ਜਲੰਧਰ(ਧਵਨ)-ਪੰਜਾਬ ਦੇ ਬਾਰਡਰ ਏਰੀਏ ਦੇ ਕਾਂਗਰਸੀ ਵਿਧਾਇਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਕੇ ਗੁਰਦਾਸਪੁਰ ਸੀਟ ਲਈ ਹੋਣ ਵਾਲੀ ਉਪ ਚੋਣ 'ਚ ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ ਨੂੰ ਚੋਣ ਮੈਦਾਨ 'ਚ ਉਤਾਰਨ ਦੀ ਮੰਗ ਕੀਤੀ ਹੈ। ਵਿਨੋਦ ਖੰਨਾ ਦੇ ਦਿਹਾਂਤ ਕਾਰਨ ਇਹ ਸੀਟ ਖਾਲੀ ਹੋਈ ਹੈ। ਸੱਤਾਧਾਰੀ ਕਾਂਗਰਸ ਇਸ ਉਪ ਚੋਣ ਲਈ ਕਿਸੇ ਮਜ਼ਬੂਤ ਉਮੀਦਵਾਰ ਦੀ ਭਾਲ 'ਚ ਹੈ। ਕਾਂਗਰਸੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਕਾਂਗਰਸ ਨੇ ਅਜੇ ਤਕ ਆਪਣੇ ਸੰਭਾਵਤ ਉਮੀਦਵਾਰ ਬਾਰੇ ਕੋਈ ਫੈਸਲਾ ਨਹੀਂ ਕੀਤਾ। ਸੂਤਰ ਦੱਸਦੇ ਹਨ ਕਿ ਪ੍ਰਤਾਪ ਸਿੰਘ ਬਾਜਵਾ ਇਸ ਸੀਟ ਤੋਂ ਆਪਣੀ ਪਤਨੀ ਲਈ ਟਿਕਟ ਦੇ ਇੱਛੁਕ ਹਨ। ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਇਥੋਂ ਚੋਣ ਲੜਨਾ ਚਾਹੁੰਦੇ ਹਨ। ਕੁਝ ਹਲਕਿਆਂ ਵਿਚ ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਦਾ ਨਾਂ ਵੀ ਲਿਆ ਜਾ ਰਿਹਾ ਹੈ। ਗੁਰਦਾਸਪੁਰ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਬਾਰੇ ਪਾਰਟੀ ਨੇ ਅਜੇ ਤੱਕ ਕੋਈ ਰਸਮੀ ਚਰਚਾ ਨਹੀਂ ਕੀਤੀ। ਕੈਪਟਨ ਅਮਰਿੰਦਰ ਸਿੰਘ ਸਭ ਕਾਂਗਰਸੀ ਆਗੂਆਂ ਅਤੇ ਵਿਧਾਇਕਾਂ ਦੀ ਰਾਏ ਲੈ ਰਹੇ ਹਨ। ਸਭ ਕਾਂਗਰਸੀ ਨੇਤਾ ਮੁੱਖ ਮੰਤਰੀ ਨੂੰ ਮਜ਼ਬੂਤ ਉਮੀਦਵਾਰ ਨੂੰ ਟਿਕਟ ਦੇਣ ਦੀ ਵਕਾਲਤ ਰਹੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਵੀ ਕਈ ਆਗੂਆਂ ਨੇ ਮੁਲਾਕਾਤ ਕਰ ਕੇ ਪ੍ਰਨੀਤ ਕੌਰ ਨੂੰ ਟਿਕਟ ਦੇਣ ਦੀ ਵਕਾਲਤ ਕੀਤੀ ਹੈ। ਪ੍ਰਨੀਤ ਕੌਰ ਹੁਣ ਤੱਕ ਪਟਿਆਲਾ ਹਲਕੇ ਤੋਂ ਲੋਕ ਸਭਾ ਦੀ ਪ੍ਰਤੀਨਿਧਤਾ ਕਰਦੀ ਆ ਰਹੀ ਹੈ। ਹੁਣ ਦੇਖਣਾ ਇਹ ਹੈ ਕਿ ਕਾਂਗਰਸੀ ਵਿਧਾਇਕਾਂ ਦੀ ਮੰਗ 'ਤੇ ਉਹ ਗੁਰਦਾਸਪੁਰ ਤੋਂ ਉਪ ਚੋਣ ਲੜਨ ਲਈ ਤਿਆਰ ਹੁੰਦੀ ਹੈ ਜਾਂ ਨਹੀਂ। ਸੁਨੀਲ ਜਾਖੜ ਅਤੇ ਕਾਂਗਰਸੀ ਵਿਧਾਇਕ ਸੁਖਜਿੰਦਰ ਰੰਧਾਵਾ ਪਹਿਲਾਂ ਹੀ ਇਹ ਕਹਿ ਚੁੱਕੇ ਹਨ ਕਿ ਉਹ ਚੋਣ ਲੜਨ ਦੇ ਇੱਛੁਕ ਨਹੀਂ।
ਕੈਪਟਨ ਜਲਦੀ ਰਾਹੁਲ ਨਾਲ ਕਰਨਗੇ ਚਰਚਾ
ਕੈਪਟਨ ਅਮਰਿੰਦਰ ਸਿੰਘ ਗੁਰਦਾਸਪੁਰ ਸੀਟ ਤੋਂ ਕਾਂਗਰਸੀ ਉਮੀਦਵਾਰ ਬਾਰੇ ਜਲਦੀ ਹੀ ਰਾਹੁਲ ਨਾਲ ਚਰਚਾ ਕਰਨਗੇ। ਉਸ ਤੋਂ ਪਹਿਲਾਂ ਉਹ ਸੁਨੀਲ ਜਾਖੜ ਅਤੇ ਹੋਰਨਾਂ ਆਗੂਆਂ ਨਾਲ ਬੈਠਕ ਕਰ ਕੇ ਸੂਬਾ ਪੱਧਰ 'ਤੇ ਸੰਭਾਵਿਤ ਉਮੀਦਵਾਰਾਂ ਬਾਰੇ ਫੈਸਲਾ ਲੈਣਗੇ। ਕੈਪਟਨ ਵਲੋਂ ਸੰਭਾਵਿਤ ਉਮੀਦਵਾਰਾਂ ਬਾਰੇ ਜੋ ਫੈਸਲਾ ਲਿਆ ਜਾਵੇਗਾ, ਉਸ 'ਤੇ ਰਾਹੁਲ ਮੋਹਰ ਲਾ ਦੇਣਗੇ।
ਅਕਤੂਬਰ ਦੇ ਸ਼ੁਰੂ 'ਚ ਹੋ ਸਕਦੀ ਹੈ ਉਪ ਚੋਣ
ਗੁਰਦਾਸਪੁਰ ਦੀ ਉਪ ਚੋਣ ਬਾਰੇ ਚੋਣ ਕਮਿਸ਼ਨ ਵਲੋਂ ਆਉਂਦੇ 10 ਦਿਨਾਂ ਅੰਦਰ ਐਲਾਨ ਕੀਤਾ ਜਾਵੇਗਾ। ਮੰਨਿਆ ਜਾਂਦਾ ਹੈ ਕਿ ਚੋਣ ਅਕਤੂਬਰ ਦੇ ਸ਼ੁਰੂ ਵਿਚ ਹੋ ਸਕਦੀ ਹੈ। ਇਸ ਪੱਖੋਂ ਸਤੰਬਰ ਦੇ ਪਹਿਲੇ ਹਫਤੇ ਹੀ ਚੋਣ ਪ੍ਰੋਗਰਾਮ ਦਾ ਐਲਾਨ ਹੋ ਜਾਣ ਦੇ ਆਸਾਰ ਹਨ। ਵਿਨੋਦ ਖੰਨਾ ਦਾ ਦਿਹਾਂਤ ਇਸ ਸਾਲ ਅਪ੍ਰੈਲ ਦੇ ਆਖਰੀ ਹਫਤੇ ਹੋਇਆ ਸੀ। ਇਸ ਲਈ ਸੰਵਿਧਾਨਿਕ ਪੱਖੋਂ ਅਕਤੂਬਰ ਦੇ ਅੰਤ ਤੱਕ ਚੋਣ ਕਰਵਾਉਣੀ ਜ਼ਰੂਰੀ ਹੈ।
ਅਲਕੋਹਲ ਤੋਂ ਬਣਾਈ ਸ਼ਰਾਬ ਦੇ ਧੰਦੇਬਾਜ਼ ਕਾਬੂ
NEXT STORY