ਜਲੰਧਰ (ਪੁਨੀਤ)- ਪਾਵਰਕਾਮ ਦੇ ਅਧਿਕਾਰੀ ਕਰੋੜਾਂ ਰੁਪਏ ਨਾਲ ਸਿਸਟਮ ਨੂੰ ਸੁਧਾਰਨ ਦੇ ਦਾਅਵੇ ਕਰਦੇ ਨਹੀਂ ਥੱਕਦੇ ਪਰ ਸੱਚਾਈ ਇਹ ਹੈ ਕਿ ਮਹਿਕਮਾ ਕੁੰਭਕਰਨੀ ਨੀਂਦ ਵਿਚ ਸੁੱਤਾ ਪਿਆ ਹੈ ਅਤੇ ਜਾਗ ਉਦੋਂ ਖੁੱਲ੍ਹਦੀ ਹੈ, ਜਦੋਂ ਕਿਸੇ ਬੇਕਸੂਰ ਦੀ ਜਾਨ ਚਲੀ ਜਾਂਦੀ ਹੈ। ਬੀਤੀ ਰਾਤ ਰੇਲਵੇ ਰੋਡ ’ਤੇ ਪਾਣੀ ਵਿਚ ਕਰੰਟ ਆਉਣ ਨਾਲ 16 ਸਾਲਾ ਮੁੰਡੇ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਮਹਿਕਮੇ ਨੂੰ ਖੰਭਾ ਠੀਕ ਕਰਨ ਦੀ ਯਾਦ ਆਈ। ਜੇਕਰ ਸਮਾਂ ਰਹਿੰਦੇ ਹੋਏ ਇਹ ਕਾਰਵਾਈ ਕੀਤੀ ਜਾਂਦੀ ਤਾਂ ਮੁੰਡੇ ਦੀ ਜਾਨ ਨਾ ਜਾਂਦੀ। ਮਹਿਕਮੇ ਦੇ ਅਧਿਕਾਰੀ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਦੇ ਹੋਏ ਨਜ਼ਰ ਆ ਰਹੇ ਹਨ। ਦੋਸ਼ੀ ਕੌਣ ਹੈ ਇਹ ਵੱਡਾ ਸਵਾਲ ਹੈ?
ਜਾਣਕਾਰੀ ਮੁਤਾਬਕ ਸ਼ਨੀਵਾਰ ਰਾਤ 11 ਵਜੇ ਦੇ ਲਗਭਗ ਮੁੰਡਾ ਸਰਤਾਜ ਸਿੰਘ ਪੁੱਤਰ ਤਰਸੇਮ ਲਾਲ ਨਿਵਾਸੀ ਬਾਗ ਕਰਮ ਬਖਸ਼ (ਢੰਨ ਮੁਹੱਲਾ) ਬੱਚੇ ਲਈ ਡਾਈਪਰ ਲਿਆਉਣ ਵਾਸਤੇ ਘਰੋਂ ਨਿਕਲਿਆ। ਇਸ ਦੌਰਾਨ ਮਹਾਰਾਜਾ ਹੋਟਲ ਨੇੜੇ ਪੀ. ਐੱਨ. ਬੀ. ਦੇ ਸਾਹਮਣੇ ਉਹ ਜ਼ਖ਼ਮੀ ਹਾਲਤ ਵਿਚ ਪਿਆ ਸੀ। ਇਸ ਦੌਰਾਨ 11.15 ਵਜੇ ਦੇ ਲਗਭਗ ਇਕ ਔਰਤ ਜਿਹੜੀ ਕਾਰ ’ਤੇ ਉਥੋਂ ਲੰਘ ਰਹੀ ਸੀ। ਇਸ ਦੌਰਾਨ ਉਸ ਨੇ ਮੁੰਡੇ ਦੀ ਡਿੱਗੀ ਹੋਈ ਐਕਟਿਵਾ ਵੇਖੀ ਅਤੇ ਨੇੜੇ ਨੌਜਵਾਨ ਵੀ ਪਿਆ ਸੀ। ਉਸ ਨੇ ਪੁਲਸ ਨੂੰ ਸੂਚਿਤ ਕੀਤਾ। ਇਸ ਦੌਰਾਨ ਮੁੰਡੇ ਨੂੰ ਹਸਪਤਾਲ ਵਿਚ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮੁੰਡੇ ਦੇ ਸਰੀਰ ’ਤੇ ਸੱਟ ਦਾ ਨਿਸ਼ਾਨ ਨਹੀਂ ਹਨ, ਉਸ ਦੇ ਹੱਥ-ਪੈਰ ਨੀਲੇ ਪੈ ਚੁੱਕੇ ਸਨ, ਜਿਸ ਤੋਂ ਅਜਿਹਾ ਲੱਗਦਾ ਹੈ ਕਿ ਕਰੰਟ ਲੱਗਣ ਨਾਲ ਉਸ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ: ਜਲੰਧਰ: ਲਾਂਬੜਾ ਵਿਖੇ ਵਿਅਕਤੀ ਦਾ ਗਲਾ ਵੱਢ ਕੇ ਸੁੱਟੀ ਖ਼ੂਨ ਨਾਲ ਲਥਪਥ ਲਾਸ਼ ਬਰਾਮਦ, ਫ਼ੈਲੀ ਸਨਸਨੀ
ਪੁਰਾਣੀ ਰੇਲਵੇ ਰੋਡ ’ਤੇ ਲਕਸ਼ਮੀ ਸਿਨੇਮਾ ਨੇੜੇ ਪੀ. ਐੱਨ. ਬੀ. (ਪੰਜਾਬ ਨੈਸ਼ਨਲ ਬੈਂਕ) ਸਾਹਮਣੇ ਇਕ ਖੰਭਾ ਲੱਗਾ ਹੈ, ਜਿਸ ਵਿਚ ਪਹਿਲਾਂ ਵੀ ਕਈ ਵਾਰ ਕਰੰਟ ਆਉਂਦਾ ਰਿਹਾ ਹੈ। ਬੀਤੇ ਦਿਨੀਂ ਬਾਰਿਸ਼ ਕਾਰਨ ਖੰਭੇ ਵਿਚ ਤਕਨੀਕੀ ਖਰਾਬੀ ਆ ਗਈ, ਜਿਸ ਤੋਂ ਬਾਅਦ ਇਲਾਕਾ ਵਾਸੀਆਂ ਵੱਲੋਂ ਮਹਿਕਮੇ ਨੂੰ ਕਈ ਵਾਰ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਪਰ ਮਹਿਕਮੇ ਨੇ ਇਸ ਪ੍ਰਤੀ ਧਿਆਨ ਨਹੀਂ ਦਿੱਤਾ। ਖੰਭੇ ਵਿਚ ਆਈ ਖ਼ਰਾਬੀ ਬਾਰੇ ਨੇੜਲੇ ਦਫ਼ਤਰ ਵਾਲੇ ਐਡਵੋਕੇਟ ਰਾਜੀਵ ਸੋਨੀ ਵੱਲੋਂ ਪਾਵਰਕਾਮ ਨੂੰ ਹਾਦਸੇ ਤੋਂ 1 ਦਿਨ ਪਹਿਲਾਂ ਕਈ ਵਾਰ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ। ਜੇਕਰ ਇਸ ’ਤੇ ਮਹਿਕਮੇ ਵੱਲੋਂ ਤੁਰੰਤ ਨੋਟਿਸ ਲੈ ਕੇ ਖੰਭੇ ਨੂੰ ਠੀਕ ਕਰ ਦਿੱਤਾ ਜਾਂਦਾ ਤਾਂ ਇਹ ਦਰਦਨਾਕ ਹਾਦਸਾ ਰੋਕਿਆ ਜਾ ਸਕਦਾ ਸੀ ਪਰ ਇਸ ਪ੍ਰਤੀ ਧਿਆਨ ਨਹੀਂ ਦਿੱਤਾ ਗਿਆ।
ਇਸ ਰੋਡ ’ਤੇ ਐਡਵੋਕੇਟ ਸੋਨੀ ਦਾ ਦਫਤਰ ਹੈ। ਉਨ੍ਹਾਂ ਦੱਸਿਆ ਕਿ 1912 ’ਤੇ ਸ਼ਿਕਾਇਤ ਦਰਜ ਕਰਵਾਉਣ ਦੇ ਬਾਅਦ ਉਨ੍ਹਾਂ ਨੂੰ ਵਾਪਸ ਇਕ ਮੈਸੇਜ ਆਇਆ, ਜਿਸ ਵਿਚ ਦੱਸਿਆ ਗਿਆ ਕਿ ਤੁਹਾਡੀ ਸ਼ਿਕਾਇਤ ਦਾ ਹੱਲ ਕਰ ਦਿੱਤਾ ਗਿਆ ਹੈ।
22 ਜੁਲਾਈ ਨੂੰ ਸਵੇਰੇ 11 ਵਜੇ ਸ਼ਿਕਾਇਤ ਕਰਨ ਤੋਂ ਬਾਅਦ ਉਨ੍ਹਾਂ ਨੂੰ (ਸਰਵਿਸ ਰਿਕੁਐਸਟ ਨੰ. 