟ ਵਾਹਨ ਚਲਾਉਣ ਵਾਲੀਆਂ 115 ਔਰਤਾਂ ਨੇ ਗੁਆਈ ਜਾਨ
NEXT STORY