ਅੰਮ੍ਰਿਤਸਰ (ਨੀਰਜ) - ਪੁਲਸ ਅਤੇ ਸੁਰੱਖਿਆ ਏਜੰਸੀਆਂ ਦੀ ਸਖ਼ਤ ਮਿਹਨਤ ਦੇ ਬਾਵਜੂਦ ਸਰਹੱਦੀ ਇਲਾਕਿਆਂ ’ਚ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਵੱਡੇ ਸਮੱਗਲਰਾਂ ਦੇ ਕਰਿੰਦੇ ਚਿੱਟੇ ਖ਼ਿਲਾਫ਼ ਜਾਰੀ ਜੰਗ ਨੂੰ ਕਮਜ਼ੋਰ ਕਰ ਰਹੇ ਹਨ ਅਤੇ ਪੰਜਾਬ ਨੂੰ ਉੜਤਾ ਪੰਜਾਬ ਬਣਾਉਣ ਦੀ ਫਿਰਾਕ ’ਚ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿਟੀ ਪੁਲਸ ਅਤੇ ਦਿਹਾਤੀ ਪੁਲਸ ਵੱਲੋਂ ਨਸ਼ਾ ਸਮੱਗਲਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹਰ ਰੋਜ਼ ਨਸ਼ਿਆਂ ਖ਼ਿਲਾਫ਼ ਸਖ਼ਤ ਮੁਹਿੰਮ ਚਲਾਈ ਜਾ ਰਹੀ ਹੈ ਪਰ ਇਕ ਪ੍ਰਕਾਰ ਤੋਂ ਬੀ. ਓ. ਪੀ. ਧਨੌਆ ਖੁਰਦ ਦੇ ਇਲਾਕੇ ਵਿਚ ਇਕ ਹਫ਼ਤੇ ਦੌਰਾਨ ਦੋ ਵਾਰ ਪਾਕਿਸਤਾਨੀ ਡਰੋਨ ਰਾਹੀਂ ਹੈਰੋਇਨ ਸੁੱਟੀ ਜਾ ਚੁੱਕੀ ਹੈ। ਇਹ ਸਾਬਤ ਕਰਦਾ ਹੈ ਕਿ ਚਿੱਟੇ ਦੀ ਮੰਗ ਨਹੀਂ ਘਟੀ ਅਤੇ ਚਿੱਟੇ ਦੀ ਸਪਲਾਈ ਜਾਰੀ ਹੈ, ਜਿਸ ਨੂੰ ਰੋਕਣ ਲਈ ਨਾ ਸਿਰਫ਼ ਪੁਲਸ ਸਗੋਂ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ ਅਤੇ ਆਪਸੀ ਤਾਲਮੇਲ ਨਾਲ ਸਖ਼ਤ ਮੁਹਿੰਮ ਚਲਾਉਣ ਦੀ ਲੋੜ ਹੈ ਜੋ ਨਹੀਂ ਚਲਾਈ ਜਾ ਰਹੀ।
ਲਗਾਤਾਰ 2 ਵਾਰ ਮੂਵਮੈਂਟ ਕਰ ਕੇ ਵਾਪਸ ਪਰਤਿਆ ਪਾਕਿ ਡਰੋਨ
