ਕੋਟਕਪੂਰਾ, (ਨਰਿੰਦਰ)- ਕਿਸੇ ਵੀ ਸ਼ਹਿਰ ਦਾ ਬੱਸ ਅੱਡਾ ਉਸ ਸ਼ਹਿਰ ਦੀ ਤਸਵੀਰ ਬਣ ਕੇ ਲੋਕਾਂ ਸਾਹਮਣੇ ਆਉਂਦਾ ਹੈ ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਬਾਹਰੋਂ ਸ਼ਹਿਰ ’ਚ ਬੱਸਾਂ ਰਾਹੀਂ ਆਉਣ ਜਾਂ ਹੋਰ ਸ਼ਹਿਰਾਂ ਨੂੰ ਜਾਣ ਵੇਲੇ ਬੱਸ ਅੱਡਿਓਂ ਹੋ ਕੇ ਜਾਂਦੇ ਹਨ। ਬੱਸ ਸਟੈਂਡ ਦੀ ਚੰਗੀ ਜਾਂ ਮਾਡ਼ੀ ਹਾਲਤ ਨੂੰ ਵੇਖ ਕੇ ਹੀ ਲੋਕ ਉਸ ਸ਼ਹਿਰ ਦੀ ਸੁੰਦਰਤਾ ਪੱਖੋਂ ਸਥਿਤੀ ਦਾ ਅੰਦਾਜ਼ਾ ਵੀ ਲਾ ਲੈਂਦੇ ਹਨ ਪਰ ਇੱਥੇ ਬੱਸ ਸਟੈਂਡ ’ਤੇ ਰੋਜ਼ਾਨਾ ਆਉਣ-ਜਾਣ ਵਾਲੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਕੋਟਕਪੂਰਾ ਦੇ ਬੱਸ ਅੱਡੇ ਦੀ ਕੋਈ ਚੰਗੀ ਤਸਵੀਰ ਮਨ ਵਿਚ ਬਿਠਾ ਕੇ ਨਹੀਂ ਲੈ ਕੇ ਜਾਂਦੇ ਕਿਉਂਕਿ ਕੋਟਕਪੂਰਾ ਸ਼ਹਿਰ ਦੇ ਬੱਸ ਸਟੈਂਡ ਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਹੈ।
ਬਹੁਤ ਲੰਮੇ ਸਮੇਂ ਤੋਂ ਬੱਸ ਸਟੈਂਡ ਦੀ ਇਮਾਰਤ ਡਿੱਗੂੰ-ਡਿੱਗੂੰ ਕਰ ਰਹੀਂ ਹੈ। ਸਫਾਈ ਦਾ ਬਹੁਤ ਬੁਰਾ ਹਾਲ ਹੈ ਅਤੇ ਹੋਰ ਕਈ ਤਰ੍ਹਾਂ ਦੀਅਾਂ ਘਾਟਾਂ ਕਾਰਨ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ। ਬੱਸ ਸਟੈਂਡ ਦੀ ਇਸ ਦੁਰਦਸ਼ਾ ਤੋਂ ਜਿੱਥੇ ਯਾਤਰੀ ਪ੍ਰੇਸ਼ਾਨ ਹਨ, ਉੱਥੇ ਹੀ ਬੱਸ ਅਾਪ੍ਰੇਟਰ, ਬੱਸ ਚਾਲਕ, ਕੰਡਕਟਰ ਬੇਹੱਦ ਪ੍ਰੇਸ਼ਾਨ ਹਨ।
ਬੱਸ ਸਟੈਂਡ ਵਿਚ ਬਣੀ ਹੋਈ ਸਡ਼ਕ ਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਹੈ ਅਤੇ ਕਈ ਥਾਵਾਂ ’ਤੇ ਛੋਟੇ ਅਤੇ ਵੱਡੇ ਟੋਏ ਪੈ ਚੁੱਕੇ ਹਨ। ਸਡ਼ਕ ਦੀ ਮਾਡ਼ੀ ਹਾਲਤ ਅਤੇ ਟੋਇਅਾਂ ਕਾਰਨ ਬੱਸ ਚਾਲਕਾਂ ਨੂੰ ਆਉਣ-ਜਾਣ ਵੇਲੇ ਤਾਂ ਦਿੱਕਤ ਆਉਂਦੀ ਹੀ ਹੈ, ਇਸ ਦੇ ਨਾਲ ਬੱਸਾਂ ਦੇ ਟਾਇਰਾਂ ਆਦਿ ਨੂੰ ਵੀ ਨੁਕਸਾਨ ਪੁੱਜ ਰਿਹਾ ਹੈ ਅਤੇ ਬੱਸ ਅਾਪ੍ਰੇਟਰਾਂ ਨੂੰ ਆਰਥਕ ਨੁਕਸਾਨ ਝੱਲਣਾ ਪੈ ਰਿਹਾ ਹੈ।