40957663) ਦਾ ਹਵਾਲਾ ਦਿੰਦੇ ਹੋਏ ਵਾਪਸ ਮੈਸੇਜ ਆਇਆ, ਜਿਸ ’ਤੇ ਉਨ੍ਹਾਂ ਨੇ ਰਿਪਲਾਈ ਕੀਤਾ ਅਤੇ ਮੈਸੇਜ ਵਿਚ ਲਿਖਿਆ ਕਿ ਸਮੱਸਿਆ ਦਾ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸ ਦੇ ਬਾਅਦ ਵੀ ਮਹਿਕਮੇ ਨੇ ਕੋਈ ਹੱਲ ਨਹੀਂ ਕੀਤਾ ਅਤੇ 23 ਜੁਲਾਈ ਨੂੰ ਰਾਤ 11 ਵਜੇ ਕਰੰਟ ਲੱਗਣ ਨਾਲ ਮੁੰਡੇ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਇਸ ਹਾਦਸੇ ਦੇ ਬਾਅਦ ਬੁਰਾ ਹਾਲ ਹੈ। ਸਾਰੇ ਪਾਵਰਕਾਮ ਨੂੰ ਇਸ ਲਈ ਜ਼ਿੰਮੇਵਾਰ ਦੱਸ ਰਹੇ ਹਨ। ਹੁਣ ਸਵਾਲ ਇਹ ਹੈ ਕਿ ਵਿਭਾਗ ਦਾ ਕਿਹੜਾ ਅਧਿਕਾਰੀ ਇਸ ਲਈ ਜ਼ਿੰਮੇਵਾਰ ਹੈ।
ਇਹ ਵੀ ਪੜ੍ਹੋ: ਨੰਗਲ ਵਿਖੇ ਭਾਖੜਾ ਨਹਿਰ ’ਚ ਤੈਰਦੀਆਂ ਮਾਂ-ਧੀ ਦੀਆਂ ਲਾਸ਼ਾਂ ਬਰਾਮਦ, ਫ਼ੈਲੀ ਸਨਸਨੀ
ਪੀਰ ਬੋਦਲਾਂ ਬਾਜ਼ਾਰ ’ਚ ਵੀ ਬਾਰਿਸ਼ ਦੇ ਦਿਨਾਂ 'ਚ ਹੋਈਆਂ 2 ਮੌਤਾਂ, ਫੋਟੋਗ੍ਰਾਫਰ ਦੀ ਵੀ ਗਈ ਜਾਨ
ਵਿਭਾਗ ਦੀਆਂ ਗਲਤੀਆਂ ਕਾਰਨ ਪਹਿਲਾਂ ਵੀ ਕਈ ਵਾਰ ਲੋਕਾਂ ਦੀ ਜਾਨ ਜਾ ਚੁੱਕੀ ਹੈ। ਮਕਸੂਦਾਂ ਥਾਣੇ ਨੇੜੇ ਹਿੰਦੀ ਅਖਬਾਰ ਦੇ ਇਕ ਫੋਟੋਗ੍ਰਾਫਰ ਦੀ ਮੌਤ ਵੀ ਕਰੰਟ ਲੱਗਣ ਨਾਲ ਹੋਈ ਸੀ, ਜਿਸ ਦੇ ਬਾਅਦ ਤਾਰਾਂ ’ਤੇ ਟੇਪ ਲਾ ਕੇ ਵਿਭਾਗ ਨੇ ਖਾਨਾਪੂਰਤੀ ਕਰ ਦਿੱਤੀ। ਇਸੇ ਤਰ੍ਹਾਂ 10 ਜੁਲਾਈ 2020 ਨੂੰ ਬਾਰਿਸ਼ ਦੇ ਦਿਨਾਂ ਵਿਚ ਪੀਰ ਬੋਦਲਾਂ ਬਾਜ਼ਾਰ ਵਿਚੋਂ ਲੰਘ ਰਹੇ ਗੁਲਸ਼ਨ ਕੁਮਾਰ ਅਤੇ ਉਸ ਦੇ ਨਾਬਾਲਗ ਲੜਕੇ ਮੰਨਾ (11) ਦੀ ਪਾਣੀ ਵਿਚ ਟੁੱਟ ਕੇ ਡਿੱਗੀ ਹੋਈ ਬਿਜਲੀ ਦੀ ਤਾਰ ਕਾਰਨ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ। ਇਸ ਤਰ੍ਹਾਂ ਦੇ ਕਈ ਹਾਦਸੇ ਹੋਣ ਦੇ ਬਾਅਦ ਵੀ ਕੋਈ ਪੱਕਾ ਹੱਲ ਨਹੀਂ ਹੋ ਰਿਹਾ।
ਇਹ ਵੀ ਪੜ੍ਹੋ: ਅਹਿਮ ਖ਼ਬਰ: ਏਸ਼ੀਆ ਦੇ 11 ਤੇ ਅਫ਼ਰੀਕਾ ਦੇ 21 ਦੇਸ਼ਾਂ ’ਚ ਵੀਜ਼ਾ ਦੇ ਬਿਨਾਂ ਦਾਖ਼ਲ ਹੋ ਸਕਣਗੇ ਭਾਰਤੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮਾਈਨਿੰਗ 'ਤੇ ਪੰਜਾਬ ਸਰਕਾਰ ਨੇ ਤਿਆਰ ਕੀਤੀ ਪਹਿਲੀ ਵਿਸਤ੍ਰਿਤ ਰਿਪੋਰਟ, ਵਾਤਾਵਰਣ ਮੰਤਰਾਲੇ ਨੂੰ ਭੇਜੀ
NEXT STORY