ਚਾਈਨਾ ਮੇਡ ਪਾਕਿਸਤਾਨੀ ਡਰੋਨ ਇਨ੍ਹੀਂ ਦਿਨੀਂ ਬੀ.ਐੱਸ.ਐੱਫ. ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਇਸ ਦਾ ਸਬੂਤ ਇਸ ਤੋਂ ਮਿਲਦਾ ਹੈ ਕਿ ਪਾਕਿਸਤਾਨੀ ਡਰੋਨ ਬੀ. ਓ. ਪੀ. ਧਨੌਆ ਖੁਰਦ ਦੇ ਇਲਾਕੇ ਵਿਚ ਲਗਾਤਾਰ ਦੋ ਵਾਰ ਮੂਵਮੈਂਟ ਕਰ ਕੇ ਵਾਪਸ ਪਰਤਿਆ ਅਤੇ ਬੀ. ਐੱਸ. ਐੱਫ. ਦੀ ਗੋਲੀ ਡਰੋਨ ਨੂੰ ਹੇਠਾਂ ਸੁੱਟਣ ਵਿਚ ਅਸਫ਼ਲ ਰਹੀ। ਹਾਲਾਂਕਿ ਡਰੋਨ ਨੂੰ ਸੁੱਟਣ ਲਈ ਰਾਈਫਲ ਦੀ ਗੋਲੀ ਨਹੀਂ ਸਗੋਂ ਐਂਟੀ-ਡਰੋਨ ਤਕਨੀਕ ਕਾਰਗਰ ਰਹਿੰਦੀ ਹੈ, ਜੋ ਬੀ. ਐੱਸ. ਐੱਫ. ਕੋਲ ਅਜੇ ਤੱਕ ਨਹੀਂ ਹੈ।
ਝੋਨੇ ਦੀ ਖੜ੍ਹੀ ਫ਼ਸਲ ’ਚ ਮਿਲ ਰਹੀ ਸਮੱਗਲਰਾਂ ਨੂੰ ਆੜ
ਇਨ੍ਹੀਂ ਦਿਨੀਂ ਸਰਹੱਦੀ ਕੰਡਿਆਲੀ ਤਾਰ ਦੇ ਦੋਵੇਂ ਪਾਸੇ ਝੋਨੇ ਦੀ ਫ਼ਸਲ ਖੜ੍ਹੀ ਹੈ। ਖੜ੍ਹੀ ਫ਼ਸਲ ਦੀ ਆੜ ’ਚ ਪਾਕਿਸਤਾਨੀ ਅਤੇ ਭਾਰਤੀ ਖੇਤਰਾਂ ’ਚ ਗਤੀਵਿਧੀਆ ਕਰਨ ਵਾਲੇ ਹੈਰੋਇਨ ਸਮੱਗਲਰਾਂ ਨੂੰ ਆੜ ਮਿਲ ਜਾਂਦੀ ਹੈ, ਕਿਉਂਕਿ ਇਨ੍ਹਾਂ ਦਿਨਾਂ ਵਿਚ ਪਾਕਿਸਤਾਨੀ ਖੇਤਰ ਵਿਚ ਵੀ ਝੋਨਾ ਦੀ ਫ਼ਸਲ ਖੜ੍ਹੀ ਹੈ। ਸੁਰੱਖਿਆ ਏਜੰਸੀਆਂ ਦੀ ਰਿਪੋਰਟ ਅਨੁਸਾਰ ਖੜ੍ਹੀ ਝੋਨੇ ਦੀ ਫ਼ਸਲ ਦੇ ਸੀਜ਼ਨ ਦੌਰਾਨ ਸਮੱਗਲਰ ਆਪਣੀਆਂ ਗਤੀਵਿਧੀਆਂ ਤੇਜ਼ ਕਰ ਰਹੇ ਹਨ, ਜਿਸ ਦੇ ਮੱਦੇਨਜ਼ਰ ਸਾਰੀਆਂ ਸੁਰੱਖਿਆ ਏਜੰਸੀਆਂ ਜਿਸ ਵਿੱਚ ਮੁੱਖ ਤੌਰ ‘ਤੇ ਫਸਟ ਲਾਈਨ ਆਫ ਡਿਫੈਂਸ ਪੂਰੀ ਤਰ੍ਹਾਂ ਚੌਕਸ ਹਨ।
ਕਮਜ਼ੋਰ ਸਾਬਤ ਹੋ ਰਹੀ ਹੈ ਸੈਕਿੰਡ ਲਾਈਨ ਆਫ ਡਿਫੈਂਸ
