ਹੁਸ਼ਿਆਰਪੁਰ, (ਘੁੰਮਣ)- ਜ਼ਿਲਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੇ 'ਸਮਰਪਣ ਪ੍ਰਾਜੈਕਟ' ਨੂੰ ਉਦੋਂ ਹੋਰ ਬਲ ਮਿਲਿਆ, ਜਦੋਂ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੀ 'ਸਮਰਪਣ' ਦੇ ਮੈਂਬਰ ਬਣ ਗਏ। ਪਿਛਲੇ ਦਿਨੀਂ ਹੁਸ਼ਿਆਰਪੁਰ ਜ਼ਿਲੇ ਦੇ ਦੌਰੇ ਦੌਰਾਨ ਕੈਬਨਿਟ ਮੰਤਰੀ ਨੂੰ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨੇ ਸਮਰਪਣ ਮੈਂਬਰਸ਼ਿਪ ਦੀ ਰਸੀਦ ਸੌਂਪੀ। ਇਸ ਮੌਕੇ ਸਮਰਪਣ ਪ੍ਰਾਜੈਕਟ ਦੀ ਸ਼ਲਾਘਾ ਕਰਦਿਆਂ ਸ੍ਰ. ਸਿੱਧੂ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤਾ ਗਿਆ ਇਹ ਪ੍ਰਾਜੈਕਟ ਲਾਮਿਸਾਲ ਹੈ। ਉਨ੍ਹਾਂ ਕਿਹਾ ਕਿ ਦਾਨੀ-ਸੱਜਣਾਂ ਦੇ ਸਹਿਯੋਗ ਨਾਲ ਕੀਤੇ ਜਾਂਦੇ ਅਜਿਹੇ ਉਪਰਾਲਿਆਂ ਨਾਲ ਸਮਾਜਿਕ ਤੰਦਾਂ ਹੋਰ ਮਜ਼ਬੂਤ ਹੁੰਦੀਆਂ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਦੀ ਅਗਵਾਈ ਵਾਲੇ ਜ਼ਿਲਾ ਪ੍ਰਸ਼ਾਸਨ ਹੁਸ਼ਿਆਰਪੁਰ ਦੀ ਤਾਰੀਫ ਕਰਦਿਆਂ ਕਿਹਾ ਕਿ 'ਸਮਰਪਣ ਪ੍ਰਾਜੈਕਟ' ਸੂਬੇ ਵਿਚੋਂ ਇਕ ਨਿਵੇਕਲੀ ਪਹਿਲ ਹੈ।
ਜ਼ਿਕਰਯੋਗ ਹੈ ਕਿ ਜ਼ਿਲਾ ਪ੍ਰਸ਼ਾਸਨ ਹੁਸ਼ਿਆਰਪੁਰ ਵੱਲੋਂ ਸ਼ੁਰੂ ਕੀਤੇ ਗਏ 'ਸਮਰਪਣ ਪ੍ਰਾਜੈਕਟ' ਨੂੰ ਦਿਨੋ-ਦਿਨ ਕਾਮਯਾਬੀ ਮਿਲ ਰਹੀ ਹੈ, ਜਿਸ ਸਦਕਾ ਹੁਣ ਤੱਕ 15 ਹਜ਼ਾਰ ਤੋਂ ਵੱਧ ਦਾਨੀ-ਸੱਜਣ ਸਮਰਪਣ ਦੇ ਮੈਂਬਰ ਬਣ ਚੁੱਕੇ ਹਨ। ਇਨ੍ਹਾਂ ਮੈਂਬਰਾਂ ਵਿਚ ਜਿੱਥੇ ਐੱਨ. ਆਰ. ਆਈਜ਼, ਮੰਤਰੀ, ਹਲਕਾ ਵਿਧਾਇਕ, ਪੱਤਰਕਾਰ ਸ਼ਾਮਿਲ ਹਨ, ਉਥੇ ਆਮ ਜਨਤਾ, ਅਧਿਆਪਕ ਵਰਗ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਾਚਾਰੀ ਵੀ ਸ਼ਾਮਿਲ ਹਨ।
ਡਿਪਟੀ ਕਮਿਸ਼ਨਰ ਸ੍ਰੀ ਉੱਜਵਲ ਨੇ ਕੈਬਨਿਟ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਾਨੀ-ਸੱਜਣਾਂ ਦੇ ਸਹਿਯੋਗ ਨਾਲ 'ਸਮਰਪਣ' ਰਾਹੀਂ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 15 ਹਜ਼ਾਰ ਤੋਂ ਵੱਧ ਦਾਨੀ-ਸੱਜਣ 'ਸਮਰਪਣ' ਦੇ ਮੈਂਬਰ ਬਣ ਚੁੱਕੇ ਹਨ ਅਤੇ ਇਹ ਪ੍ਰਾਜੈਕਟ ਇਕ ਜਨ ਮੁਹਿੰਮ ਦਾ ਰੂਪ ਧਾਰ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੇ ਸਹਿਯੋਗ ਨਾਲ ਵੱਧ ਤੋਂ ਵੱਧ ਮੈਂਬਰ ਬਣਾਏ ਜਾ ਰਹੇ ਹਨ ਅਤੇ ਦਾਨੀ-ਸੱਜਣਾਂ ਦੇ ਸਹਿਯੋਗ ਸਦਕਾ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾਵੇਗੀ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਦਾਨੀ ਸੱਜਣ 'ਸਮਰਪਣ' ਤਹਿਤ ਰੋਜ਼ਾਨਾ ਇਕ ਰੁਪਏ ਦੇ ਹਿਸਾਬ ਨਾਲ 365 ਰੁਪਏ ਦਾ ਯੋਗਦਾਨ ਪਾ ਸਕਦੇ ਹਨ। ਉਧਰ ਦਾਨੀ-ਸੱਜਣਾਂ ਨੇ ਵੀ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਇਹ ਉਪਰਾਲਾ ਬਹੁਤ ਹੀ ਵਧੀਆ ਹੈ, ਕਿਉਂਕਿ ਇਕ ਦਿਨ ਦੇ ਇਕ ਰੁਪਏ ਦੇ ਹਿਸਾਬ ਨਾਲ ਸਾਲ ਦੇ ਕੇਵਲ 365 ਰੁਪਏ ਦਾਨ ਕਰਨ ਨਾਲ ਹੀ ਸਮਰਪਣ ਨਾਲ ਜੁੜਿਆ ਜਾ ਸਕਦਾ ਹੈ।
ਆਂਦਰੇ ਰਸੇਲ ਨੇ ਜਲੰਧਰ ਦੇ ਖੇਡ ਸਾਮਾਨ ਬਾਜ਼ਾਰ ਦਾ ਕੀਤਾ ਦੌਰਾ
NEXT STORY