ਖੇਮਕਰਨ (ਜ.ਬ.) - ਕੇਂਦਰ ਅਤੇ ਸੂਬਾ ਸਰਕਾਰ ਜਿੱਥੇ ਹਰ ਸਾਲ ਬੱਚਿਆਂ ਲਈ ਸਿੱਖਿਆ ਨੂੰ ਲਾਜ਼ਮੀ ਬਣਾਉਣ ਅਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ 'ਬੇਟੀ ਬਚਾਓ, ਬੇਟੀ ਪੜ੍ਹਾਓ' ਦੇ ਨਾਅਰੇ ਦਾ ਬੜੇ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰ ਰਹੀ ਹੈ, ਉਥੇ ਹੀ ਪੰਜਾਬ ਦੇ ਸਰਹੱਦੀ ਖੇਤਰ ਅੰਦਰ ਸਰਕਾਰੀ ਸਕੂਲਾਂ ਦੀ ਹਾਲਤ ਖਸਤਾ ਹੁੰਦੀ ਜਾ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਸੋਸਿਓ ਇਕਨੋਮਿਕ ਡਿਵੈੱਲਪਮੈਂਟ ਪ੍ਰੋਗਰਾਮ (ਐੱਸ. ਈ. ਡੀ. ਪੀ.) ਸੰਸਥਾ ਦੀ ਟੀਮ ਵੱਲੋਂ ਸਰਹੱਦੀ ਖੇਤਰ ਅੰਦਰ ਵੱਡੇ ਪਿੰਡਾਂ ਦੇ ਸੀਨੀਅਰ ਸੈਕੰਡਰੀ ਸਕੂਲਾਂ, ਹਾਈ ਸਕੂਲਾਂ ਤੇ ਐਲੀਮੈਂਟਰੀ ਸਕੂਲਾਂ ਦਾ ਸਰਵੇਖਣ ਕਰਨ ਤੋਂ ਮਿਲਦੀ ਹੈ। ਸਰਵੇਖਣ ਦੌਰਾਨ ਹੈਰਾਨੀਜਨਕ ਪਹਿਲੂ ਸਾਹਮਣੇ ਆਏ। ਇਨ੍ਹਾਂ ਸਕੂਲਾਂ ਦੀ ਹਾਲਤ ਲਗਭਗ ਬੰਦ ਹੋਣ ਦੇ ਕਿਨਾਰੇ ਹੈ, ਸਕੂਲਾਂ ਦੀਆਂ ਇਮਾਰਤਾਂ ਬਹੁਤ ਵਧੀਆਂ ਹਨ ਪਰ ਅਧਿਆਪਕ ਨਾਂਹ ਦੇ ਬਰਾਬਰ ਹਨ। ਸਕੂਲਾਂ 'ਚ ਤਕਰੀਬਨ ਬੱਚੇ ਦਲਿਤ ਵਰਗ ਨਾਲ ਸਬੰਧਤ ਹਨ, ਮਾਪਿਆਂ ਦੀ ਮਜਬੂਰੀ ਹੈ ਕਿ ਗਰੀਬੀ ਕਾਰਨ ਉਹ ਬੱਚੇ ਪ੍ਰਾਈਵੇਟ ਸਕੂਲਾਂ ਵਿਚ ਨਹੀਂ ਪੜ੍ਹਾ ਸਕਦੇ ਪਰ ਸਰਕਾਰ ਇਨ੍ਹਾਂ ਬੱਚਿਆਂ ਨੂੰ ਪੜ੍ਹਾਉਣ ਲਈ ਬਿਲਕੁਲ ਵੀ ਉਤਸ਼ਾਹਿਤ ਨਹੀਂ ਦਿਸ ਰਹੀ।
ਐੱਸ. ਈ. ਡੀ. ਪੀ. ਦੇ ਪ੍ਰਾਜੈਕਟ ਇੰਚਾਰਜ ਬਿੱਟੂ ਅਤੇ ਕਮਿਊਨਿਟੀ ਇਨਬੈਲਰ ਕ੍ਰਿਸ਼ਨ ਕੁਮਾਰ, ਵਾਲੰਟੀਅਰ ਦਵਿੰਦਰ ਸਿੰਘ, ਕੇਵਲ ਖੇਮਕਰਨ, ਬਲਵਿੰਦਰ ਸਿੰਘ, ਮਿਲਖਾ ਸਿੰਘ, ਗੁਰਬਖਸ਼ ਸਿੰਘ, ਮੇਜਰ ਸਿੰਘ ਬਾਸਰਕੇ ਤੇ ਬੀਬੀ ਬਿੰਦਰ ਕੌਰ 'ਤੇ ਆਧਾਰਿਤ ਸਰਵੇਖਣ ਟੀਮ ਨੇ ਆਪਣੀ ਸਰਵੇਖਣ ਰਿਪੋਰਟ ਪ੍ਰੈੱਸ ਨੂੰ ਜਾਰੀ ਕਰਦਿਆਂ ਦੱਸਿਆ ਕਿ ਖੇਮਕਰਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ 'ਚ ਕੁੱਲ ਲੜਕੀਆਂ 366 ਪੜ੍ਹਦੀਆਂ ਹਨ, ਜਿਨ੍ਹਾਂ ਨੂੰ ਪੜ੍ਹਾਉਣ ਲਈ 2 ਅਧਿਆਪਕ ਅਤੇ 1 ਕਲਰਕ ਹੈ। ਇਨ੍ਹਾਂ ਦੋ ਅਧਿਆਪਕਾਂ 'ਚੋਂ ਇਕ ਛੁੱਟੀ 'ਤੇ ਹੈ। ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਵਾਂ ਤਾਰਾ ਸਿੰਘ ਵਿਚ ਕੁੱਲ 88 ਵਿਦਿਆਰਥੀ ਹਨ ਅਤੇ ਅਧਿਆਪਕ ਰੈਗੂਲਰ ਕੋਈ ਨਹੀਂ ਹੈ। ਸਰਕਾਰੀ ਹਾਈ ਸਕੂਲ ਰਾਜੋਕੇ ਦਾ ਤਾਂ ਸਭ ਤੋਂ ਮਾੜਾ ਹਾਲ ਦੱਸਿਆ ਗਿਆ ਹੈ, ਜਿਸ ਵਿਚ ਕੁੱਲ 183 ਵਿਦਿਆਰਥੀ ਹਨ, ਅਧਿਆਪਕ ਇਕ ਵੀ ਨਹੀਂ, 1 ਕਲਰਕ ਹੈ। ਸਰਕਾਰੀ ਹਾਈ ਸਕੂਲ ਬਾਸਰਕੇ 'ਚ ਕੁੱਲ ਬੱਚੇ 173 ਹਨ, ਜਿੱਥੇ 6 ਅਧਿਆਪਕ, ਜਿਨ੍ਹਾਂ 'ਚੋਂ ਇਕ ਅਧਿਆਪਕ ਵਾਂ ਤਾਰਾ ਸਿੰਘ ਜਾਂਦਾ ਹੈ। ਮਦਰ ਮਿਡਲ ਸਕੂਲ 'ਚ ਕੋਈ ਅਧਿਆਪਕ ਨਹੀਂ ਹੈ, ਉਥੇ ਵੀ ਬਾਸਰਕੇ ਸਕੂਲ 'ਤੋਂ ਇਕ ਅਧਿਆਪਕਾ ਜਾਂਦੀ ਹੈ ਅਤੇ ਬਾਸਰਕੇ ਐਲੀਮੈਂਟਰੀ ਸਕੂਲ 'ਚ 113 ਬੱਚੇ ਹਨ ਤੇ 1 ਅਧਿਆਪਕ ਹੈ। ਐਲੀਮੈਂਟਰੀ ਸਕੂਲ ਕੰਨਿਆ ਖੇਮਕਰਨ, ਪਹਿਲੀ ਅਤੇ ਦੂਸਰੀ ਕਲਾਸ ਨੂੰ ਅਜੇ ਤੱਕ ਕਿਤਾਬਾਂ ਨਹੀਂ ਮਿਲੀਆਂ। ਸਰਵੇਖਣ ਰਿਪੋਰਟ ਅਨੁਸਾਰ ਇਲਾਕੇ ਦੇ ਬਾਕੀ ਸਕੂਲਾਂ ਦੀ ਕਹਾਣੀ ਵੀ ਕੁਝ ਇਸੇ ਤਰ੍ਹਾਂ ਦੀ ਹੀ ਹੈ।
ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਐੱਸ. ਈ. ਡੀ. ਪੀ. ਪਿੰਡਾਂ 'ਚ ਮਜ਼ਦੂਰ ਅਧਿਕਾਰ ਸੰਗਠਨ ਸਥਾਪਿਤ ਕੀਤੇ ਹੋਏ ਹਨ। ਉਨ੍ਹਾਂ ਪੰਜਾਬ ਸਰਕਾਰ ਅਤੇ ਸਿੱਖਿਆ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਦੁਪਹਿਰ ਦੇ ਖਾਣੇ ਦੀ ਬਜਾਏ ਬੱਚਿਆਂ ਦੀ ਪੜ੍ਹਾਈ ਨੂੰ ਯਕੀਨੀ ਬਣਾਇਆ ਜਾਵੇ, ਅਧਿਆਪਕਾਂ ਦੀ ਕਮੀ ਪੂਰੀ ਕੀਤੀ ਜਾਵੇ, ਖਾਲੀ ਅਸਾਮੀਆਂ ਨੂੰ ਜਲਦੀ ਪੂਰਾ ਕੀਤਾ ਜਾਵੇ ਤਾਂ ਜੋ ਬੱਚਿਆਂ ਦਾ ਭਵਿੱਖ 'ਚ ਵਧੀਆ ਹੋ ਸਕੇ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਸਰਹੱਦੀ ਖੇਤਰ ਵੱਲ ਧਿਆਨ ਦੇਣ।
ਜਵਾਨ ਪੁੱਤ ਦੀ ਮੌਤ ਦੇ 3 ਸਾਲ ਬਾਅਦ ਮੁੜ ਮਾਂ ਬਣੀ 64 ਸਾਲਾ ਸੁਰਿੰਦਰ ਕੌਰ
NEXT STORY