ਪਾਣੀ ਤੇ ਹਵਾ ਦੇ ਨਾਕਸ ਪ੍ਰਬੰਧ
ਬੱਸ ਸਟੈਂਡ ਵਿਚ ਆਉਣ-ਜਾਣ ਵਾਲੇ ਯਾਤਰੀਆਂ ਲਈ ਇੱਥੇ ਪਾਣੀ ਅਤੇ ਹਵਾ ਆਦਿ ਦਾ ਕੋਈ ਸੁਚੱਜਾ ਪ੍ਰਬੰਧ ਨਹੀਂ ਹੈ। ਬੱਸ ਅਾਪ੍ਰੇਟਰਾਂ, ਚਾਲਕਾਂ ਅਤੇ ਮਿੰਨੀ ਬੱਸ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਇਕ ਦਾਨੀ ਸੱਜਣ ਵੱਲੋਂ ਪਾਣੀ ਠੰਡਾ ਕਰਨ ਲਈ ਮਸ਼ੀਨ ਲਵਾਈ ਗਈ ਸੀ, ਜੋ ਕਿ ਬੀਤੇ ਕਰੀਬ 3 ਮਹੀਨਿਆਂ ਤੋਂ ਖਰਾਬ ਪਈ ਹੈ। ਇੱਥੇ ਲੱਗਾ ਹੋਇਆ ਇਕੋ-ਇਕ ਨਲਕਾ ਵੀ ਪਿਛਲੇ 2 ਮਹੀਨਿਆਂ ਤੋਂ ਖਰਾਬ ਹੈ। ਭਾਵੇਂ ਯਾਤਰੀਆਂ ਲਈ ਇੱਥੇ 10 ਪੱਖੇ ਲੱਗੇ ਹੋਏ ਹਨ ਪਰ ਲੰਮੇ ਸਮੇਂ ਤੋਂ ਸਿਰਫ਼ 3 ਪੱਖੇ ਹੀ ਚੱਲ ਰਹੇ ਹਨ ਅਤੇ ਬਾਕੀ ਬੰਦ ਪਏ ਹਨ। ਇਸ ਤੋਂ ਇਲਾਵਾ ਬੈਠਣ ਲਈ ਲਾਈਆਂ ਗਈਆਂ ਸੀਟਾਂ ਦੀ ਹਾਲਤ ਵੀ ਖਸਤਾ ਹੋ ਚੁੱਕੀ ਹੈ।
ਬਾਹਰਲੇ ਰਸਤੇ ਵੀ ਹੋਏ ਖਰਾਬ
ਬੱਸ ਸਟੈਂਡ ਤੋਂ ਬਾਹਰ ਨਿਕਲਣ ਵਾਲੇ ਰਸਤਿਆਂ ਦੀ ਹਾਲਤ ਵੀ ਕਾਫੀ ਖਸਤਾ ਹੋ ਚੁੱਕੀ ਹੈ। ਬੱਸ ਸਟੈਂਡ ਦੇ ਟੈਕਸੀ ਸਟੈਂਡ ਵਾਲੇ ਪਾਸੇ ਤਾਂ ਸੜਕ ’ਚ ਕਾਫੀ ਵੱਡੇ ਟੋਏ ਪੈ ਚੁੱਕੇ ਹਨ ਅਤੇ ਸੀਵਰੇਜ ਦੇ ਮੈਨਹੋਲ ਕੋਲ ਪਏ ਵੱਡੇ ਟੋਏ ਕਾਰਨ ਇੱਥੋਂ ਲੰਘਣਾ ਵੀ ਮੁਸ਼ਕਲ ਹੋ ਰਿਹਾ ਹੈ। ਮੁੱਖ ਗੇਟ ਅੱਗਿਓਂ ਲੰਘਣ ਵਾਲੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟਰੈਫਿਕ ਪੁਲਸ ਵੱਲੋਂ ਬਾਕਾਇਦਾ ਬੈਰੀਕੇਡ ਲਾ ਕੇ ਨੈਸ਼ਨਲ ਹਾਈਵੇ-15 ਸਡ਼ਕ ਤੋਂ ਲੰਘਣ ਵਾਲੀ ਟਰੈਫਿਕ ਅਤੇ ਬੱਸ ਸਟੈਂਡ ਵਿਚੋਂ ਨਿਕਲਣ ਵਾਲੀਆਂ ਬੱਸਾਂ ਦੇ ਰਸਤਿਆਂ ਨੂੰ ਵੱਖ-ਵੱਖ ਕਰ ਦਿੱਤਾ ਗਿਆ ਸੀ ਪਰ ਹੁਣ ਇੱਥੇ ਵੱਡਾ ਟੋਇਆ ਪੈਣ ਕਾਰਨ ਬੈਰੀਕੇਡਾਂ ਨੂੰ ਵੀ ਹਟਾਉਣਾ ਪਿਆ, ਜਿਸ ਕਾਰਨ ਆਵਾਜਾਈ ਦੀ ਸਮੱਸਿਆ ਪੈਦਾ ਹੋ ਗਈ ਹੈ।
ਡਾਕ ਵਿਭਾਗ ਦੇ ਕਰਮਚਾਰੀਆਂ ਨੇ ਕਾਲੇ ਬਿੱਲੇ ਲਾ ਕੇ ਪ੍ਰਗਟਾਇਅਾ ਰੋਸ
NEXT STORY