ਚੰਡੀਗੜ੍ਹ(ਅਸ਼ਵਨੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਨਸ਼ਿਆਂ ਖ਼ਿਲਾਫ ਲੜਾਈ ਵਿਚ ਕਿਸੇ ਵੀ ਸਿਆਸੀ ਪਾਰਟੀ ਦੇ ਸਹਿਯੋਗ ਨੂੰ ਠੁਕਰਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਅਜਿਹੇ ਹੰਕਾਰੀ ਰਾਜੇ ਵਾਂਗ ਵਰਤਾਓ ਕਰ ਰਿਹਾ ਹੈ, ਜੋ ਕੋਈ ਗਲਤੀ ਕਰ ਹੀ ਨਾ ਸਕਦਾ ਹੋਵੇ। ਜਦਕਿ ਹਾਲਾਤ ਇਹ ਹਨ ਕਿ ਮੁੱਖ ਮੰਤਰੀ ਦੀ ਨਸ਼ਿਆਂ ਖਿਲਾਫ ਕਾਰਵਾਈ ਕਰਨ ਵਿਚ ਨਾਕਾਮੀ ਪੰਜਾਬ ਨੂੰ ਇੱਕ ਡੂੰਘੀ ਖੱਡ ਵੱਲ ਧੱਕ ਰਹੀ ਹੈ। ਇੱਥੇ ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਵਰ੍ਹਦਿਆਂ ਕਿਹਾ ਕਿ ਪਿਛਲੇ ਇਕ ਹਫ਼ਤੇ ਤੋਂ ਮੈਂ ਖੁਦ ਨੂੰ ਸ਼ਾਂਤ ਰੱਖਿਆ ਹੈ ਅਤੇ ਕੋਸ਼ਿਸ਼ ਕੀਤੀ ਹੈ ਕਿ ਠੋਸ ਕਾਰਵਾਈ ਕਰਨ ਵਾਸਤੇ ਤੁਹਾਨੂੰ ਕੁੰਭਕਰਨੀ ਨੀਂਦ ਤੋਂ ਜਗਾਇਆ ਜਾਵੇ ਪਰ ਕਾਰਵਾਈ ਕਰਨ ਦੀ ਥਾਂ ਤੁਸੀਂ ਇਸ ਮਸਲੇ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਡੋਪ ਟੈਸਟਾਂ ਵਰਗੀ ਸਟੰਟਬਾਜ਼ੀ ਸ਼ੁਰੂ ਕਰ ਦਿੱਤੀ। ਤੁਸੀਂ ਖੁਦ ਵੀ ਆਪਣਾ ਡੋਪ ਟੈਸਟ ਕਰਵਾਉਣ ਦੀ ਪੇਸ਼ਕਸ਼ ਕਰ ਦਿੱਤੀ ਹੈ, ਬਿਨਾਂ ਇਹ ਸਮਝੇ ਕਿ ਦੁਨੀਆ ਭਰ ਦੇ ਪੰਜਾਬੀਆਂ ਵਿਚ ਇਸ ਦਾ ਇਹ ਸੁਨੇਹਾ ਜਾਵੇਗਾ ਕਿ ਤੁਸੀਂ ਵੀ ਇੱਕ ਸ਼ੱਕੀ ਹੋ । ਤੁਸੀਂ ਅਜਿਹੀ ਸਟੰਟਬਾਜ਼ੀ ਵਿਚ ਸਾਡੀਆਂ ਭੈਣਾਂ ਅਤੇ ਮਾਵਾਂ ਨੂੰ ਵੀ ਘੜੀਸ ਲਿਆ ਹੈ, ਬਿਨਾਂ ਇਹ ਜਾਣੇ ਕਿ ਅਜਿਹੀ ਕਾਰਵਾਈ ਨਾਲ ਅਸਲੀ ਮੁਜਰਮ ਬਚ ਕੇ ਨਿਕਲ ਜਾਣਗੇ। ਮੁੱਖ ਮੰਤਰੀ ਨੂੰ ਇਹ ਸਮਝਾਉਂਦਿਆਂ ਕਿ ਉਸ ਨੂੰ ਉਨ੍ਹਾਂ ਧਿਰਾਂ ਵੱਲ ਉਂਗਲੀ ਨਹੀਂ ਉਠਾਉਣੀ ਚਾਹੀਦੀ, ਜਿਹੜੀਆਂ ਪੰਜਾਬ ਅਤੇ ਪੰਜਾਬੀਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਇਸ ਦੀ ਬਜਾਇ ਤੁਹਾਨੂੰ ਇਸ ਗੱਲ ਬਾਰੇ ਸੋਚਣਾ ਚਾਹੀਦਾ ਹੈ ਕਿ ਮੌਜੂਦਾ ਹਾਲਾਤ ਪੈਦਾ ਕਿਵੇਂ ਹੋਏ। ਉਨ੍ਹਾਂ ਕਿਹਾ ਕਿ ਇਹ ਤੁਹਾਡੀ ਪਾਰਟੀ ਦਾ ਪ੍ਰਧਾਨ ਰਾਹੁਲ ਗਾਂਧੀ ਹੈ, ਜਿਸ ਨੇ ਝੂਠਾ ਬਿਆਨ ਦਿੱਤਾ ਸੀ ਕਿ 70 ਫੀਸਦੀ ਪੰਜਾਬੀ ਗੱਭਰੂ ਨਸ਼ੇੜੀ ਹਨ। ਸੂਬੇ ਦੀ ਭਲਾਈ ਨੂੰ ਧਿਆਨ ਵਿਚ ਰੱਖਦਿਆਂ ਅਜਿਹੇ ਗਲਤ ਪ੍ਰਭਾਵ ਨੂੰ ਦਰੁਸਤ ਕਰਨ ਦੀ ਥਾਂ ਤੁਸੀਂ ਨਾ ਸਿਰਫ ਇਸ ਉੱਤੇ ਆਪਣੀ ਮੋਹਰ ਲਾ ਦਿੱਤੀ, ਸਗੋਂ ਇਸ ਦਾ ਅਗਾਂਹ ਵੀ ਪ੍ਰਚਾਰ ਕੀਤਾ। ਤੁਸੀਂ ਉਸ ਸਮੇਂ ਅਜਿਹੀ ਸਿਆਸੀ ਮੌਕਾਪ੍ਰਸਤੀ ਦਾ ਮੁਜ਼ਾਹਰਾ ਕਿਉਂ ਕੀਤਾ ਅਤੇ ਅਕਾਲੀ-ਭਾਜਪਾ ਸਰਕਾਰ ਨੂੰ ਇਸ ਲੜਾਈ ਖ਼ਿਲਾਫ ਆਪਣਾ ਸਹਿਯੋਗ ਦੇਣ ਦੀ ਪੇਸ਼ਕਸ਼ ਕਿਉਂ ਨਹੀਂ ਕੀਤੀ ਜਿਵੇਂ ਕਿ ਮੈਂ ਹੁਣ ਕੀਤੀ ਹੈ? ਅਮਰਿੰਦਰ ਨੂੰ ਇਹ ਚੇਤੇ ਕਰਵਾਉਂਦਿਆਂ ਕਿ ਉਸ ਨੇ ਹੱਥ ਵਿਚ ਪਵਿੱਤਰ ਗੁਟਕਾ ਫੜ ਕੇ ਸਹੁੰ ਖਾਧੀ ਸੀ ਕਿ ਸੱਤਾ ਸੰਭਾਲਣ ਮਗਰੋਂ ਚਾਰ ਹਫਤਿਆਂ ਅੰਦਰ ਪੰਜਾਬ ਨੂੰ ਨਸ਼ਾ-ਮੁਕਤ ਕਰ ਦਿਆਂਗਾ, ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਗੱਲ ਬਿਲਕੁੱਲ ਸਾਫ ਹੈ ਕਿ ਤੁਸੀਂ ਆਪਣਾ ਵਾਅਦਾ ਪੂਰਾ ਕਰਨ ਵਿਚ ਨਾਕਾਮ ਹੋ ਗਏ ਹੋ। ਹੁਣ ਜਦੋਂ ਅਕਾਲੀ ਦਲ ਨੇ ਇਸ ਕੰਮ 'ਚ ਤੁਹਾਨੂੰ ਸਹਿਯੋਗ ਦੀ ਪੇਸ਼ਕਸ਼ ਕੀਤੀ ਹੈ ਤਾਂ ਤੁਸੀਂ ਇਸ ਨੂੰ ਸੰਜੀਦਗੀ ਨਾਲ ਨਹੀਂ ਲੈ ਰਹੇ।
ਦਿਨ-ਦਿਹਾੜੇ ਘਰ ’ਚ ਦਾਖਲ ਹੋ ਕੇ ਕਿੰਨਰ ’ਤੇ ਚਲਾਈ ਗੋਲੀ
NEXT STORY