ਭਵਾਨੀਗੜ੍ਹ (ਵਿਕਾਸ)}— 5178 ਮਾਸਟਰ ਕਾਡਰ ਅਧਿਆਪਕ ਯੂਨੀਅਨ ਨੇ 20 ਤੋਂ 28 ਮਾਰਚ ਤੱਕ ਪੰਜਾਬ ਵਿਧਾਨ ਸਭਾ 'ਚ ਚੱਲਣ ਵਾਲੇ ਬਜਟ ਇਜਲਾਸ ਦੌਰਾਨ ਸੂਬਾ ਭਰ ਦੇ ਸਕੂਲਾਂ 'ਚ ਕਾਲੇ ਬਿੱਲੇ ਲਗਾ ਕੇ ਡਿਊਟੀ ਕਰਨ ਦਾ ਐਲਾਨ ਕੀਤਾ ਹੈ । ਇਸ ਸਬੰਧੀ ਯੂਨੀਅਨ ਦੇ ਸੂਬਾ ਪ੍ਰਧਾਨ ਇੰਦਰਜੀਤ ਮਲੇਰਕੋਟਲਾ ਅਤੇ ਜ਼ਿਲਾ ਪ੍ਰਧਾਨ ਕਰਨਜੀਤ ਸਿੰਘ ਨਦਾਮਪੁਰ ਨੇ ਦੱਸਿਆ ਕਿ ਅੱਜ ਸਕੂਲਾਂ 'ਚ ਅਧਿਆਪਕਾਂ ਨੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਕਾਲੇ ਬਿੱਲੇ ਅਤੇ ਸਿਰ ਤੇ ਕਾਲੀਆਂ ਪੱਟੀਆਂ ਬੰਨ ਕੇ ਰੋਸ ਪ੍ਰਦਰਸ਼ਨ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ । ਅਧਿਆਪਕ ਆਗੂਆਂ ਨੇ ਦੱਸਿਆ ਕਿ 5178 ਅਧਿਆਪਕ ਨਵੰਬਰ 2014 'ਚ ਸਿੱਖਿਆ ਵਿਭਾਗ ਦੀਆਂ ਮਨਜੂਰ ਸ਼ੁਦਾ ਪੋਸਟਾਂ 'ਤੇ ਨਾਂ ਮਾਤਰ 6 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਨਿਗੁਣੀ ਤਨਖਾਹ 'ਤੇ ਭਰਤੀ ਹੋਏ ਸਨ ਅਤੇ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਅਨੁਸਾਰ ਤਿੰਨ ਸਾਲ ਬਾਅਦ ਪੂਰੀ ਤਨਖਾਹ ਤੇ ਰੈਗੂਲਰ ਕੀਤੇ ਜਾਣੇ ਸਨ ਪਰ 4 ਮਹੀਨੇ ਉੱਪਰ ਲੰਘਣ ਦੇ ਬਾਵਜੂਦ ਵੀ ਸੂਬਾ ਸਰਕਾਰ ਇਨ੍ਹਾਂ ਅਧਿਆਪਕਾਂ ਨੂੰ ਰੈਗੁਲਰ ਨਹੀਂ ਕਰ ਰਹੀ । ਸਗੋਂ ਇਸਦੇ ਉੱਲਟ ਸੂਬਾ ਸਰਕਾਰ ਨੇ ਅਧਿਆਪਕ ਯੂਨੀਅਨ ਦੇ ਸੰਘਰਸ਼ ਨੂੰ ਦਬਾਉਣ ਲਈ ਸਟੇਟ ਬਾਡੀ ਦੇ ਮੈਂਬਰਾਂ 'ਤੇ ਝੂਠੇ ਪੁਲਸ ਕੇਸ ਪਾਉਣ ਦੇ ਨਾਲ-ਨਾਲ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਦੇ ਨੋਟਿਸ ਤੱਕ ਜਾਰੀ ਕਰ ਦਿੱਤੇ ਹਨ । ਅਧਿਆਪਕ ਯੂਨੀਅਨ ਆਗੂਆਂ ਨੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਯੂਨੀਅਨ ਦਾ ਇਕ-ਇਕ ਅਧਿਆਪਕ ਰੈਗੂਲਰ ਨਹੀਂ ਹੋ ਜਾਂਦਾ ਉਹ ਸੰਘਰਸ਼ ਦਾ ਰਾਹ ਨਹੀਂ ਛੱਡਣਗੇ । ਨਾਲ ਹੀ ਉਨ੍ਹਾਂ ਅਧਿਆਪਕਾਂ 'ਤੇ ਪਾਏ ਝੂਠੇ ਪਰਚੇ ਰੱਦ ਕਰਨ ਅਤੇ ਨੋਟਿਸ ਵਾਪਿਸ ਲੈਣ ਦੀ ਮੰਗ ਕੀਤੀ ।
ਪੰਜਾਬ-ਹਰਿਆਣਾ ਗਰਲਜ਼ ਕਬੱਡੀ ਕੱਪ 28 ਨੂੰ
NEXT STORY