ਪਠਾਨਕੋਟ ਏਅਰਬੇਸ ’ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੁਲਸ ਵਲੋਂ ਸਰਹੱਦੀ ਇਲਾਕਿਆਂ ’ਚ ਸੈਕਿੰਡ ਲਾਈਨ ਆਫ ਡਿਫੈਂਸ ਬਣਾਈ ਗਈ ਤਾਂ ਜੋ ਸੁਰੱਖਿਆ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤਾ ਜਾ ਸਕੇ ਪਰ ਬਾਰਡਰ ’ਤੇ ਹੈਰੋਇਨ ਦੀ ਲਗਾਤਾਰ ਆਮਦ ਇਹ ਸਾਬਤ ਕਰ ਰਹੀ ਹੈ ਕਿ ਪੁਲਸ ਦੀ ਸੈਕਿੰਡ ਲਾਈਨ ਆਫ ਡਿਫੈਂਸ ਪੂਰੀ ਤਰ੍ਹਾਂ ਮਜਬੂਤ ਨਹੀਂ ਹੈ। ਜੇਕਰ ਇਹ ਲਾਈਨ ਮਜ਼ਬੂਤ ਹੋਵੇ ਤਾਂ ਸਰਹੱਦੀ ਖੇਤਰਾਂ ਵਿਚ ਸਰਗਰਮ ਸਮੱਗਲਰ ਫੈਂਸਿੰਗ ਦੇ ਆਲੇ-ਦੁਆਲੇ ਫੜਕ ਨਹੀਂ ਸਕਦੇ ਅਤੇ ਇਹ ਸਾਬਤ ਹੋ ਚੁੱਕਾ ਹੈ ਕਿ ਬਾਰਡਰ ਫੈਸਿੰਗ ਦੇ ਆਲੇ ਦੁਆਲੇ ਰਹਿਣ ਵਾਲੇ ਕੁਝ ਕਿਸਾਨ ਤਸਕਰ ਦੇ ਰੂਪ ਵਿੱਚ ਹੈਰੋਇਨ ਦੀ ਖੇਪ ਨੂੰ ਇੱਧਰ-ਉੱਧਰ ਕਰਦੇ ਹਨ।
ਗੁਜਰਾਤ ਦੀ ਬੰਦਰਗਾਹ ਸਮੱਗਲਰਾਂ ਲਈ ਸੁਰੱਖਿਅਤ ਨਹੀਂ
ਬਾਰਡਰ ਤੇ ਸਖ਼ਤੀ ਦੇ ਬਾਅਦ ਹੈਰੋਇਨ ਸਮੱਗਲਰਾਂ ਨੇ ਸਮੁੰਦਰੀ ਰਸਤੇ ਰਾਹੀਂ ਗੁਜਰਾਤ ਅਤੇ ਮੁੰਬਈ ਦੀਆਂ ਬੰਦਰਗਾਹਾਂ ’ਤੇ ਹੈਰੋਇਨ ਦੀ ਵੱਡੀ ਕੰਸਾਈਨਮੈਂਟ ਮੰਗਵਾਉਣੀ ਸ਼ੁਰੂ ਕਰ ਦਿੱਤੀ। ਡੀ. ਆਰ. ਆਈ. ਵਲੋਂ ਗੁਜਰਾਤ ਦੇ ਮੁਦਰਾ ਬੰਦਰਗਾਹ ਤੇ ਤਿੰਨ ਹਜ਼ਾਰ ਕਿੱਲੋ ਹੈਰੋਇਨ ਅਤੇ ਮੁੰਬਈ ਦੀ ਵੱਖ-ਵੱਖ ਬੰਦਰਗਾਹਾਂ ’ਤੇ ਤਿੰਨ-ਤਿੰਨ ਸੌ ਕਿੱਲੋ ਦੀ ਵੱਡੀ ਖੇਪ ਫੜਨ ਤੋਂ ਬਾਅਦ ਇੱਕ ਵਾਰ ਫਿਰ ਤਸਕਰਾਂ ਨੇ ਪੰਜਾਬ ਬਾਰਡਰ ਵੱਲ ਰੁਖ ਕਰ ਲਿਆ ਹੈ ਅਤੇ ਵੱਡੀ ਕੰਸਾਈਨਮੈਂਟ ਪਾਰ ਕਰਵਾਉਣ ਦੀ ਫਿਰਾਕ ’ਚ ਹਨ।
NRI ਪਤਨੀ ਨੇ ਪਤੀ ਨੂੰ ਦਿਵਾਈ ਕੈਨੇਡਾ ਦੀ PR, ਜਦੋਂ ਸੱਚ ਸਾਹਮਣੇ ਆਇਆ ਤਾਂ ਪੈਰਾਂ ਹੇਠੋਂ ਖਿਸਕੀ ਜ਼ਮੀਨ
NEXT STORY